ਹਾਊਸਿੰਗ ਸੈਕਟਰ: ਸਖ਼ਤ ਕਦਮ ਚੁੱਕਣ ਦੀ ਲੋੜ

zzzzzzzz-300x1111ਉਂਟੇਰੀਓ ਵਿੱਚ ਰੀਅਲ ਐਸਟੇਟ ਸੈਕਟਰ ਖਾਸ ਕਰਕੇ ਮਕਾਨਾਂ ਦੀਆਂ ਕੀਮਤਾਂ ਨੂੰ ਲੱਗੀ ਅੱਗ ਚਿੰਤਾ ਦਾ ਵਿਸ਼ਾ ਹੈ। ਟੋਰਾਂਟੋ ਰੀਅਲ ਐਸਟੇਟ ਬੋਰਡ ਮੁਤਾਬਕ ਬੀਤੇ ਇੱਕ ਸਾਲ ਵਿੱਚ ਟੋਰਾਂਟੋ ਵਿੱਚ ਮਕਾਨਾਂ ਦੀਆਂ ਕੀਮਤਾਂ ਵਿੱਚ ਰਿਕਾਰਡਤੋੜ 32% ਦਾ ਵਾਧਾ ਹੋਇਆ ਹੈ। ਟੋਰਾਂਟੋ ਵਿੱਚ ਔਸਤ ਘਰ ਦੀ ਕੀਮਤ 9 ਲੱਖ 16 ਹਜ਼ਾਰ ਡਾਲਰ ਉੱਤੇ ਜਾ ਅੱਪੜੀ ਹੈ। ਫੈਡਰਲ ਵਿੱਤ ਮੰਤਰੀ ਬਿੱਲ ਮੌਰਨੂ, ਉਂਟੇਰੀਓ ਦੇ ਵਿੱਤ ਮੰਤਰੀ ਚਾਰਲਸ ਸੂਸਾ ਅਤੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਕੱਲ ਇੱਕ ਮੀਟਿੰਗ ਕਰਕੇ ਸਥਿਤੀ ਨੂੰ ਕਾਬੂ ਕਰਨ ਬਾਰੇ ਵਿਚਾਰਾਂ ਕੀਤੀਆਂ। ਮੀਟਿੰਗ ਤੋਂ ਬਾਅਦ ਜਿਸ ਕਿਸਮ ਦਾ ਪ੍ਰਭਾਵ ਇਹਨਾਂ ਆਗੂਆਂ ਨੇ ਦਿੱਤਾ ਹੈ ਉਸਤੋਂ ਆਮ ਆਦਮੀ ਨੂੰ ਕੋਈ ਆਸ ਨਹੀਂ ਬੱਝਦੀ। ਇਹ ਤਿੰਨੋ ਕਿਸੇ ਕਿਸਮ ਦਾ ਅਸਰਦਾਰ ਕਦਮ ਚੁੱਕੇ ਜਾਣ ਦੀ ਆਸ ਬਨਾਏ ਬਿਨਾ ਹੀ ਬੱਸ ਇਸ ਗੱਲ ਉੱਤੇ ਸਹਿਮਤ ਹੋਏ ਕਿ ਭੱਵਿਖ ਵਿੱਚ ਹੋਰ ਮੀਟਿੰਗਾਂ ਕਰਨ ਦੇ ਸਿਲਸਲੇ ਨੂੰ ਲਗਾਤਾਰ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਮੀਟਿੰਗਾਂ ਕਰਨ ਨਾਲ ਆਮ ਸ਼ਹਿਰੀ ਦਾ ਜੀਵਨ ਕਦੋਂ ਸੁਖਾਲਾ ਬਣਦਾ ਹੈ। ਪਬਲਿਕ ਦੇ ਹਿੱਤਾਂ ਨੂੰ ਪੂਰਨ ਵਾਸਤੇ ਸਰਕਾਰਾਂ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੁੰਦੀ ਹੈ ਜਿਸਤੋਂ ਪ੍ਰੋਵਿੰਸ਼ੀਅਲ, ਫੈਡਰਲ ਅਤੇ ਸਥਾਨਕ ਸਰਕਾਰਾਂ ਪਾਸਾ ਵੱਟ ਰਹੀਆਂ ਹਨ।

ਮਕਾਨਾਂ ਦੇ ਭਾਅ ਵਿੱਚ ਆਈ ਤੇਜੀ ਦਾ ਸੱਭ ਤੋਂ ਵੱਡਾ ਖਾਮਿਆਜ਼ਾ ਨੌਜਵਾਨਾਂ ਅਤੇ ਪਰਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ ਜੋ ਕੈਨੇਡੀਅਨ ਸਮਾਜ ਦਾ ਸੱਭ ਤੋਂ ਅਹਿਮ ਪਰ ਨਾਜੁਕ ਅੰਗ ਹਨ। ਇਹਨਾਂ ਦੇ ਯੋਗਦਾਨ ਤੋਂ ਬਿਨਾ ਕਿਸੇ ਕਿਸਮ ਦੇ ਵਿਕਾਸ ਨੂੰ ਕਿਆਸਿਆ ਨਹੀਂ ਜਾ ਸਕਦਾ। ਅੱਜ ਹਾਲਾਤ ਇਹ ਹਨ ਕਿ ਪਰਵਾਸੀਆਂ ਅਤੇ ਕੈਨੇਡੀਅਨ ਨੌਜਵਾਨਾਂ ਦਾ ‘ਆਪਣਾ ਮਕਾਨ’ ਬਣਾਉਣ ਦਾ ਸੁਫ਼ਨਾ ਤਹਿਸ ਨਹਿਸ ਹੋ ਕੇ ਰਹਿ ਗਿਆ ਹੈ। ਸਮੇਂ ਦੀਆਂ ਸਰਕਾਰਾਂ ਐਨਾ ਆਖ ਕੇ ਪੱਲਾ ਨਹੀਂ ਛੁਡਾ ਸਕਦੀਆਂ ਕਿ ਸਮੱਸਿਆ ਨੂੰ ਸਮਝਣ ਲਈ ਮੀਟਿੰਗਾਂ ਕਰਨ ਦੀ ਲੋੜ ਹੈ। ਸਮੱਸਿਆ ਦੀ ਗੰਭੀਰਤਾ ਬਾਰੇ ਤਾਂ ਬੱਚੇ ਤੋਂ ਲੈ ਕੇ ਬਜ਼ੂਰਗਾਂ ਤੱਕ, ਟੋਰਾਂਟੋ ਤੋਂ ਲੈ ਕੇ ਵਿੰਡਸਰ ਤੱਕ ਸਾਰਿਆਂ ਨੂੰ ਪਤਾ ਹੈ। ਲੋੜ ਹੈ ਇਸ ਦਾ ਹੱਲ ਕੱਢੇ ਜਾਣ ਦੀ ਜਿਸਤੋਂ ਸਰਕਾਰਾਂ ਤ੍ਰਭਕ ਰਹੀਆਂ ਹਨ।

