ਹਾਏ ਮੁਰਦੇ ਬਣੇ ਸਮੱਸਿਆ

-ਨੂਰ ਸੰਤੋਖਪੁਰੀ
ਲਓ, ਕਰ ਲਓ ਗੱਲ। ਕਰ ਲਓ ਮੁਰਦਿਆਂ ਦੀ ਗੱਲ। ਇਹ ਸ਼ਾਇਦ ਪਹਿਲਾਂ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਹੋਣਾ ਕਿ ਮੁਰਦੇ ਵੀ ਕਦੀ ਕੋਈ ਸਮੱਸਿਆ, ਮੁਸੀਬਤ ਪੈਦਾ ਕਰ ਸਕਦੇ ਹਨ। ਟੰਟਾ ਖੜ੍ਹਾ ਕਰ ਸਕਦੇ ਹਨ। ਇਥੇ ਪਹਿਲਾਂ ਜਿਊਂਦੇ ਲੋਕਾਂ ਦੀ ਬੇਹੱਦ ਵਧਦੀ ਜਾ ਰਹੀ ਆਬਾਦੀ ਦਾ ਰੋਣਾ ਰੋਇਆ ਜਾਂਦਾ ਰਿਹਾ। ਹੁਣ ਵੀ ਰੋਇਆ ਜਾਂਦਾ ਹੈ। ਰੋਣਾ ਇਹ ਰੋਇਆ ਜਾਂਦਾ ਹੈ ਕਿ ਦੁਨੀਆ ਵਿੱਚ ਇਸ ਵਕਤ ਤਕਰੀਬਨ ਸੱਤ ਅੱਠ ਅਰਬ ਜਿਊਂਦੇ ਵਿਅਕਤੀਆਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਜਿਸ ਤੇਜ਼ੀ ਨਾਲ ਆਬਾਦੀ ਵਧਾਉਣ ਦਾ ਕੰਮ ਜਾਰੀ ਹੈ, ਉਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਉਂਦੇ ਕੁਝ ਕੁ (ਪੰਜ ਸੱਤ) ਸਾਲਾਂ ਵਿੱਚ ਧਰਤੀ ਉੱਤੇ ਦਸ ਗਿਆਰਾਂ ਅਰਬ ਜਿਊਂਦੇ ਲੋਕਾਂ ਦਾ ਬੋਝ ਪੈ ਜਾਵੇਗਾ।
ਵਰਤਮਾਨ ਸਮੇਂ ਵਿੱਚ ਸਭ ਨੂੰ ਢਿੱਡ ਭਰ ਕੇ ਖਾਣਾ, ਪਹਿਨਣ ਲਈ ਕੱਪੜੇ-ਲੀੜੇ, ਪੀਣ ਲਈ ਸਾਫ ਸੁਥਰਾ ਪਾਣੀ, ਰਹਿਣ ਸਹਿਣ ਲਈ ਘਰ ਹਾਸਲ ਕਰਾਉਣੇ ਤੇ ਹਰੇਕ ਨੂੰ ਰੋਜ਼ਗਾਰ ਦੇਣਾ, ਸਿਹਤ ਸਹੂਲਤਾਂ ਦੇਣੀਆਂ, ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਆਦਿ ਵਰਗੇ ਕੰਮ ਬਹੁਤ ਸਾਰੇ ਦੇਸ਼ਾਂ ਲਈ ਵੱਡੀ ਸਮੱਸਿਆ ਬਣੇ ਹੋਏ ਹਨ… ਤੇ ਜਿਸ ਤੇਜ਼ੀ ਨਾਲ ਮੁਰਦਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਉਸ ਹਿਸਾਬ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕਰਨਾ ਇੱਕ ਮੁਸੀਬਤ ਜਾਂ ਪ੍ਰੇਸ਼ਾਨੀ ਹੀ ਨਹੀਂ, ਚੁਣੌਤੀ ਬਣਦਾ ਜਾਂਦਾ ਹੈ। ਯਾਨਿ ਜਿਨ੍ਹਾਂ ਨੂੰ ਰੋ-ਰੋ ਕੇ ਅੰਤਿਮ ਵਿਦਾਇਗੀ ਦਿੱਤੀ ਜਾਣੀ ਹੁੰਦੀ ਹੈ, ਉਨ੍ਹਾਂ ਨੇ ਮੁਸੀਬਤ ਪੈਦਾ ਕਰਨੀ ਹੁੰਦੀ ਹੈ। ਜੇ ਕੁਰਬਲ ਕੁਰਬਲ ਕਰਦੇ ਜਿਊਂਦੇ ਲੋਕਾਂ ਨੂੰ ਸੰਭਾਲਣਾ ਔਖਾ ਹੋਇਆ ਹੈ ਤਾਂ ਮੁਰਦਿਆਂ ਨੂੰ ਦਫਨਾਉਣਾ, ਅਗਨ-ਭੇਟ ਕਰਨਾ, ਉਨ੍ਹਾਂ ਦੀਆਂ ਅਸਥੀਆਂ ਨੂੰ ਸਾਂਭਣਾ ਵੀ ਡਾਢਾ ਔਖਾ ਹੋਇਆ ਹੈ।
ਇਹ ਵੀ ਸ਼ਾਇਦ ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਜਿਊਂਦੇ ਜੀਅ ਰਹਿਣ ਨੂੰ ਜ਼ਮੀਨ ਓਨੀ ਮਹਿੰਗੀ ਨਹੀਂ ਹੋਵੇਗੀ, ਜਿੰਨੀ ਜ਼ਿਆਦਾ ਮਹਿੰਗੀ ਮਰਨ ਤੋਂ ਬਾਅਦ ਸਦਾ ਦੀ ਨੀਂਦ ਸੌਣ ਵਾਸਤੇ ਹੋ ਜਾਵੇਗੀ। ਦੋ ਗਜ਼ ਜ਼ਮੀਨ ਦਾ ਭਾਅ ਅਸਮਾਨ ਉੱਤੇ ਚੜ੍ਹੇਗਾ। ਜਿਸ ਦੇਸ਼ ਵਿੱਚ ਰਹਿਣ ਲਈ ਜਗ੍ਹਾ ਬਹੁਤ ਮੁਸ਼ਕਲ ਨਾਲ ਮਿਲਦੀ ਹੋਵੇ, ਉਸ ਵਿੱਚ ਮੁਰਦੇ ਦਫਨਾਉਣ ਲਈ ਜਗ੍ਹਾ ਦਾ ਭਾਵ ਕਬਰਾਂ ਦੀ ਜਗ੍ਹਾ ਦਾ ਇੰਤਜ਼ਾਮ ਕਰਨਾ ਕਿੰਨਾ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ, ਇਸ ਬਾਰੇ ਸੋਚਦਿਆਂ ਕੰਨਾਂ ਨੂੰ ਹੱਥ ਲਾਉਣੇ ਪੈ ਜਾਂਦੇ ਹਨ।
