ਹਾਈਡਰੋ ਦਰਾਂ ਵਿੱਚ ਕਟੌਤੀ ਦੇ ਅਗਾਊਂ ਪ੍ਰਚਾਰ ਤੋਂ ਵਿਰੋਧੀ ਧਿਰ ਸਰਕਾਰ ਤੋਂ ਖਫਾ

patਓਨਟਾਰੀਓ, 20 ਮਾਰਚ (ਪੋਸਟ ਬਿਊਰੋ) : ਇਸ ਸਾਲ ਹਾਈਡਰੋ ਰੇਟਾਂ ਵਿੱਚ ਕੀਤੀ ਜਾਣ ਵਾਲੀ 25 ਫੀ ਸਦੀ ਕਟੌਤੀ ਲਈ ਲਿਬਰਲ ਸਰਕਾਰ ਤਿਆਰੀ ਕਰ ਰਹੀ ਹੈ ਪਰ ਹੁਣੇ ਤੋਂ ਹੀ ਇਸ਼ਤਿਹਾਰਾਂ ਰਾਹੀਂ ਕੀਤੇ ਜਾ ਰਹੇ ਇਸ ਦੇ ਪ੍ਰਚਾਰ ਦੇ ਸਬੰਧ ਵਿੱਚ ਵਿਰੋਧੀ ਧਿਰ ਵੱਲੋਂ ਪਾਰਟੀ ਦੀ ਸਖ਼ਤ ਨੁਕਤਾਚੀਨੀ ਕੀਤੀ ਜਾ ਰਹੀ ਹੈ।
ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਤੇ ਨਿਊ ਡੈਮੋਕ੍ਰੈਟਸ ਵੱਲੋਂ ਇਹ ਸਿ਼ਕਾਇਤ ਕੀਤੀ ਜਾ ਰਹੀ ਹੈ ਕਿ ਸ਼ੁੱਕਰਵਾਰ ਨੂੰ ਪ੍ਰਸਾਰਿਤ ਕੀਤੇ ਜਾਣ ਵਾਲੇ ਇਸ਼ਤਿਹਾਰ ਪਾਰਲੀਆਮੈਂਟ ਦੀ ਸਰਾਸਰ ਹੱਤਕ ਹਨ ਕਿਉਂਕਿ ਅਜੇ ਨਵੀਆਂ ਦਰਾਂ ਨੂੰ ਰਸਮੀ ਤੌਰ ਉੱਤੇ ਮਾਨਤਾ ਹੀ ਨਹੀਂ ਦਿੱਤੀ ਗਈ। ਪੀਸੀ ਲੀਡਰ ਪੈਟ੍ਰਿਕ ਬ੍ਰਾਊਨ ਨੇ ਸੋਮਵਾਰ ਨੂੰ ਆਖਿਆ ਕਿ ਮਿਹਨਤ ਨਾਲ ਕੀਤੀ ਲੋਕਾਂ ਦੀ ਕਮਾਈ ਨੂੰ ਲਿਬਰਲ ਸਰਕਾਰ ਨੂੰ ਇਸ ਤਰ੍ਹਾਂ ਆਪਣੀ ਵਾਹ-ਵਾਹੀ ਕਰਨ ਵਾਲੇ ਇਸ਼ਤਿਹਾਰਾਂ ਉੱਤੇ ਖਰਚ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਆਖਿਆ ਕਿ ਸਰਕਾਰ ਆਪਣੀ ਡਿੱਗ ਰਹੀ ਸਾਖ ਤੇ ਘੱਟ ਚੁੱਕੀ ਹਰਮਨਪਿਆਰਤਾ ਨੂੰ ਬਚਾਉਣ ਲਈ ਰੇਡੀਓ ਸਟੇਸ਼ਨਾਂ ਤੇ ਸੋਸ਼ਲ ਮੀਡੀਆ ਦਾ ਸਹਾਰਾ ਲੈਣ ਦੀ ਕੋਸਿ਼ਸ਼ ਕਰ ਰਹੀ ਹੈ। ਇਸ ਮੌਕੇ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ ਅਜੇ ਹਾਈਡਰੋ ਦਰਾਂ ਵਿੱਚ ਜੂਨ ਦੇ ਮਹੀਨੇ ਕਟੌਤੀ ਹੋਣੀ ਹੈ ਤੇ ਇਸ ਤਰ੍ਹਾਂ ਦੇ ਇਸ਼ਤਿਹਾਰ ਕਈ ਮਹੀਨੇ ਪਹਿਲਾਂ ਹੀ ਦੇਣੇ ਸ਼ੁਰੂ ਕਰ ਦਿੱਤੇ ਗਏ ਹਨ। ਅਜੇ ਤੱਕ ਹਾਈਡਰੋ ਦਰਾਂ ਵਿੱਚ ਇੱਕ ਆਨਾ ਵੀ ਕਮੀ ਨਹੀਂ ਆਈ ਹੈ ਤੇ ਪ੍ਰੀਮੀਅਰ ਨੇ ਅਜੇ ਇਸ ਸਬੰਧੀ ਕੋਈ ਯੋਜਨਾ ਵੀ ਪੇਸ਼ ਨਹੀਂ ਕੀਤੀ ਹੈ, ਓਨਟਾਰੀਓ ਵਾਸੀਆਂ ਦਾ ਪੈਸਾ ਕਿਸ ਥਾਂ ਉੱਤੇ ਖਰਚ ਕੀਤਾ ਜਾਵੇਗਾ ਇਸ ਬਾਰੇ ਕੋਈ ਬਿੱਲ ਵੀ ਨਹੀਂ ਲਿਆਂਦਾ ਗਿਆ ਹੈ, ਨਾ ਹੀ ਭਵਿੱਖ ਵਿੱਚ ਪੈਸੇ ਦੀ ਬਚਤ ਸਬੰਧੀ ਕੋਈ ਯੋਜਨਾ ਦੱਸੀ ਗਈ ਹੈ ਪਰ ਸਰਕਾਰ ਆਪਣੀਆਂ ਤਰੀਫਾਂ ਦੇ ਪੁਲ ਬੰਨਣ ਤੋਂ ਨਹੀਂ ਉੱਕਣਾ ਚਾਹੁੰਦੀ।
ਇੱਥੇ ਹੀ ਬੱਸ ਨਹੀਂ ਪ੍ਰੀਮੀਅਰ ਇਸ਼ਤਿਹਾਰਾਂ ਉੱਤੇ ਵਾਧੂ ਪੈਸਾ ਖਰਚ ਕਰਕੇ ਇਹ ਸਿੱਧ ਕਰਨ ਉੱਤੇ ਤੁਲੀ ਹੋਈ ਹੈ ਕਿ ਸਮੱਸਿਆ ਹੱਲ ਹੋ ਚੁੱਕੀ ਹੈ। ਪ੍ਰੀਮੀਅਰ ਲੋਕਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਅਸੀਂ ਤੁਹਾਨੂੰ ਸੁਣ ਲਿਆ ਹੈ ਤੇ ਹੁਣ ਅਸੀਂ ਹਾਈਡਰੋ ਰੇਟਾਂ ਵਿੱਚ 25 ਫੀ ਸਦੀ ਕਟੌਤੀ ਕਰ ਰਹੇ ਹਾਂ। ਕੈਥਲੀਨ ਵਿੰਨ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਸਾਡੇ ਕੋਲ ਠੋਸ ਯੋਜਨਾ ਹੈ ਜਿਸ ਨਾਲ ਲੋਕਾਂ ਦੇ ਬਿਜਲੀ ਦੇ ਬਿੱਲ ਘਟ ਜਾਣਗੇ ਤੇ ਉਹ ਵੀ ਇਨ੍ਹਾਂ ਗਰਮੀਆਂ ਵਿੱਚ।