ਹਾਈ ਕੋਰਟ ਦੇ ਜੱਜ ਨੇ ਤੜਕੇ ਸਾਢੇ ਤਿੰਨ ਵਜੇ ਤੱਕ ਸੁਣਵਾਈ ਕੀਤੀ


* ਦਿਨ ਚੜ੍ਹੇ ਫਿਰ ਮਿੱਥੇ ਸਮੇਂ ਅਦਾਲਤ ਆਣ ਪੁੱਜੇ
ਮੁੰਬਈ, 6 ਮਈ (ਪੋਸਟ ਬਿਊਰੋ)- ਮੁੰਬਈ ਹਾਈ ਕੋਰਟ ਦੇ ਜਸਟਿਸ ਐੱਸ ਜੇ ਕਥਾਵਾਲਾ ਨੇ ਕੋਈ ਫਿਲਮ ਦੀ ਭੂਮਿਕਾ ਨਹੀਂ ਨਿਭਾਈ, ਪਰ ਉਨ੍ਹਾਂ ਨੇ ਬੀਤੇ ਸ਼ੁੱਕਰਵਾਰ ਨੂੰ ਰੋਜ਼ਾਨਾ ਸਮੇਂ ਵਾਂਗ ਸ਼ੁਰੂ ਹੋਈ ਕੋਰਟ ਵਿੱਚ ਅਗਲੇ ਦਿਨ ਸਵੇਰੇ 3:30 ਵਜੇ ਤੱਕ ਮਾਮਲਿਆਂ ਦੀ ਸੁਣਵਾਈ ਕੀਤੀ, ਜਿਸ ਤੋਂ ਹਰ ਕੋਈ ਹੈਰਾਨ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਜਸਟਿਸ ਸ਼ਾਹਰੁਖ ਜੇ. ਕਥਾਵਾਲਾ ਤੋਂ ਬਿਨਾ ਬਾਕੀ ਸਾਰੇ ਜੱਜ ਸ਼ਾਮ 5 ਵਜੇ ਕੇਸਾਂ ਦਾ ਨਿਪਟਾਰਾ ਕਰਕੇ ਚਲੇ ਗਏ। ਜਸਟਿਸ ਕਥਾਵਾਲਾ ਇਸੇ ਕੋਸ਼ਿਸ਼ ਵਿਚ ਰਹੇ ਕਿ 5 ਮਈ ਤੋਂ ਅਦਾਲਤ ਵਿਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ ਅਤੇ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਹੋ ਜਾਵੇ। ਮੁੰਬਈ ਹਾਈ ਕੋਰਟ ਦੇ ਜਸਟਿਸ ਸ਼ਾਹਰੁਖ ਜੇ ਕਥਾਵਾਲਾ ਦੀ ਕੋਰਟ ਅਗਲੇ ਦਿਨ ਸਵੇਰੇ ਸਾਢੇ ਤਿੰਨ ਵਜੇ ਤੱਕ ਚੱਲੀ। ਇਸ ਦੌਰਾਨ ਕਈ ਕੇਸਾਂ ਦੀ ਸੁਣਵਾਈ ਦੇ ਨਾਲ ਪਟੀਸ਼ਨਾਂ ਉੱਤੇ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ।
ਜੱਜ ਦੇ ਨਾਲ ਮੌਜੂਦ ਰਹੇ ਇਕ ਸੀਨੀਅਰ ਐਡਵੋਕੇਟ ਨੇ ਦੱਸਿਆ, ‘ਕੋਰਟ ਰੂਮ ਸੀਨੀਅਰ ਵਕੀਲਾਂ ਨਾਲ ਭਰਿਆ ਹੋਇਆ ਸੀ, ਜਿਨ੍ਹਾਂ ਦੇ ਕੇਸਾਂ ਦੀ ਸੁਣਵਾਈ ਹੋ ਰਹੀ ਸੀ। ਇਸ ਮੌਕੇ ਲਗਭਗ 100 ਜਨਤਕ ਪਟੀਸ਼ਨਾਂ ਸਨ, ਜਿਨ੍ਹਾਂ ਉੱਤੇ ਤਤਕਾਲੀ ਅੰਤਰਿਮ ਰਾਹਤ ਦੀ ਮੰਗ ਕੀਤੀ ਗਈ ਸੀ। ਉਂਜ ਇਹ ਪਹਿਲਾ ਮੌਕਾ ਵੀ ਨਹੀਂ ਸੀ ਜਦੋਂ ਜਸਟਿਸ ਕਥਾਵਾਲਾ ਨੇ ਸ਼ੁੱਕਰਵਾਰ ਨੂੰ ਇੰਨੀ ਦੇਰ ਤੱਕ ਕੇਸਾਂ ਦੀ ਸੁਣਵਾਈ ਕੀਤੀ ਸੀ। ਦੋ ਹਫਤੇ ਪਹਿਲਾਂ ਵੀ ਉਹ ਆਪਣੇ ਚੈਂਬਰ ਵਿਚ ਦੇਰ ਰਾਤ ਤੱਕ ਕੇਸਾਂ ਦੀ ਸੁਣਵਾਈ ਕਰਦੇ ਰਹੇ ਸਨ। ਇਕ ਹੋਰ ਸੀਨੀਅਰ ਵਕੀਲ ਪ੍ਰਵੀਨ ਸਮਦਾਨੀ ਨੇ ਕਿਹਾ, ‘ਜਸਟਿਸ ਕਥਾਵਾਲਾ ਸਵੇਰੇ ਸਾਢੇ ਤਿੰਨ ਵਜੇ ਤੱਕ ਓਨੇ ਹੀ ਚੁਸਤ ਦਿੱਸ ਰਹੇ ਸਨ ਜਿਵੇਂ ਕੋਈ ਸਵੇਰੇ ਦਫਤਰ ਆਉਣ ਸਮੇਂ ਲੱਗਦੇ ਹਨ। ਮੇਰਾ ਕੇਸ ਸਭ ਤੋਂ ਆਖਰ ਵਿਚ ਸੁਣੇ ਜਾਣ ਵਾਲੇ ਕੇਸਾਂ ਵਿਚ ਸੀ। ਦੇਰ ਰਾਤ ਦੇ ਸਮੇਂ ਵੀ ਜੱਜ ਨੇ ਸਾਡੀ ਗੱਲ ਬਹੁਤ ਹੀ ਧਿਆਨ ਨਾਲ ਸੁਣੀ ਅਤੇ ਹੁਕਮ ਪਾਸ ਕੀਤਾ।’
ਜਸਟਿਸ ਕਥਾਵਾਲਾ ਆਮ ਤੌਰ ਉੱਤੇ ਦੂਸਰੇ ਜੱਜਾਂ ਦੇ ਮੁਕਾਬਲੇ ਰੋਜ਼ ਕਰੀਬ ਇੱਕ ਘੰਟਾ ਪਹਿਲਾਂ ਸਵੇਰੇ 10 ਵਜੇ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੰਦੇ ਹਨ ਅਤੇ 5 ਵਜੇ ਤੋਂ ਬਾਅਦ ਵੀ ਕੇਸਾਂ ਦੀ ਸੁਣਵਾਈ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਸਟਾਫ ਦੇ ਇਕ ਮੈਂਬਰ ਨੇ ਦੱਸਿਆ ਕਿ ਦੇਰ ਰਾਤ ਤੱਕ ਕੇਸਾਂ ਦੀ ਸੁਣਵਾਈ ਕਰਨ ਦੇ ਬਾਵਜੂਦ ਅਗਲੇ ਦਿਨ ਜਸਟਿਸ ਕਥਾਵਾਲਾ ਸਵੇਰੇ ਤੈਅ ਸਮੇਂ ਉੱਤੇ ਆਪਣੇ ਚੈਂਬਰ ਵਿੱਚ ਕੇਸਾਂ ਦੀ ਸੁਣਵਾਈ ਲਈ ਪਹੁੰਚ ਗਏ।