ਧਰਤੀ ਉੱਤੇ ਲਾਸ਼ਾਂ ਦਾ ਭਾਰ ਇਸ ਤਰ੍ਹਾਂ ਵਧਦਾ ਜਾ ਰਿਹਾ ਹੈ ਕਿ ਅੱਜ ਬਹੁਤ ਸਾਰੇ ਮਹਾਨਗਰਾਂ ਵਿੱਚ ਮੁਰਦਿਆਂ ਨੂੰ ਦਫਨਾਉਣ ਵਾਸਤੇ ਜਗ੍ਹਾ ਹੀ ਨਹੀਂ ਰਹਿ ਗਈ। ਦਿੱਲੀ ਹੋਵੇ ਜਾਂ ਲੰਡਨ, ਨਿਊ ਯਾਰਕ ਹੋਵੇ ਜਾਂ ਯੇਰੂਸ਼ਲਮ ਜਾਂ ਕੋਈ ਵੀ ਹੋਰ ਵੱਡਾ ਸ਼ਹਿਰ (ਮਹਾਨਗਰ) ਹੋਵੇ, ਸਭ ਦਾ ਇਹੀ ਹਾਲ ਹੈ। ਮੁਰਦਿਆਂ ਨੂੰ ਸਾਂਭਣ ਦਾ ਸਵਾਲ ਹੈ।
ਅਜੋਕੇ ਸਮੇਂ ਵਿੱਚ ਇੱਕ ਜਿਊਂਦੇ ਇਨਸਾਨ ਪਿੱਛੇ, ਯਾਨਿ ਉਹਦੇ ਪੈਰਾਂ ਥੱਲੇ 30 ਲਾਸ਼ਾਂ ਧਰਤੀ ਵਿੱਚ ਹਨ। ਗਰੀਸ ਵਰਗੇ ਛੋਟੇ ਦੇਸ਼ ਵਿੱਚ ਆਪਣਿਆਂ ਨੂੰ ਸਪੁਰਦ-ਏ-ਖਾਕ ਕਰਨ ਵਾਸਤੇ ਲੋਕਾਂ ਨੂੰ ਜਗ੍ਹਾ ਨਹੀਂ ਲੱਭ (ਮਿਲ) ਰਹੀ। ਇਸ ਲਈ ਉਥੇ ਮੋਇਆਂ ਨੂੰ ਬੇਚੈਨ ਕਰਦੇ ਹੋਏ ਪੁਰਾਣੀਆਂ ਕਬਰਾਂ ਨੂੰ ਪੁੱਟ ਕੇ ਉਨ੍ਹਾਂ ਵਿੱਚੋਂ ਹੱਡੀਆਂ ਕੱਢ ਕੇ ਨਵੇਂ ਮੁਰਦਿਆਂ ਨੂੰ ਥਾਂ ਦਿੱਤੀ ਜਾ ਰਹੀ ਹੈ। ਕਈ ਵਾਰ ਇਨ੍ਹਾਂ ਹੱਡੀਆਂ ਨੂੰ ਵੱਡੇ ਵੱਡੇ ਟੋਇਆਂ ਵਿੱਚ ਇਕੱਠਾ ਕੀਤਾ ਜਾਂਦਾ ਹੈ। ਕਿਸੇ ਸ਼ਾਇਰ ਦੀ ਕਬਰ ਨੂੰ ਪੁੱਟਣਾ ਪੈ ਜਾਵੇ ਤਾਂ ਇਹ ਸ਼ਿਅਰ ਜ਼ਰੂਰ ਗੁਣਗੁਣਾ ਲੈਣਾ ਚਾਹੀਦਾ ਹੈ; ‘‘ਜਿਉਂਦੇ-ਜੀਅ ਤੈਨੂੰ ਕਿਸੇ ਨੇ ਚੈਨ ਨਾਲ ਰਹਿਣ ਨਹੀਂ ਦਿੱਤਾ। ਮਰਨ ਤੋਂ ਬਾਅਦ ਵੀ ਤੈਨੂੰ ਚੈਨ ਨਾਲ ਲੰਮੇ ਪੈਣ ਨਹੀਂ ਦੇਣਾ।”
