ਹਾਈ ਕੋਰਟ ਸੌਦੇ ਦਾ ਵਿਚੋਲਾ ਭਾਰਤ ਨੂੰ ਸੌਂਪਣ ਤੋਂ ਇਟਲੀ ਦੀ ਨਾਂਹ


ਰੋਮ, 23 ਜੂਨ (ਪੋਸਟ ਬਿਊਰੋ)- ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਦੀ ਵਿਚੋਲਗੀ ਕਰ ਚੁੱਕੇ ਕਾਰਲੋ ਜੇਰੋਸਾ ਨੂੰ ਇਟਲੀ ਸਰਕਾਰ ਨੇ ਭਾਰਤ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਸੰਬੰਧ ਵਿੱਚ ਇਟਲੀ ਸਰਕਾਰ ਨੇ ਕਿਹਾ ਹੈ ਕਿ ਉਸ ਦਾ ਭਾਰਤ ਨਾਲ ਕਾਨੂੰਨੀ ਪ੍ਰਕਿਰਿਆ ਵਿਚ ਮਦਦ ਕਰਨ ਦਾ ਕੋਈ ਸਮਝੌਤਾ ਨਹੀਂ ਹੈ। ਭਾਰਤ ਵਿਚ ਇਸ ਕੇਸ ਦੀ ਜਾਂਚ ਕਰ ਰਹੀ ਸੀ ਬੀ ਆਈ ਨੂੰ ਇਟਲੀ ਦੇ ਵਿਹਾਰ ਤੋਂ ਵੱਡਾ ਝਟਕਾ ਲੱਗਾ ਹੈ। ਇਟਲੀ ਵੱਲੋਂ ਜੇਰੋਸਾ ਨੂੰ ਸੌਂਪਣ ਤੋਂ ਇਨਕਾਰ ਪਿੱਛੋਂ ਦੋਵਾਂ ਦੇਸ਼ਾਂ ਦੇ ਹਵਾਲਗੀ ਸਮਝੌਤਾ ਨਾ ਹੋਣ ਕਾਰਨ ਜੇਰੋਸਾ ਨੂੰ ਡਿਪਲੋਮੇਟਿਕ ਕੋਸ਼ਿਸ਼ ਨਾਲ ਲਿਆਂਦਾ ਜਾ ਸਕਦਾ ਹੈ। ਇਟਲੀ ਤੇ ਸਵਿੱਟਜ਼ਰਲੈਂਡ ਦੀ ਦੋਹਰੀ ਨਾਗਰਿਕਤਾ ਵਾਲੇ ਜੇਰੋਸਾ ਨੂੰ ਹੈਲੀਕਾਪਟਰ ਸੌਦੇ ਦਾ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ। ਸਮਝਿਆ ਜਾਂਦਾ ਹੈ ਕਿ ਭਾਰਤੀ ਹਵਾਈ ਫੌਜ ਦੇ ਸਾਬਕਾ ਮੁਖੀ ਐਸ ਪੀ ਤਿਆਗੀ ਦੇ ਰਿਸ਼ਤੇ ਦੇ ਭਰਾਵਾਂ ਨਾਲ ਹੋਈ ਜੇਰੋਸਾ ਦੀ ਬੈਠਕ ਤੋਂ ਬਾਅਦ ਰਿਸ਼ਵਤ ਦਾ ਕੰਮ ਸ਼ੁਰੂ ਹੋਇਆ ਸੀ। ਇੰਟਰਪੋਲ ਨੇ ਜੇਰੋਸਾ ਵਿਰੁੱਧ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ। ਏਸੇ ਆਧਾਰ ਉੱਤੇ ਇਟਲੀ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਸੀ, ਪਰ ਦੋਵਾਂ ਦੇਸ਼ਾਂ ਵਿਚਾਲੇ ਹਵਾਲਗੀ ਸਮਝੌਤਾ ਨਾ ਹੋਣ ਦਾ ਉਸ ਨੂੰ ਲਾਭ ਮਿਲ ਗਿਆ। ਵਰਨਣ ਯੋਗ ਹੈ ਕਿ 12 ਅਗਸਤਾ ਵੈਸਟਲੈਂਡ ਹੈਲੀਕਾਪਟਰ ਭਾਰਤ ਨੇ ਵੀ ਵੀ ਆਈ ਪੀ ਲੋਕਾਂ ਦੀ ਆਵਾਜਾਈ ਲਈ 3600 ਕਰੋੜ ਰੁਪਏ ਵਿਚ ਖਰੀਦਣੇ ਸਨ। ਰਿਸ਼ਵਤ ਦੀ ਗੱਲ ਸਾਹਮਣੇ ਆਉਣ ਉੱਤੇ ਭਾਰਤ ਨੇ ਇਹ ਸੌਦਾ ਰੱਦ ਕਰ ਦਿੱਤਾ ਸੀ। ਇਸ ਦੀ ਜਾਂਚ ਕਰ ਰਹੇ ਸੀ ਬੀ ਆਈ ਅਤੇ ਇਨਫੋਰਸਮੈਂਟ ਨੇ ਸੌਦੇ ਵਿਚ ਰਿਸ਼ਵਤ ਲਈ ਜਿਨ੍ਹਾਂ ਤਿੰਨ ਲੋਕਾਂ ਨੂੰ ਦੋਸ਼ੀ ਦੱਸਿਆ ਸੀ, ਉਨ੍ਹਾਂ ਵਿਚ ਜੇਰੋਸਾ ਸ਼ਾਮਲ ਹੈ। ਬਾਕੀ ਦੇ 2 ਹੋਰ ਦੋਸ਼ੀ ਕਿਸ਼ਚੀਅਨ ਮਿਸ਼ੈਲ ਅਤੇ ਗੁਈਡੋ ਹੈਸ਼ਕੇ ਹਨ।