ਹਾਈ ਕੋਰਟ ਨੇ ਖੁੱਲ੍ਹ ਦਿੱਤੀ: ਸਿੱਖ ਵਿਦਿਆਰਥੀ ਕੱਕਾਰ ਪਹਿਨ ਕੇ ‘ਨੀਟ’ ਦਾ ਟੈੱਸਟ ਦੇ ਸਕਣਗੇ


ਨਵੀਂ ਦਿੱਲੀ, 3 ਮਈ, (ਪੋਸਟ ਬਿਊਰੋ)- ਭਾਰਤ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ (ਕੰਪੀਟੀਟਿਵ ਟੈੱਸਟ) ਵਿੱਚ ਧਾਤ ਦੀਆਂ ਵਸਤੂਆਂ ਦੀ ਵਰਤੋਂ ਉੱਤੇ ਰੋਕ ਹੋਣ ਦੇ ਬਾਵਜੂਦ ਸਿੱਖ ਵਿਦਿਆਰਥੀਆਂ ਨੂੰ 6 ਮਈ ਨੂੰ ਹੋਣ ਵਾਲੇ ਕੌਮੀ ਦਾਖ਼ਲਾ ਟੈੱਸਟ ‘ਨੀਟ’ (ਨੈਸ਼ਨਲ ਅਲਿਜੀਬਿਲਿਟੀ ਕਮ ਐਂਟਰੈਂਸ ਟੈਸਟ) ਵਿੱਚ ਕੜੇ-ਕ੍ਰਿਪਾਨ ਉੱਤੇ ਰੋਕ ਦਾ ਸਾਹਮਣਾ ਕਰਨ ਤੋਂ ਛੋਟ ਮਿਲ ਗਈ ਹੈ। ਇਹ ਛੋਟ ਦਿੱਲੀ ਹਾਈ ਕੋਰਟ ਨੇ ਦਿੱਤੀ ਹੈ।
ਦਿੱਲੀ ਹਾਈ ਕੋਰਟ ਦੇ ਜਸਟਿਸ ਰਵਿੰਦਰ ਭੱਟ ਅਤੇ ਜਸਟਿਸ ਏ ਕੇ ਚਾਵਲਾ ਦੀ ਬੈਂਚ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਉੱਤੇ ਸੁਣਵਾਈ ਪਿੱਛੋਂ ਨੀਟ ਦੇ ਟੈੱਸਟ ਵਿੱਚ ਸਿੱਖ ਵਿਦਿਆਰਥੀਆਂ ਨੂੰ ਕੜੇ-ਕ੍ਰਿਪਾਨ ਸਮੇਤ ਟੈੱਸਟ ਦੇਣ ਦੀ ਅੰਤ੍ਰਿਮ ਮਨਜ਼ੂਰੀ ਦੇ ਦਿੱਤੀ। ਜੱਜਾਂ ਨੇ ਕੇਂਦਰੀ ਸਿੱਖਿਆ ਬੋਰਡ (ਸੀ ਬੀ ਐਸ ਈ) ਦੇ ਵਕੀਲ ਨੂੰ ਕਿਹਾ ਕਿ ਕਕਾਰ ਧਾਰਮਿਕ ਅਧਿਕਾਰਾਂ ਨਾਲ ਪਹਿਨੇ ਜਾਂਦੇ ਹਨ। ਇਨ੍ਹਾਂ ਉੱਤੇ ਰੋਕ ਦਾ ਕੋਈ ਕਾਨੂੰਨ ਨਹੀਂ ਹੈ। ਤੁਸੀਂ ਸਾਬਤ ਕਰੋ ਕਿ ਕਕਾਰਾਂ ਨਾਲ ਨਕਲ ਹੋ ਸਕਦੀ ਹੈ। ਸਿਰਫ਼ ਸ਼ੱਕ ਨਾਲ ਕਕਾਰਾਂ ਉੱਤੇ ਰੋਕ ਨਹੀਂ ਲਾਈ ਜਾ ਸਕਦੀ। ਅਦਾਲਤ ਨੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਕਕਾਰਾਂ ਸਣੇ ਪ੍ਰੀਖਿਆ ਕੇਂਦਰ ਵਿੱਚ ਜਾਣ ਦੇ ਲਈ ਇੱਕ ਘੰਟਾ ਪਹਿਲਾਂ ਆਉਣ ਦਾ ਆਦੇਸ਼ ਦਿੱਤਾ ਤਾਂ ਕਿ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਾ ਹੋਵੇ।
ਵਰਨਣ ਯੋਗ ਹੈ ਕਿ ਪਿਛਲੇ ਸਾਲ ਸੀ ਬੀ ਐਸ ਈ ਵੱਲੋਂ ਕਰਵਾਈ ਗਈ ‘ਨੀਟ’ ਅਤੇ ਦਿੱਲੀ ਸਰਕਾਰ ਦੀ ਡੀ ਐਸ ਐਸ ਐਸ ਬੀ ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਪ੍ਰੀਖਿਆ ਕੇਂਦਰਾਂ ਨੇ ਮਨ੍ਹਾਂ ਕੀਤਾ ਸੀ, ਜਿਸ ਕਾਰਨ ਦਿੱਲੀ ਗੁਰਦੁਆਰਾ ਕਮੇਟੀ ਨੇ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਸੀ।