ਹਾਈ ਕੋਰਟ ਨੇ ਕਿਹਾ: ਅਤਿਵਾਦੀ ਵੀਡੀਓ ਦੇਖਣ ਤੇ ਜਹਾਦੀ ਸਾਹਿਤ ਪੜ੍ਹਨ ਨਾਲ ਅਤਿਵਾਦੀ ਕੋਈ ਨਹੀਂ ਬਣ ਜਾਂਦਾ


ਕੋਚੀ, 15 ਮਈ, (ਪੋਸਟ ਬਿਊਰੋ)- ਕੇਰਲਾ ਹਾਈ ਕੋਰਟ ਨੇ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਦੱਸੇ ਇਕ ਮੁਲਜ਼ਮ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਅਤਿਵਾਦ ਨਾਲ ਸਬੰਧਤ ਵੀਡੀਓ ਦੇਖਣ ਅਤੇ ਜਿਹਾਦੀ ਸਾਹਿਤ ਪੜ੍ਹਨ ਨਾਲ ਕੋਈ ਅਤਿਵਾਦੀ ਨਹੀਂ ਬਣ ਸਕਦਾ।
ਜਸਟਿਸ ਏ ਐਮ ਸ਼ਫ਼ੀਕ ਅਤੇ ਜਸਟਿਸ ਪੀ ਸੋਮਰਾਜਨ ਦੀ ਬੈਂਚ ਨੇ ਮੁਹੰਮਦ ਰਿਆਸ ਨਾਂਅ ਦੇ ਵਿਅਕਤੀ ਦੀ ਅਪੀਲ ਉੱਤੇ ਵਿਚਾਰ ਕਰਦੇ ਹੋਏ ਇਹ ਟਿੱਪਣੀ ਕੀਤੀ। ਦੋਸ਼ੀ ਨੇ ਅਪਣੀ ਜ਼ਮਾਨਤ ਰੱਦ ਕੀਤੇ ਜਾਣ ਦੇ ਐਨ ਆਈ ਏ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦਿਤੀ ਸੀ। ਦੋਸ਼ੀ ਰਿਆਸ ਨੇ ਕਿਹਾ ਕਿ ਉਹ ਕਿਸੇ ਅਤਿਵਾਦੀ ਸੰਗਠਨ ਦਾ ਹਿੱਸਾ ਨਹੀਂ ਹੈ। ਉਸ ਨੇ ਦਲੀਲ ਦਿਤੀ ਕਿ ਉਸ ਤੋਂ ਵੱਖ ਰਹਿ ਰਹੀ ਉਸ ਦੀ ਹਿੰਦੂ ਪਤਨੀ ਦੀ ਸ਼ਿਕਾਇਤ ਉੱਤੇ ਉਸ ਨੂੰ ਅਤਿਵਾਦੀ ਦੋਸ਼ਾਂ ਉੱਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਅਰਜ਼ੀ ਕਰਤਾ ਨੇ ਕਿਹਾ ਕਿ ਇਹ ਸਿਰਫ਼ ਵਿਆਹੁਤਾ ਵਿਵਾਦ ਦਾ ਮਾਮਲਾ ਹੈ ਅਤੇ ਉਸ ਦੀ ਪਤਨੀ ਨੇ ਕਿਸੇ ਦੇ ਦਬਾਅ ਵਿਚ ਆ ਕੇ ਉਸ ਦੇ ਵਿਰੁਧ ਇਹ ਦੋਸ਼ ਲਾਏ ਹਨ।
ਵਰਨਣ ਯੋਗ ਹੈ ਕਿ ਰਿਆਸ ਦੀ ਪਤਨੀ ਨੇ ਇਸਲਾਮ ਧਰਮ ਅਪਣਾ ਲਿਆ ਸੀ। ਸੁਣਵਾਈ ਮੌਕੇ ਕੇਂਦਰੀ ਏਜੰਸੀ ਐਨ ਆਈ ਏ ਨੇ ਦਲੀਲ ਦਿਤੀ ਕਿ ਰਿਆਸ ਦੇ ਕੋਲੋਂ ਦੋ ਲੈਪਟਾਪ ਫੜੇ ਗਏ, ਜਿਸ ਵਿਚ ਜਹਾਦ ਅੰਦੋਲਨ ਬਾਰੇ ਸਾਹਿਤ, ਇਸਲਾਮੀ ਉਪਦੇਸ਼ਕ ਜ਼ਾਕਿਰ ਨਾਇਕ ਦੇ ਭਾਸ਼ਣਾਂ ਦਾ ਵੀਡੀਓ ਅਤੇ ਸੀਰੀਆ ਯੁੱਧ ਨਾਲ ਜੁੜੇ ਵੀਡੀਓ ਹਨ। ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਵੀਡੀਓ ਆਮ ਮਿਲਦੇ ਹਨ, ਸਿਰਫ਼ ਇਸ ਲਈ ਕਿ ਕੋਈ ਵਿਅਕਤੀ ਇਨ੍ਹਾਂ ਚੀਜ਼ਾਂ ਨੂੰ ਦੇਖਦਾ ਹੈ, ਉਸ ਨੂੰ ਅਤਿਵਾਦ ਵਿਚ ਸ਼ਾਮਲ ਠਹਿਰਾਉਣਾ ਸੰਭਵ ਨਹੀਂ ਹੈ।