ਹਸੀਨ ਜਹਾਂ ਕਹਿੰਦੀ: ਮੇਰੇ ਹੱਥ ਫੋਨ ਨਾ ਲੱਗਾ ਹੁੰਦਾ ਤਾਂ ਸ਼ੰਮੀ ਹੁਣ ਤੱਕ ਤਲਾਕ ਦੇ ਦੇਂਦਾ


ਨਵੀਂ ਦਿੱਲੀ, 12 ਮਾਰਚ (ਪੋਸਟ ਬਿਊਰੋ)- ਭਾਰਤੀ ਕ੍ਰਿਕਟਰ ਮੁਹੰਮਦ ਸ਼ੰਮੀ ਅਤੇ ਉਸ ਦੀ ਪਤਨੀ ਹਸੀਨ ਜਹਾਂ ਵਿਚਾਲੇ ਪਰਵਾਰਕ ਝਗੜਾ ਜਨਤਕ ਹੋਣ ਤੋਂ ਬਾਅਦ ਹਰ ਦਿਨ ਇਸ ‘ਚ ਨਵੇਂ ਮੋੜ ਆ ਰਹੇ ਹਨ। ਹਸੀਨ ਨੇ ਫਿਰ ਕ੍ਰਿਕਟਰ ਪਤੀ ਉੱਤੇ ਨਵੇਂ ਦੋਸ਼ ਲਾਏ ਅਤੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਸ਼ੰਮੀ ਦਾ ਫੋਨ ਉਸ ਦੇ ਹੱਥ ਨਾ ਲੱਗਾ ਹੁੰਦਾ ਤਾਂ ਹੁਣ ਤੱਕ ਕ੍ਰਿਕਟਰ ਵੱਲੋਂ ਉਸ ਨੂੰ ਤਲਾਕ ਵੀ ਦੇ ਦਿੱਤਾ ਹੁੰਦਾ।
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਦੇ ਖਿਲਾਫ ਉਸ ਦੀ ਪਤਨੀ ਨੇ ਕੋਲਕਾਤਾ ਪੁਲਸ ਕੋਲ ਘਰੇਲੂ ਹਿੰਸਾ, ਬਲਾਤਕਾਰ, ਦਾਜ ਅਤੇ ਵੱਖ-ਵੱਖ ਔਰਤਾਂ ਨਾਲ ਸੰਬੰਧ ਰੱਖਣ ਵਰਗੇ ਗੰਭੀਰ ਦੋਸ਼ ਲਾਉਂਦੇ ਹੋਏ ਕੇਸ ਦਰਜ ਕਰਵਾਇਆ ਹੈ। ਕ੍ਰਿਕਟਰ ਸ਼ਮੀ ਇਨਾਂ ਦੋਸ਼ਾਂ ਤੋਂ ਬਾਅਦ ਆਪਣਾ ਅਕਸ ਖਰਾਬ ਹੋਣ ਦੇ ਨਾਲ ਭਾਰਤੀ ਟੀਮ ਅਤੇ ਆਈ ਪੀ ਐਲ ਦੇ ਅਗਲੇ ਸੈਸ਼ਨ ਵਿੱਚ ਆਪਣੇ ਕਰੀਅਰ ਬਾਰੇ ਸੰਕਟ ਵਿੱਚ ਘਿਰ ਗਿਆ ਹੈ। ਉਸ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਬੁੱਧਵਾਰ ਜਾਰੀ ਕੀਤੀ ਕੇਂਦਰੀ ਸਮਝੌਤੇ ਦੀ ਸੂਚੀ ‘ਚੋਂ ਬਾਹਰ ਰੱਖਿਆ ਅਤੇ ਆਈ ਪੀ ਐੱਲ ਦੀ ਉਸ ਦੀ ਟੀਮ ਦਿੱਲੀ ਡੇਅਰਡੇਵਿਲਜ਼ ਵੀ ਉਸ ਨੂੰ ਲੀਗ ‘ਚ ਖਿਡਾਉਣ ‘ਤੇ ਮੁੜ-ਵਿਚਾਰ ਕਰ ਰਹੀ ਹੈ।
