ਹਾਈਡਰੋ ਵੰਨ ਦੀ ਹਿੱਸੇਦਾਰੀ ਵੇਚਣ ਦਾ ਓਨਟਾਰੀਓ ਨੂੰ ਭੁਗਤਣਾ ਹੋਵੇਗਾ ਖਮਿਆਜਾ


ਟੋਰਾਂਟੋ, 12 ਫਰਵਰੀ (ਪੋਸਟ ਬਿਊਰੋ) : ਓਨਟਾਰੀਓ ਦੇ ਫਾਇਨਾਂਸ਼ੀਅਲ ਵਾਚਡੌਗ ਦਾ ਕਹਿਣਾ ਹੈ ਕਿ ਰਵਾਇਤੀ ਕਰਜ਼ ਰਾਹੀਂ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੂੰ ਫਾਇਨਾਂਸ ਕੀਤੇ ਜਾਣ ਨਾਲ ਸਰਕਾਰ ਨੂੰ ਹਾਈਡਰੋ ਵੰਨ ਦੇ ਨਿਜੀਕਰਨ ਨਾਲੋਂ ਘੱਟ ਘਾਟਾ ਪੈਣਾ ਸੀ।
ਫਾਇਨਾਂਸ਼ੀਅਲ ਅਕਾਊਂਟੇਬਿਲਿਟੀ ਆਫਿਸ ਦਾ ਕਹਿਣਾ ਹੈ ਕਿ ਜੇ ਸਰਕਾਰ ਇਸ ਕੰਮ ਲਈ ਫੰਡ ਮੁਹੱਈਆ ਕਰਵਾਉਣ ਵਾਸਤੇ ਰਵਾਇਤੀ ਕਰਜ਼ ਦਾ ਉਪਰਾਲਾ ਕਰਦੀ ਤਾਂ ਟੈਕਸਦਾਤਾਵਾਂ ਦੇ 1.8 ਬਿਲੀਅਨ ਡਾਲਰ ਦੀ ਬਚਤ ਹੋ ਸਕਦੀ ਸੀ। ਹਾਈਡਰੋ ਵੰਨ ਨੂੰ ਨਵੰਬਰ 2015 ਵਿੱਚ ਪਬਲਿਕ ਕਰ ਦਿੱਤਾ ਗਿਆ। ਪ੍ਰੋਵਿੰਸ ਦਾ ਉਸ ਸਮੇਂ ਇਹ ਕਹਿਣਾ ਸੀ ਕਿ ਉਹ ਸੇ਼ਅਰਾਂ ਦੀ ਵਿੱਕਰੀ ਨਾਲ ਟਰਾਂਜਿ਼ਟ ਤੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੂੰ ਫੰਡ ਕਰਨ ਦੀ ਯੋਜਨਾ ਬਣਾ ਰਹੀ ਹੈ।
ਐਫਏਓ ਦਾ ਕਹਿਣਾ ਹੈ ਕਿ ਅੰਸ਼ਕ ਨਿਜੀਕਰਨ ਦੇ ਪਹਿਲੇ ਤਿੰਨ ਸਾਲਾਂ ਵਿੱਚ ਪ੍ਰੋਵਿੰਸ ਨੂੰ ਇਸ ਡੀਲ ਤੋਂ 3.8 ਬਿਲੀਅਨ ਡਾਲਰ ਦਾ ਕੁੱਲ ਮੁਨਾਫਾ ਹੋਇਆ। ਪਰ 2018-19 ਵਿੱਚ 1.1 ਬਿਲੀਅਨ ਡਾਲਰ ਦਾ ਘਾਟਾ ਵੀ ਪਿਆ ਹੈ ਕਿਉਂਕਿ ਪ੍ਰੋਵਿੰਸ ਨੇ ਇੱਕ ਸਮੇਂ ਦੇ ਚਾਰਜਿਜ਼ ਦਾ ਬੋਝ ਆਪ ਝੱਲਿਆ ਤੇ ਕੰਪਨੀ ਵਿੱਚ ਲਾਏ ਆਪਣੇ ਮੁੱਢਲੇ ਸਰਮਾਏ ਤੋਂ ਪ੍ਰੋਵਿੰਸ ਨੂੰ ਕੋਈ ਆਮਦਨ ਨਹੀਂ ਹੋਈ। ਐਫਏਓ ਦਾ ਕਹਿਣਾ ਹੈ ਕਿ ਦਸੰਬਰ 2017 ਵਿੱਚ ਪ੍ਰੋਵਿੰਸ ਨੇ ਕੰਪਨੀ ਵਿਚਲੀ ਆਪਣੀ 53 ਫੀ ਸਦੀ ਹਿੱਸੇਦਾਰੀ ਵੇਚ ਕੇ ਅੰਦਾਜ਼ਨ 9.2 ਬਿਲੀਅਨ ਡਾਲਰ ਕਮਾਏ।