ਹਾਈ ਕੋਰਟ ਵੱਲੋਂ ਬੈਲ ਗੱਡੀ ਦੌੜ ਉੱਤੇ ਪਾਬੰਦੀ ਹਟਾਉਣ ਤੋਂ ਨਾਂਹ

bombay highcourt
ਮੁੰਬਈ, 12 ਅਕਤੂਬਰ (ਪੋਸਟ ਬਿਊਰੋ)- ਬੰਬੇ ਹਾਈ ਕੋਰਟ ਨੇ ਕੱਲ੍ਹ ਦੀਵਾਲੀ ਦੇ ਮੌਕੇ ‘ਤੇ ਮਹਾਰਾਸ਼ਟਰ ‘ਚ ਹੋਣ ਵਾਲੀ ਬੈਲ ਗੱਡੀ ਦੌੜ ਉੱਤੇ ਲੱਗੀ ਪਾਬੰਦੀ ਨੂੰ ਹਟਾਉਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਕਾਨੂੰਨ ‘ਚ ਕਿਸੇ ਵੀ ਤਰ੍ਹਾਂ ਦੀ ਸੋਧ ਇਸ ਤੱਥ ਨੂੰ ਬਦਲ ਨਹੀਂ ਸਕਦੀ ਕਿ ਬੈਲਾਂ ਦੀ ਸਰੀਰਕ ਬਨਾਵਟ ਅਜਿਹੀਆਂ ਖੇਡਾਂ ਲਈ ਸਹੀ ਨਹੀਂ ਹੈ।
ਚੀਫ ਜਸਟਿਸ ਮੰਜੁਲਾ ਚੇਲੁਰ ਅਤੇ ਜਸਟਿਸ ਐਨ ਐਮ ਜਾਮਦਾਰ ਨੇ ਮਹਾਰਾਸ਼ਟਰ ਵਿੱਚ ਬੈਲ ਗੱਡੀ ਦੌੜ ਉੱਤੇ ਪਾਬੰਦੀ ਜਾਰੀ ਰੱਖਦੇ ਹੋਏ ਰਾਜ ਸਰਕਾਰ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ। ਅਦਾਲਤ ਦਾ ਕਹਿਣਾ ਸੀ ਕਿ ਅਜਿਹੀਆਂ ਖੇਡਾਂ ‘ਚ ਬੈਲਾਂ ਦੀ ਵਰਤੋਂ ਸੁਭਾਵਿਕ ਰੂਪ ਨਾਲ ਜ਼ੁਲਮ ਹੈ। ਦੂਜੇ ਪਾਸੇ ਸੂਬਾ ਸਰਕਾਰ ਦਾ ਕਹਿਣਾ ਸੀ ਕਿ ਉਸ ਨੇ ਪਸ਼ੂਆਂ ਪ੍ਰਤੀ ਜ਼ੁਲਮ ਦੀ ਰੋਕਥਾਮ ਐਕਟ ‘ਚ ਸੋਧ ਕਰ ਦਿੱਤੀ ਹੈ ਤਾਂ ਜੋ ਬੈਲਾਂ ‘ਤੇ ਕਿਸੇ ਤਰ੍ਹਾਂ ਨਾਲ ਕਰੂਰਤਾ ਨਾ ਹੋਵੇ। ਇਸ ‘ਤੇ ਬੈਂਚ ਨੇ ਪੁੱਛਿਆ ਕਿ ਕੀ ਕੋਈ ਕਾਨੂੰਨ ਕਿਸੇ ਪਸ਼ੂ ਦੀ ਸਰੀਰਕ ਬਨਾਵਟ ਨੂੰ ਬਦਲ ਸਕਦਾ ਹੈ? ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੀ ਸੋਧ ਕੀਤੀ। ਹਕੀਕਤ ਇਹ ਹੈ ਕਿ ਘੋੜਿਆਂ ਅਤੇ ਕੁੱਤਿਆਂ ਦੇ ਮੁਕਾਬਲੇ ਬੈਲਾਂ ਦੀ ਸਰੀਰਕ ਬਨਾਵਟ ਬਿਲਕੁਲ ਅਲੱਗ ਹੁੰਦੀ ਹੈ। ਪੁਣੇ ਵਾਸੀ ਸਮਾਜ ਸੇਵੀ ਅਜੈ ਮਰਾਠੇ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ। ਉਨ੍ਹਾਂ ਨੇ ਬੈਲ ਗੱਡੀ ਦੌੜ ਦੀ ਇਜਾਜ਼ਤ ਦੇਣ ਲਈ ਸੂਬਾ ਸਰਕਾਰ ਵੱਲੋਂ ਕਾਨੂੰਨ ‘ਚ ਸੋਧ ਨੂੰ ਚੁਣੌਤੀ ਦਿੱਤੀ ਸੀ।