ਹਸੀਨ ਜਹਾਂ ਨੇ ਕਿਹਾ ਕਿ ਮੈਂ ਸ਼ੰਮੀ ਨੂੰ ਫੋਨ ਮਿਲਣ ਪਿੱਛੋਂ ਕਾਫੀ ਸਮਝਾਉਣ ਦਾ ਯਤਨ ਕੀਥਾਂ ਅਤੇ ਗਲਤੀ ਮੰਨ ਲੈਣ ਨੂੰ ਕਿਹਾ। ਸ਼ੰਮੀ ਦੇ ਖਿਲਾਫ ਵੱਖ ਵੱਖ ਧਾਰਾਵਾਂ ਦਾ ਕੇਸ ਦਰਜ ਕੀਤਾ ਗਿਆ ਹੈ ਤੇ ਕਾਨੂੰਨੀ ਕਾਰਵਾਈ ਝੱਲ ਰਹੇ ਤੇਜ਼ ਗੇਂਦਬਾਜ਼ ਨੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਉਸ ਦੀ ਪਤਨੀ ਕਿਸੇ ਦੇ ਬਹਿਕਾਵੇ ਵਿੱਚ ਆ ਗਈ ਹੈ ਤੇ ਉਹ ਉਸ ਖਿਲਾਫ ਕੋਈ ਸਾਜ਼ਿਸ਼ ਹੈ। ਹਸੀਨ ਨੇ ਕਿਹਾ ਕਿ ਸ਼ੰਮੀ ਖੁਦ ਨੂੰ ਬਚਾਉਣ ਲਈ ਏਦਾਂ ਕਹਿ ਰਿਹਾ ਹੈ। ਉਸ ਨੇ ਸ਼ੰਮੀ ਦੇ ਦੋਸ਼ਾਂ ਬਾਰੇ ਕਿਹਾ ਕਿ ਉਹ ਖੁਦ ਨੂੰ ਬਚਾਉਣ ਲਈ ਬਹਾਨੇ ਬਣਾ ਰਿਹਾ ਹੈ। ਮੀਡੀਆ ਨੂੰ ਮੈਂ ਬਹੁਤ ਸਾਰੇ ਸਬੂਤ ਦਿੱਤੇ ਹਨ ਤਾਂ ਕਿਉਂ ਨਹੀਂ ਮੀਡੀਆ ਹੀ ਇਸ ਕੇਸ ਦੀ ਜਾਂਚ ਕਰ ਲੈਂਦਾ। ਮੈਂ ਸੋਸ਼ਲ ਮੀਡੀਆ ‘ਤੇ ਸਭ ਕੁਝ ਕਿਹਾ ਹੈ, ਮੈਂ ਤਾਂ ਸ਼ੰਮੀ ਨੂੰ ਆਪਣਾ ਵਿਆਹ ਬਚਾਉਣ ਲਈ ਕਾਫੀ ਅਪੀਲ ਕੀਤੀ ਹੈ। ਜੇ ਉਹ ਦੁਬਾਰਾ ਮੇਰੇ ਕੋਲ ਆਉਣ ਦਾ ਫੈਸਲਾ ਕਰਦਾ ਹੈ ਤਾਂ ਮੈਂ ਇਸ ਬਾਰੇ ਵਿਚਾਰ ਕਰ ਸਕਦੀ ਹਾਂ।
28 ਸਾਲਾ ਤੇਜ਼ ਗੇਂਦਬਾਜ਼ ਸ਼ਮੀ ਨੇ ਇਨ੍ਹਾਂ ਦੋਸ਼ਾਂ ਬਾਰੇ ਜ਼ਿਆਦਾ ਕੁਝ ਨਹੀਂ ਕਿਹਾ ਅਤੇ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਮੇਰੇ ਉਪਰ ਹਰ ਰੋਜ਼ ਨਵੇਂ ਦੋਸ਼ ਲਾਏ ਜਾ ਰਹੇ ਹਨ ਅਤੇ ਮੈਂ ਇਸ ਦੀ ਸਫਾਈ ਨਹੀਂ ਦੇਣਾ ਚਾਹੁੰਦਾ, ਮੈਂ ਸਿਰਫ ਇੰਨਾ ਕਹਿ ਸਕਦਾ ਹਾਂ ਕਿ ਇਨ੍ਹਾਂ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਸ਼ੰਮੀ ਨੇ ਇਸ ਦੌਰਾਨ ਆਪਣੇ ਟੀਮ ਕਰੀਅਰ ਬਾਰੇ ਵੀ ਕਿਹਾ ਕਿ ਉਸ ਨੂੰ ਬੋਰਡ ‘ਤੇ ਪੂਰਾ ਭਰੋਸਾ ਹੈ। ਉਸ ਨੇ ਕਿਹਾ ਕਿ ਮੈਨੂੰ ਬੀ ਸੀ ਸੀ ਆਈ ