ਹਾਂਗਕਾਂਗ ਵਿੱਚ ਵਿਸ਼ਵ ਯੁੱਧ ਮੌਕੇ ਸੁੱਟਿਆ ਇਕ ਹੋਰ ਬੰਬ ਮਿਲਿਆ


ਹਾਂਗਕਾਂਗ, 2 ਫਰਵਰੀ (ਪੋਸਟ ਬਿਊਰੋ)- ਹਾਂਗਕਾਂਗ ਵਿੱਚ ਸ਼ਾ ਟੀਨ-ਸੈਂਟਰ ਰੇਲ ਲਿੰਕ ਦੀ ਉਸਾਰੀ ਵਾਲੀ ਜਗ੍ਹਾ ਉਤੇ ਦੂਜੀ ਸੰਸਾਰ ਜੰਗ ਸਮੇਂ ਅਮਰੀਕਾ ਵੱਲੋਂ ਜਾਪਾਨ ਅਧੀਨ ਹਾਂਗਕਾਂਗ ‘ਤੇ ਸੁੱਟੇ ਅਣਚੱਲੇ ਬੰਬ ਲਗਾਤਾਰ ਦੂਜੀ ਵਾਰ ਮਿਲਣ ‘ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਬੀਤੇ ਐਤਵਾਰ 450 ਕਿਲੋ ਭਾਰੇ ਬੰਬ ਨੂੰ ਨਕਾਰਾ ਕਰਨ ਪਿੱਛੋਂ ਇਸੇ ਜਗ੍ਹਾ ‘ਤੇ 220 ਕਿਲੋ ਭਾਰੇ ਬੰਬ ਦੇ ਮਿਲਣ ਕਾਰਨ ਵਾਨਚਾਈ ਦਾ ਸਾਰਾ ਇਲਾਕਾ ਖਾਲੀ ਕਰਾਇਆ ਗਿਆ ਤੇ ਆਵਾਜਾਈ ਦੇ ਸਾਰੇ ਸਾਧਨ ਅਣਮਿੱਥੇ ਸਮੇਂ ਲਈ ਬੰਦ ਕੀਤੇ ਜਾ ਚੁੱਕੇ ਹਨ।
ਵਰਨਣ ਯੋਗ ਹੈ ਕਿ 1942 ਤੋਂ ਅਗਸਤ 1945 ਤੱਕ ਜਾਪਾਨੀ ਕਬਜ਼ੇ ਹੇਠ ਹਾਂਗਕਾਂਗ ਉਤੇ ਅਮਰੀਕਾ ਵੱਲੋਂ ਕੀਤੀ ਭਾਰੀ ਬੰਬਾਰੀ ਦੌਰਾਨ 807 ਕਿਲੋ ਭਾਰੇ 13 ਅਤੇ 450 ਕਿਲੋ ਭਾਰੇ ਕਰੀਬ 72 ਬੰਬ ਸੁੱਟੇ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਣਚੱਲੇ ਬੰਬ ਹਾਲੇ ਵੀ ਇਸ ਖੇਤਰ ਦੇ ਆਲੇ ਦੁਆਲੇ ਦੱਬੇ ਪਏ ਹਨ। ਦੂਜੀ ਸੰਸਾਰ ਜੰਗ ਦੌਰਾਨ ਹਾਂਗਕਾਂਗ ‘ਤੇ ਅਮਰੀਕਾ ਵੱਲੋਂ ਕੀਤੀ ਇਸ ਭਿਅੰਕਰ ਬੰਬਾਰੀ ਤੋਂ ਬਚਣ ਲਈ ਕਮ ਥੀਨ ਇਲਾਕੇ ਵਿੱਚ ਬਣਾਏ ਗਏ ਮਜ਼ਬੂਤ ਬੰਕਰ ਵਿੱਚ ਹੁਣ ਪੂਰਾ ਪਿੰਡ ਵਸ ਚੁੱਕਾ ਹੈ, ਜਿਸ ਅੰਦਰ ਜਾਣ ਲਈ ਅੱਜ ਵੀ ਇਕੋ ਰਸਤਾ ਹੈ। ਬੰਬ ਨਿਰੋਧਕ ਦਸਤੇ ਨੇ ਇਸ ਬੰਬ ਨੂੰ ਨਕਾਰਾ ਕਰਨ ਲਈ ਆਪਣੇ ਕਬਜ਼ੇ ‘ਚ ਲੈ ਲਿਆ ਹੈ।