ਜਿਉਂਦੇ ਲੋਕਾਂ ਦੀ ਹਰ ਜਗ੍ਹਾ ਉੱਤੇ ਨਜ਼ਰ ਆਉਂਦੀ ਭੀੜ ਨੇ ਤਾਂ ਭੜਥੂ ਪਾਇਆ ਹੀ ਹੋਇਆ ਹੈ, ਮੁਰਦਿਆਂ ਦੀ ਵਧੇਰੇ ਗਿਣਤੀ ਨੇ ਵੀ ਵਖਤ ਪਾਇਆ ਪਿਆ ਹੈ। ਸੱਚ ਤਾਂ ਇਹ ਹੈ ਕਿ ਬਹੁਤੇ ਮੁਲਕਾਂ ਵਾਸਤੇ ਮੁਰਦੇ ਮੁਸੀਬਤ ਬਣ ਗਏ ਹਨ। ਔਖਾ ਸਵਾਲ ਇਹੀ ਹੈ ਯਾਨੀ ਵੱਡਾ ਰੋਣਾ ਇਹੀ ਹੈ ਕਿ ਜਿਨ੍ਹਾਂ ਨੂੰ ਰੋ ਰੋ ਕੇ ਵਿਦਾ ਕਰਨਾ ਪੈਂਦਾ ਹੈ, ਉਨ੍ਹਾਂ ਆਪਣਿਆਂ ਦੀਆਂ ਲਾਸ਼ਾਂ ਦਾ ਕੀ ਕੀਤਾ ਜਾਵੇ? ਉਨ੍ਹਾਂ ਨੂੰ ਕਿੱਥੇ ਦਫਨਾਇਆ ਜਾਵੇ? ਜਾਂ ਦਾਹ-ਸਸਕਾਰ ਤੋਂ ਬਾਅਦ ਕੀ ਉਨ੍ਹਾਂ ਦੀਆਂ ਅਸਥੀਆਂ ਨੂੰ ‘ਪਵਿੱਤਰ ਨਦੀਆਂ’ ਵਿੱਚ ਸਣੇ ਰਾਖ਼ ਪਾ ਕੇ ਹੋਰ ਜ਼ਿਆਦਾ ਪਲੀਤ (ਪ੍ਰਦੂਸ਼ਿਤ) ਕੀਤਾ ਜਾਵੇ?
ਇਥੇ ਪਹਿਲਾਂ ਹੀ ਮਿੱਟੀ ਤੇ ਹਵਾ ਪਲੀਤ ਹਨ। ਨਦੀਆਂ ਤੇ ਸਾਗਰਾਂ ਦਾ ਪਾਣੀ ਪਲੀਤ ਹੋਇਆ ਵਗ ਰਿਹਾ ਹੈ ..ਤੇ ਮੁਰਦਿਆਂ ਦੀ ਭੀੜ ਵਿੱਚ ਸਵੱਛਤਾ ਆਖਰੀ ਸਾਹ ਗਿਣ ਰਹੀ ਹੈ। ਜਿਵੇਂ ਜਿਵੇਂ ਸ਼ਮਸ਼ਾਨਘਾਟਾਂ ਤੇ ਕਬਰਿਸਤਾਨਾਂ ਦਾ ਵਿਸਥਾਰ ਹੁੰਦਾ ਜਾ ਰਿਹਾ ਹੈ, ਉਵੇਂ ਉਵੇਂ ਜਿਉਂਦੇ ਲੋਕਾਂ ਲਈ ਰਹਿਣ ਲਈ ਜਗ੍ਹਾ ਤੰਗ ਹੁੰਦੀ ਜਾ ਰਹੀ ਹੈ। ਇਹ ਦੁਨੀਆ ਸਾਹ ਲੈਂਦੇ ‘ਮੁਰਦਿਆਂ’ ਕਾਰਨ ਤਾਂ ਪ੍ਰੇਸ਼ਾਨ ਹੈ ਹੀ। ਸਾਹ ਛੱਡ ਚੁੱਕੇ ਮੁਰਦਾ ਸਰੀਰਾਂ ਕਾਰਨ ਵੀ ਪ੍ਰੇਸ਼ਾਨ ਹੈ। ਜਿਹੜੇ ਲੋਕ ਚੌਗਿਰਦੇ ਦੀ ਸਫਾਈ ਤੇ ਸੰਭਾਲ ਵੱਲੋਂ ਅੱਖਾਂ ਬੰਦ ਕਰੀ ਬੈਠੇ ਹਨ, ਉਨ੍ਹਾਂ ਲੋਕਾਂ ਨੂੰ ਸਾਹ ਲੈਂਦੇ ਮੁਰਦੇ ਸਮਝਣਾ ਠੀਕ ਹੈ। ਮੁਰਦਿਆਂ ਨੂੰ ਟਿਕਾਣੇ ਲਾਉਣ, ਭਾਵ ਸਾਂਭਣ, ਦੇ ਔਖੇ ਸਵਾਲ ਦੇ ਜਵਾਬ ਲੱਭਣੇ ਜ਼ਰੂਰੀ ਹੋ ਗਏ ਹਨ। ਜਿਹੜਾ ਵਿਅਕਤੀ ਆਪਣੇ ਰਹਿਣ ਦੀ ਜਗ੍ਹਾ ਖਰੀਦਣੀ ਚਾਹੁੰਦਾ ਹੋਵੇ, ਉਸ ਨੂੰ ਕਹਿਣਾ ਚਾਹੀਦਾ ਹੈ, ‘ਭਰਾਵਾ, ਪਹਿਲਾਂ ਤੂੰ ਆਪਣੇ ਲਈ ਦੋ ਗਜ਼ ਜਗ੍ਹਾ ਦਫਨਾਉਣ ਵਾਸਤੇ ਖਰੀਦ ਕੇ ਰੱਖ। ਫਿਰ ਬਾਅਦ ਵਿੱਚ ਹੀ ਜਿਊਣ-ਰਹਿਣ ਲਈ ਜਗ੍ਹਾ ਖਰੀਦੀਂ।’
ਜਿਵੇਂ ਕੱਪੜੇ ਵੇਚਣ ਵਾਲਾ ਕੋਈ ਬਜਾਜ ਆਪਣੀ ਦੁਕਾਨ ਵਿੱਚ ਕੱਪੜਿਆਂ ਦੇ ਥਾਨ ਉਪਰ ਥੱਲੇ ਸਾਂਭ ਕੇ ਰੱਖਦਾ ਹੈ, ਇਵੇਂ ਹੁਣ ਮੁਰਦਿਆਂ ਨੂੰ ਇੱਕ ਵੱਡੀ ਕਬਰ ਵਿੱਚ, ਭਾਵ ਡੂੰਘੀ ਕਬਰ ਵਿੱਚ ਉਪਰ ਥੱਲੇ ਰੱਖ ਕੇ ਦਫਨਾਉਣਾ ਚਾਹੀਦਾ ਹੈ। ਜੇ ਕਿਸੇ ਦੀ ਮ੍ਰਿਤਕ ਦੇਹ ਨੂੰ ਫਰੀਜ਼ਰ ਵਿੱਚ ਅਖੌਤੀ ਸਮਾਧੀ ਦੀ ਅਵਸਥਾ ਵਿੱਚ ਰੱਖਿਆ ਜਾ ਸਕਦਾ ਹੈ ਤਾਂ ਲੋਕਾਂ ਨੂੰ ਕਾਨੂੰਨੀ ਹੱਕ ਚਾਹੀਦਾ ਹੈ ਕਿ ਉਹ ਆਪਣਿਆਂ ਦੀਆਂ ਲੋਥਾਂ ਫਰੀਜ਼ਰਸ ਵਿੱਚ ਜਾਂ ਰਸਾਇਣਾਂ ਦਾ ਲੇਪ ਲਾ ਕੇ ਸ਼ੋਅ-ਕੇਸਾਂ ਵਿੱਚ ਸਜਾ ਲੈਣ। ਲੰਮੇ ਰੁਖ਼ ਦਫਨਾਉਣ ਦੀ ਥਾਂ ਮੁਰਦਿਆਂ ਨੂੰ ਖੜੋਤੀ ਹਾਲਤ ਵਿੱਚ ਰੱਖਿਆ ਜਾਵੇ। ਹਰ ਸ਼ਮਸ਼ਾਨ ਘਾਟ ਵਿੱਚ ਦਾਹ ਸਸਕਾਰ ਵਾਸਤੇ ਗੈਸੀ ਜਾਂ ਬਿਜਲਈ ਭੱਠੀਆਂ ਫਿੱਟ ਹੋਣ। ਲੱਕੜੀ ਦੀ ਬੱਚਤ, ਨਾਲੇ ਰਾਖ਼ ਕੁਝ ਕੁ ਮੁੱਠਾਂ।