ਹਾਈਡਰੋ ਵੰਨ ਦੇ ਬੋਰਡ ਨੇ ਕੀਤਾ ਰਿਜ਼ਾਈਨ, ਸੀਈਓ ਹੋਇਆ ਰਿਟਾਇਰ


ਟੋਰਾਂਟੋ, 11 ਜੁਲਾਈ (ਪੋਸਟ ਬਿਊਰੋ) : ਪ੍ਰੀਮੀਅਰ ਡੱਗ ਫੋਰਡ ਨੇ ਹਾਈਡਰ ਵੰਨ ਦੇ ਸੀਈਓ ਦੀ ਫੌਰੀ ਰਿਟਾਇਰਮੈਂਟ ਤੇ ਸਮੁੱਚੇ ਬੋਰਡ ਆਫ ਡਾਇਰੈਕਟਰਜ਼ ਦੇ ਅਸਤੀਫੇ ਦੇ ਸਬੰਧ ਵਿੱਚ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਉਹ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਵਿੱਚ ਪਿੱਛੇ ਨਹੀਂ ਹਟੇ।
ਜਿ਼ਕਰਯੋਗ ਹੈ ਕਿ ਫੋਰਡ ਨੇ ਇਹ ਵਾਅਦਾ ਕੀਤਾ ਸੀ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਹਾਈਡਰੋ ਵੰਨ ਦੇ ਸੀਈਓ ਮਾਇਓ ਸ਼ਮਿਡਟ ਨੂੰ ਨੌਕਰੀ ਤੋਂ ਕੱਢ ਦੇਣਗੇ। ਉਨ੍ਹਾਂ ਸ਼ਮਿਡਟ ਨੂੰ 6 ਮਿਲੀਅਨ ਡਾਲਰ ਵਾਲਾ ਵਿਅਕਤੀ ਵੀ ਆਖਿਆ ਸੀ। ਫੋਰਡ ਨੇ ਆਖਿਆ ਕਿ ਇਹ ਪ੍ਰੋਵਿੰਸ ਲਈ ਬਹੁਤ ਹੀ ਵਧੀਆ ਦਿਨ ਹੈ। ਨਵੀਂ ਟੋਰੀ ਸਰਕਾਰ ਤੇ ਅੰਸ਼ਕ ਤੌਰ ਉੱਤੇ ਪ੍ਰਾਈਵੇਟ ਪਾਵਰ ਯੂਟਿਲਿਟੀ ਦਰਮਿਆਨ ਹੋਏ ਸਮਝੌਤੇ ਤਹਿਤ ਸ਼ਮਿਡਟ ਦੇ ਰਿਟਾਇਰ ਹੋਣ ਦੀ ਸੂਰਤ ਵਿੱਚ ਉਨ੍ਹਾਂ ਦਾ ਸਮੁੱਚਾ ਬੋਰਡ ਆਫ ਡਾਇਰੈਕਟਰਜ਼ ਵੀ ਅਸਤੀਫਾ ਦੇਵੇਗਾ ਜਾਂ ਉਸ ਨੂੰ ਬਦਲਿਆ ਜਾਵੇਗਾ।
ਫੋਰਡ ਨੇ ਹੁੱਭ ਕੇ ਆਖਿਆ ਕਿ ਉਨ੍ਹਾਂ ਵਾਰੀ ਵਾਰੀ ਇਹੋ ਆਖਿਆ ਸੀ ਕਿ ਹਾਈਡਰੋ ਵੰਨ ਦਾ ਸੀਈਓ ਹਰ ਹਾਲ ਜਾਵੇਗਾ ਤੇ ਬੋਰਡ ਵੀ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਇਸ ਲਈ ਖੁਸ਼ ਹਨ। ਹੁਣ ਅਸੀਂ ਨਵੇਂ ਸਿਰੇ ਤੋਂ ਸਹੀ ਕੰਮ ਕਰ ਸਕਾਂਗੇ।