ਹਾਈ ਕੋਰਟ ਨੇ ਕਿਹਾ: ਕੇਜਰੀਵਾਲ ਕੇਸ ਵਿੱਚ ਜੇਤਲੀ ਵਿਰੁੱਧ ਜੇਠਮਲਾਨੀ ਦੀਆਂ ਟਿੱਪਣੀਆਂ ਅਪਮਾਨ ਜਨਕ

delhi hidhcourt
ਨਵੀਂ ਦਿੱਲੀ, 18 ਮਈ, (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਵੱਲੋਂ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੇ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਨੂੰ ਅੱਜ ਅਪਮਾਨ ਜਨਕ ਕਰਾਰ ਦਿੱਤਾ ਹੈ। ਜਸਟਿਸ ਮਨਮੋਹਨ ਨੇ ਕਿਹਾ ਕਿ ਜੇਕਰ ਕੇਜਰੀਵਾਲ ਦੀਆਂ ਹਦਾਇਤਾਂ ਉਤੇ ਟਿੱਪਣੀਆਂ ਕੀਤੀਆਂ ਗਈਆਂ ਹਨ ਤਾਂ ਉਨ੍ਹਾਂ ਨੂੰ ਖੁਦ ਕਟਹਿਰੇ ਵਿੱਚ ਆਉਣਾ ਚਾਹੀਦਾ ਹੈ ਅਤੇ ਜੇਤਲੀ ਨਾਲ ਜਿਰ੍ਹਾ ਕਰਨ ਦੀ ਬਜਾਏ ਆਪਣੇ ਦੋਸ਼ਾਂ ਨੂੰ ਸਾਬਿਤ ਕਰਨਾ ਚਾਹੀਦਾ ਹੈ।
ਹਾਈ ਕੋਰਟ ਦੇ ਜਸਟਿਸ ਮਨਮੋਹਨ ਸਿੰਘ ਨੇ ਕਿਹਾ, ‘ਜੇ ਅਜਿਹੇ ਦੋਸ਼ ਕੇਜਰੀਵਾਲ ਦੇ ਨਿਰਦੇਸ਼ਾਂ ਉੱਤੇ ਲਾਏ ਗਏ ਹਨ ਤਾਂ ਅਰੁਣ ਜੇਤਲੀ ਨਾਲ ਜਿਰ੍ਹਾ ਕਰਨ ਦੀ ਕੋਈ ਤੁੱਕ ਨਹੀਂ। ਕੇਜਰੀਵਾਲ ਨੂੰ ਦੋਸ਼ ਲਾਉਣ ਦਿਓ। ਉਨ੍ਹਾਂ ਨੂੰ ਕਟਹਿਰੇ ਵਿੱਚ ਆਉਣ ਦਿਓ।’ ਅਰੁਣ ਜੇਤਲੀ ਦੇ ਵਕੀਲਾਂ ਰਾਜੀਵ ਨਈਅਰ ਤੇ ਸੰਦੀਪ ਸੇਠੀ ਨੇ ਅਦਾਲਤ ਮੂਹਰੇ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਉਹ ਸਪਸ਼ਟੀਕਰਨ ਚਾਹੁੰਦੇ ਹਨ ਕਿ ਟਿੱਪਣੀਆਂ ਕੇਜਰੀਵਾਲ ਦੇ ਕਹਿਣ ਉੱਤੇ ਕੀਤੀਆਂ ਗਈਆਂ ਜਾਂ ਜੇਠਮਲਾਨੀ ਨੇ ਆਪਣੇ ਤੌਰ ਉੱਤੇ ਕੀਤੀਆਂ। ਨਈਅਰ ਨੇ ਕਿਹਾ ਕਿ ਕੇਜਰੀਵਾਲ ਨੇ ਸੀਨੀਅਰ ਵਕੀਲ ਨੂੰ ਵਿਵਾਦਤ ਟਿੱਪਣੀਆਂ ਕਰਨ ਨੂੰ ਕਿਹਾ ਹੋਵੇ ਤਾਂ ਉਹ ਉਨ੍ਹਾਂ ਤੋਂ 10 ਕਰੋੜ ਰੁਪਏ ਹੋਰ ਹਰਜਾਨੇ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਜੇ ਜੇਠਮਲਾਨੀ ਨੇ ਆਪਣੇ ਆਪ ਟਿੱਪਣੀ ਕੀਤੀ ਹੈ ਤਾਂ ਇਹ ਬਾਰ ਕੌਂਸਿਲ ਆਫ਼ ਇੰਡੀਆ ਦੇ ਨਿਯਮਾਂ ਦਾ ਉਲੰਘਣ ਹੋਏਗਾ।
ਵਰਨਣ ਯੋਗ ਹੈ ਕਿ ਇਹ ਵਿਵਾਦਤ ਟਿੱਪਣੀਆਂ ਰਾਮ ਜੇਠਮਲਾਨੀ ਨੇ ਜਾਇੰਟ ਰਜਿਸਟਰਾਰ ਦੀਪਾਲੀ ਸ਼ਰਮਾ ਦੇ ਸਾਹਮਣੇ ਕੀਤੀਆਂ ਸਨ, ਜਦੋਂ ਅਰੁਣ ਜੇਤਲੀ ਨਾਲ 10 ਕਰੋੜ ਦੇ ਮਾਣਹਾਨੀ ਕੇਸ ਦੀ ਜਿਰ੍ਹਾ ਕੀਤੀ ਜਾ ਰਹੀ ਸੀ। ਜੇਤਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ‘ਆਪ’ ਪਾਰਟੀ ਦੇ ਪੰਜ ਹੋਰ ਆਗੂਆਂ ਰਾਘਵ ਚੱਢਾ, ਕੁਮਾਰ ਵਿਸ਼ਵਾਸ, ਆਸ਼ੂਤੋਸ਼, ਸੰਜੇ ਸਿੰਘ ਤੇ ਦੀਪਕ ਵਾਜਪੇਈ ਉੱਤੇ ਮਾਣਹਾਨੀ ਦਾ ਕੇਸ ਕੀਤਾ ਹੋਇਆ ਹੈ। ਇਨ੍ਹਾਂ ਇਨ੍ਹਾਂ ਆਗੂਆਂ ਨੇ ਦੋਸ਼ ਲਾਏ ਸਨ ਕਿ ਦਿੱਲੀ ਕ੍ਰਿਕਟ ਐਸੋਸੀਏਸ਼ਨ (ਡੀ ਡੀ ਸੀ ਏ) ਦਾ ਸਾਲ 2000 ਤੋਂ 2013 ਤੱਕ ਪ੍ਰਧਾਨ ਰਹਿੰਦਿਆਂ ਅਰੁਣ ਜੇਤਲੀ ਨੇ ਵਿੱਤੀ ਬੇਨਿਯਮੀਆਂ ਕੀਤੀਆਂ ਸਨ। ਇਹ ਮੁੱਦਾ ਜਸਟਿਸ ਮਨਮੋਹਨ ਸਿੰਘ ਦੇ ਕੋਲ ਓਦੋਂ ਆਇਆ, ਜਦੋਂ ਉਹ ਰਾਘਵ ਚੱਢਾ ਵੱਲੋਂ ਸੋਧ ਦੀ ਅਰਜ਼ੀ ਉੱਤੇ ਸੁਣਵਾਈ ਕਰ ਰਹੇ ਸਨ।