ਸੁਝਾਅ ਦਿੱਤੇ ਜਾ ਰਹੇ ਹਨ ਕਿ ਬ੍ਰਿਟਿਸ਼ ਕੋਲੰਬੀਆ ਦੀ ਤਰਜ਼ ਉੱਤੇ ਉਂਟੇਰੀਓ ਵਿੱਚ ਵੀ ਵਿਦੇਸ਼ੀਆਂ ਵੱਲੋਂ ਮਕਾਨ ਖਰੀਦੇ ਜਾਣ ਉੱਤੇ ਟੈਕਸ ਲਾਇਆ ਜਾਣਾ ਚਾਹੀਦਾ ਹੈ। ਬੀ ਸੀ ਵਿੱਚ ਇਹ ਟੈਕਸ 15% ਲਾਇਆ ਗਿਆ ਸੀ ਜਿਸਤੋਂ ਬਾਅਦ ਕੁੱਝ ਦੇਰ ਕੀਮਤਾਂ ਨੂੰ ਕੁੱਝ ਠੱਲ ਪਈ ਪਰ ਗੱਡੀ ਮੁੜ ਆਪਣੀ ਚਾਲ ਉੱਤੇ ਭੱਜਣ ਲੱਗ ਪਈ ਹੈ। ਇਹ ਕਿਸਮ ਦਾ ਟੈਕਸ ਲਾਉਣਾ ਇੱਕ ਤੱਥ ਜਰੂਰ ਹੈ ਪਰ ਸਥਿਤੀ ਐਨੀ ਸਰਲ ਨਹੀਂ ਕਿ ਹੱਲ ਐਨਾ ਸੌਖਾ ਲੱਭਿਆ ਜਾ ਸਕੇ। ਇਹ ਵੀ ਸੁਝਾਅ ਦਿੱਤੇ ਜਾ ਰਹੇ ਹਨ ਕਿ ਪ੍ਰਾਪਰਟੀ ਨੂੰ ਖਰੀਦ ਕੇ ਜਲਦੀ ਵੇਚਣ ਵਾਲਿਆਂ ਨੂੰ ਵੱਧ ਟੈਕਸ ਲਾਏ ਜਾਣ। ਪ੍ਰਾਪਰਟੀ ਰੱਖਣ ਦਾ ਸਮਾਂ ਘੱਟੋ ਘੱਟ 5 ਸਾਲ ਕੀਤਾ ਜਾ ਸਕਦਾ ਹੈ। ਇਸੇ ਤਰੀਕੇ ਵੱਧ ਕੈਪੀਟਲ ਗੇਨਜ਼(capital gains tax) ਟੈਕਸ ਲਾਉਣਾ ਭਾਵ ਉਸ ਮਕਾਨ ਦੇ ਵੇਚਣ ਉੱਤੇ ਵੱਧ ਟੈਕਸ ਜੋ ਤੁਹਾਡਾ ਬੁਨਿਆਦੀ ਰਿਹਾਇਸ਼ੀ ਮਕਾਨ ਨਹੀਂ ਹੈ। ਕਈ ਵੇਚਣ ਦੇ ਇਰਾਦੇ ਨਾਲ ਖਾਲੀ ਰੱਖੇ ਗਏ ਮਕਾਨਾਂ ਉੱਤੇ ਵੱਧ ਟੈਕਸ ਲਾਉਣ ਦਾ ਵੀ ਸੁਝਾਅ ਦੇ ਰਹੇ ਹਨ।

ਦਰਅਸਲ ਵਿੱਚ ਇਹ ਸਾਰੇ ਸੁਝਾਅ ਆਮ ਆਦਮੀ ਨੂੰ ਸਿ਼ਕੰਜੇ ਵਿੱਚ ਲੈਣ ਵਾਲੇ ਹਨ ਲੇਕਿਨ ਲੈਂਡ ਮਾਫੀਆ ਅਤੇ ਵੱਡੇ ਬਿਲਡਰਾਂ ਵੱਲ ਕੋਈ ਅੱਖ ਚੁੱਕ ਕੇ ਨਹੀਂ ਵੇਖਣਾ ਚਾਹੁੰਦਾ। ਇਸਤੋਂ ਹੀ ਬਿੱਲ ਮੌਰਨੂ ਅਤੇ ਚਾਰਲਸ ਸੂਸਾ ਦੀ ਚੁੱਪ ਦੀ ਸਮਝ ਆ ਸਕਦੀ ਹੈ। ਸ਼ਹਿਰਾਂ ਅਤੇ ਕਸਬਿਆਂ ਦੇ ਆਲੇ ਦੁਆਲੇ ਘਾਗ ਬਿਲਡਰਾਂ ਨੇ ਜ਼ਮੀਨ ਦੇ ਵੱਡੇ ਵੱਡੇ ਟੋਟੇ ਖਰੀਦ ਕੇ ਰੱਖੇ ਹੋਏ ਹਨ। ਇਹ ਬਿਲਡਰ ਆਪਣੀਆਂ ਵੱਡੀਆਂ ਜ਼ਮੀਨਾਂ ਉੱਤੇ ਨਿੱਕੇ ਨਿੱਕੇ ਹਾਊਸਿੰਗ ਪ੍ਰੋਜੈਕਟ ਲਿਆ ਕੇ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਕੇ ਕੀਮਤਾਂ ਨੂੰ ਵਧਾਉਂਦੇ ਹਨ। ਇਹਨਾਂ ਵੱਡੀਆਂ ਮੱਛੀਆਂ ਨੂੰ ਨਕੇਲ ਪਾਏ ਬਿਨਾ ਆਮ ਆਦਮੀ ਨੂੰ ਰਾਹਤ ਨਹੀਂ ਦਿੱਤੀ ਜਾ ਸਕਦੀ। ਅਜਿਹੇ ਜ਼ੋਨਿੰਗ ਨੇਮ ਬਣਾਏ ਜਾਣ ਕਿ ਖਾਲੀ ਜ਼ਮੀਨ ਉੱਤੇ ਇੱਕ ਖਾਸ ਸਮੇਂ ਤੱਕ ਮਕਾਨ ਨਾ ਬਣਾਉਣ ਵਾਲੇ ਬਿਲਡਰ ਤੋਂ ਪ੍ਰਾਪਰਟੀ ਵਾਪਸ ਲਈ ਜਾ ਸਕੇ ਅਤੇ ਖਾਲੀ ਰੱਖਣ ਦਾ ਇਵਜਾਨਾ ਬਿਲਡਰ ਤੋਂ ਭਰਾਇਆ ਜਾਵੇ।

ਦਿਹਾਤੀ ਇਲਾਕਿਆਂ ਵਿੱਚ ਰੁਜ਼ਗਾਰ ਦੇ ਮੌਕੇ ਨਾ ਹੋਣ ਕਾਰਣ ਨੌਜਵਾਨ ਟੋਰਾਂਟੋ ਵਰਗੇ ਸ਼ਹਿਰਾਂ ਨੂੰ ਭੱਜਦੇ ਹਨ ਅਤੇ ਪਰਵਾਸੀ ਵੀ ਇੱਥੇ ਤੋਂ ਬਾਹਰ ਜਾਣ ਦਾ ਹੀਆ ਨਹੀਂ ਕਰਦੇ। ਦਿਹਾਤੀ ਇਲਾਕਿਆਂ ਵਿੱਚ ਜਿੱਥੇ ਇੰਡਸਟਰੀ ਨੂੰ ਮਜਬੂਤ ਕਰਨ ਦੀ ਲੋੜ ਹੈ, ਉਸਦੇ ਨਾਲ ਹੀ ਖੇਤੀਬਾੜੀ ਸੈਕਟਰ ਨੂੰ ਆਕਰਸ਼ਣ ਯੋਗ ਬਣਾਇਆ ਜਾਵੇ। ਇਹਨਾਂ ਕਸਬਿਆਂ ਦੀ ਜ਼ੋਨਿੰਗ ਅਜਿਹੀ ਹੋਵੇ ਕਿ ਵੱਡੀਆਂ ਮੱਛੀਆਂ ਨੂੰ ਆਪਣਾ ਧੰਦਾ ਕਰਨ ਦਾ ਰਾਹ ਨਾ ਮਿਲੇ। ਦਿਹਾਤੀ ਖੇਤਰਾਂ ਵਿੱਚ ਚੰਗੇ ਮੌਕੇ ਪੈਦਾ ਕਰਨਾ ਇਸ ਸਮੱਸਿਆ ਦੇ ਸਥਾਈ ਹੱਲ ਵੱਲ ਕਾਰਗਰ ਕਦਮ ਹੋਵੇਗਾ।