ਹਾਊਸਿੰਗ ਬਾਰੇ ਯੂਨਾਈਟਡ ਨੇਸ਼ਨਜ਼ ਤੋਂ ਲਿਬਰਲ ਸਰਕਾਰ ਨੂੰ ਝਿੜਕਾਂ ਕਿਉਂ?

ਲੇਈਲਾਨੀ ਫਰਹਾ (Leilani Farha) ਨੂੰ ਅੱਜ ਕੱਲ ਕੈਨੇਡਾ ਦੀ ਲਿਬਰਲ ਸਰਕਾਰ ਉੱਤੇ ਗੁੱਸਾ ਚੜਿਆ ਹੋਇਆ ਹੈ। ਵਿਸ਼ਵ ਵਿੱਚ ਹਾਊਸਿੰਗ ਬਾਰੇ ਵੱਖ ਵੱਖ ਸਰਕਾਰਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਜੁੰਮੇਵਾਰ ਲੇਈਲਾਨੀ ਫਰਹਾ ਨੂੰ ਤਿੰਨ ਗੱਲਾਂ ਦਾ ਵਿਸ਼ੇਸ਼ ਕਰਕੇ ਗੁੱਸਾ ਹੈ। ਉਸਦਾ ਪਹਿਲਾ ਗੁੱਸਾ ਹੈ ਕਿ ਲਿਬਰਲਾਂ ਨੇ 2015 ਦੀਆਂ ਆਮ ਚੋਣਾਂ ਵਿੱਚ ਐਲਾਨ ਕਰਨ ਦੇ ਬਾਵਜੂਦ ਹਾਊਸਿੰਗ ਨੂੰ ਮਨੁੱਖੀ ਅਧਿਕਾਰ ਐਲਾਨਣ ਤੋਂ ਮੁੱਕਰ ਰਹੇ ਹਨ। ਵਾਅਦਾ ਤਾਂ ਇਹ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਅਜਿਹਾ ਕਨੂੰਨ ਬਣਾਇਆ ਜਾਵੇਗਾ ਕਿ ਭੱਵਿਖ ਵਿੱਚ ਆਉਣ ਵਾਲੀ ਕੋਈ ਵੀ ਫੈਡਰਲ ਸਰਕਾਰ ਜਾਂ ਪ੍ਰੋਵਿੰਸ਼ੀਅਲ ਸਰਕਾਰਾਂ ਕੈਨੇਡੀਅਨਾਂ ਦੇ ਇਸ ਹੱਕ ਨੂੰ ਖੋਹ ਨਹੀਂ ਸਕੇਗੀ। ਜਦੋਂ ਨਵੰਬਰ 2017 ਵਿੱਚ ਹਾਊਸਿੰਗ ਬਾਰੇ ਰਣਨੀਤੀ ਲਾਂਚ ਕੀਤੀ ਗਈ ਸੀ ਤਾਂ ਸੋਸ਼ਲ ਡੀਵੈਲਪਮੈਂਟ ਮੰਤਰੀ ਜਾਨ ਵੇਸ ਡੁਕਲਸ (Jean Yves Duklos) ਨੇ ਆਖਿਆ ਖੁਦ ਬਿਆਨ ਦਿੱਤਾ ਸੀ ਕਿ ਅਸੀਂ ਅਜਿਹਾ ਕਨੂੰਨ ਬਣਾਵਾਂਗੇ ਕਿ ਭੱਵਿਖ ਵਿੱਚ ਬਣਨ ਵਾਲੀਆਂ ਫੈਡਰਲ, ਪ੍ਰੋਵਿੰਸ਼ੀਅਲ ਜਾਂ ਟੈਰੀਟੋਰੀਅਲ ਸਰਕਾਰਾਂ ਪਿੱਛੇ ਨਹੀਂ ਹੱਟ ਸਕੱਣਗੀਆਂ।

ਲੇਈਲਾਨੀ ਪਰੇਸ਼ਾਨ ਹੈ ਕਿ ਭੱਵਿਖ ਦੀਆਂ ਸਰਕਾਰਾਂ ਲਈ ਚੋਰ ਮੋਰੀਆਂ ਦੂਰ ਕਰਨਾ ਤਾਂ ਦੂਰ ਦੀ ਗੱਲ, ਸਗੋਂ ਸਰਕਾਰ ਵੱਲੋਂ ਖੁਦ ਹੀ ਆਖਿਆ ਜਾ ਰਿਹਾ ਹੈ ਕਿ ਹਾਊਸਿੰਗ ਨੂੰ ਮਨੁੱਖੀ ਅਧਿਕਾਰ ਨਹੀਂ ਬਣਾਇਆ ਜਾ ਸਕਦਾ।

ਲੇਈਲਾਨੀ ਦੇ ਗੁੱਸੇ ਦਾ ਦੂਜਾ ਕਾਰਣ ਸਰਕਾਰ ਦਾ ਉਸਦੇ ਨਾਮ ਨੂੰ ਗਲਤ ਵਰਤਣਾ ਹੈ। ਨਵੰਬਰ 2017 ਵਿੱਚ ਜਦੋਂ ਫੈਡਰਲ ਸਰਕਾਰ ਨੇ ਹਾਊਸਿੰਗ ਬਾਰੇ ਦਸ ਸਾਲਾ ਰਣਨੀਤੀ ਦਾ ਐਲਾਨ ਕੀਤਾ ਸੀ, ਉਸ ਵੇਲੇ ਲੇਈਲਾਨੀ ਨੇ ਫੈਡਰਲ ਰਣਨੀਤੀ ਦਾ ਸਮਰੱਥਨ ਕੀਤਾ ਸੀ ਪ੍ਰਧਾਨ ਮੰਤਰੀ ਟਰੂਡੋ ਤੱਕ ਨੇ ਕਿਹਾ ਸੀ ਕਿ ਬਣਾਏ ਜਾਣ ਵਾਲੇ ਕਨੂੰਨ ਦੀ ਸ਼ਬਦਾਵਲੀ ਵਿੱਚ ਹਾਊਸਿੰਗ ਨੂੰ ਮਨੁੱਖੀ ਅਧਿਕਾਰ ਵਜ਼ੋਂ ਦਰਜ਼ ਕੀਤਾ ਜਾਵੇਗਾ। ਹਾਊਸਿੰਗ ਬਾਰੇ ਆਪਣੀ ਰਣਨੀਤੀ ਨੂੰ ਪ੍ਰੋਮੋਟ ਕਰਨ ਲਈ ਲਿਬਰਲ ਸਰਕਾਰ ਵੱਲੋਂ ਲੇਈਲਾਨੀ ਵੱਲੋਂ ਜਾਹਰ ਕੀਤੇ ਗਏ ਸਮੱਰਥਨ ਨੂੰ ਵਧਾ ਚੜਾ ਕੇ ਵਰਤਿਆ ਜਾਂਦਾ ਰਿਹਾ ਹੈ।

ਉਸਦਾ ਤੀਜਾ ਗਿਲਾ ਹੈ ਕਿ ਅਜਿਹਾ ਉਸ ਦੇਸ਼ ਦੀ ਸਰਕਾਰ ਕਰ ਰਹੀ ਹੈ ਜਿਸਦੀ ਉਹ ਸਿਟੀਜ਼ਨ ਹੈ। ਚੇਤੇ ਰਹੇ ਲੇਈਲਾਨੀ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਪੜੀ ਲਿਖੀ ਵਕੀਲ ਹੈ ਅਤੇ ਯੂਨਾਈਟਡ ਨੇਸ਼ਨਜ਼ ਵਿੱਚ ਪੁਜ਼ੀਸ਼ਨ ਪ੍ਰਾਪਤ ਕਰਨ ਤੋਂ ਪਹਿਲਾਂ Canada Without Poverty (ਕੈਨੇਡਾ ਵਿਦਾਊਟ ਪਾਵਰਟੀ) ਦੀ ਐਗਜ਼ੈਕਟਿਵ ਡਾਇਰੈਕਟਰ ਰਹੀ ਹੈ।

ਇਹ ਨਹੀਂ ਕਿ ਵਿਸ਼ਵ ਵਿੱਚ ਹਾਊਸਿੰਗ ਬਾਰੇ ਸਥਿਤੀ ਬਹੁਤ ਚੰਗੀ ਹੈ ਪਰ ਜੇ ਵਿਕਸਤ ਮੁਲਕ ਆਪਣੇ ਲੋਕਾਂ ਵਾਸਤੇ ਦਲੇਰੀ ਭਰੇ ਕਦਮ ਨਹੀਂ ਚੁੱਕਦੇ ਅਤੇ ਹਾਲਾਤਾਂ ਮਾਰੀ ਜਨਤਾ ਨੂੰ ਭੂੰਜੇ ਸੌਣ ਉੱਤੇ ਮਜ਼ਬੂਰ ਕਰਦੇ ਹਨ ਤਾਂ ਗਰੀਬ ਮੁਲਕਾਂ ਬਾਰੇ ਕੀ ਆਖਿਆ ਜਾ ਸਕਦਾ ਹੈ। ਮਿਸਾਲ ਵਜੋਂ ਟੋਰਾਂਟੋ ਸਿਟੀ ਦੇ ਹੈਲਥ ਵਿਭਾਗ ਦੀ ਰਿਪੋਰਟ ਮੁਤਾਬਕ 2017 ਸਾਲ ਵਿੱਚ 94 ਬੇਘਰੇ ਲੋਕ ਮੌਤ ਦਾ ਸਿ਼ਕਾਰ ਹੋਏ ਜਿਹਨਾਂ ਵਿੱਚੋਂ 68 ਮਰਦ, 25 ਔਰਤਾਂ ਅਤੇ 1 ਸਮਲਿੰਗੀ ਵਿਅਕਤੀ ਸੀ। ਅਜਿਹਾ ਉਸ ਵੇਲੇ ਹੋ ਰਿਹਾ ਹੈ ਜਦੋਂ ਮੁਲਕ ਭਰ ਵਿੱਚ ਦੇਸ਼ ਵਿਦੇਸ਼ ਤੋਂ ਆਏ ਧਨ ਨਾਲ ਇਨਵੈਸਟਮੈਂਟ ਮੰਤਵਾਂ ਲਈ ਖਰੀਦੇ ਗਏ ਅਨੇਕਾਂ ਮਕਾਨ ਅਪਾਰਟਮੈਂਟ ਖਾਲੀ ਪਏ ਹਨ। ਇੱਕ ਅਨੁਮਾਨ ਮੁਤਾਬਕ ਕੈਨੇਡਾ ਵਿੱਚ ਹਰ ਸਾਲ 1350 ਬੇਘਰੇ ਵਿਅਕਤੀ ਮੌਤ ਦਾ ਸਿ਼ਕਾਰ ਹੁੰਦੇ ਹਨ। ਕੈਨੇਡਾ ਵਿੱਚ ਬੇਘਰੇ ਲੋਕਾਂ ਦੀ ਔਸਤ ਉਮਰ ਸਿਰਫ਼ 39 ਸਾਲ ਹੈ ਜਦੋਂ ਕਿ ਆਮ ਕੈਨੇਡੀਅਨ ਦੀ ਔਸਤ ਉਮਰ 82 ਸਾਲ ਤੋਂ ਵੱਧ ਹੈ।

ਫੈਡਰਲ ਸਰਕਾਰ ਹਾਊਸਿੰਗ ਨੂੰ ਇਹ ਆਖ ਕੇ ਮਨੁੱਖੀ ਅਧਿਕਾਰ ਬਣਾਉਣ ਤੋਂ ਮੁਨਕਰ ਹੋ ਰਹੀ ਹੈ ਕਿ ਅਜਿਹਾ ਕਰਨ ਨਾਲ ਲੋਕੀ ਅਦਾਲਤਾਂ ਦਾ ਸਹਾਰਾ ਲੈਣ ਲੱਗ ਪੈਣਗੇ। ਕੀ ਲਿਬਰਲ ਪਾਰਟੀ ਨੂੰ ਇਸ ਗੱਲ ਦਾ ਅੰਦਾਜ਼ਾ ਚੋਣ ਪ੍ਰਚਾਰ ਕਰਨ ਵੇਲੇ ਨਹੀਂ ਸੀ? ਵਰਨਣਯੋਗ ਹੈ ਕਿ ਹਾਊਸਿੰਗ ਨੂੰ ਮਨੁੱਖੀ ਅਧਿਕਾਰ ਐਲਾਨਣ ਦਾ ਇਹ ਅਰਥ ਨਹੀਂ ਕਿ ਸਰਕਾਰ ਨੂੰ ਮੁਲਕ ਵਿੱਚ ਵੱਸਣ ਵਾਲੇ ਹਰ ਵਿਅਕਤੀ ਲਈ ਮਕਾਨ ਬਣਾ ਕੇ ਦੇਣਾ ਹੁੰਦਾ ਹੈ। ਇਸਦਾ ਅਰਥ ਸਿਰਫ਼ ਐਨਾ ਹੈ ਕਿ ਸੋਸ਼ਲ ਹਾਊਸਿੰਗ ਪ੍ਰਾਪਤ ਕਰਨ ਵਿੱਚ ਲੋਕਾਂ ਨਾਲ ਨਸਲ, ਧਰਮ, ਜਾਤ ਵਰਗੀਆਂ ਗੱਲਾਂ ਦੇ ਆਧਾਰ ਉੱਤੇ ਵਿਤਕਰਾ ਨਾ ਹੋਵੇ। ਸ਼ਾਇਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਆਪਣੇ ਉਹ ਆਪਣੇ ਸ਼ਬਦ ਚੇਤੇ ਕਰਨ ਦਾ ਸਹੀ ਸਮਾਂ ਹੈ ਜਦੋਂ ਉਹਨਾਂ ਕਿਹਾ ਸੀ ਕਿ ਇੱਕ ਵਿਅਕਤੀ ਦੇ ਸੜਕ ਉੱਤੇ ਸੌਣ ਦਾ ਅਰਥ ਹੈ ਕਿ ਅਸੀਂ ਸਾਰੇ ਹੀ ਸੜਕਾਂ ਉੱਤੇ ਸੁੱਤੇ ਹੋਏ ਹਾਂ। ਸਰਕਾਰ ਦਾ ਆਪਣੇ ਵਾਅਦੇ ਉੱਤੇ ਡੱਟੇ ਰਹਿਣਾ ਪਰਵਾਸੀਆਂ, ਗਰੀਬੀ ਵਿੱਚ ਜੀਵਨ ਬਿਤਾ ਰਹੇ ਲੋਕਾਂ ਲਈ ਬਹੁਤ ਅਹਿਮੀਅਤ ਰੱਖਦਾ ਹੈ।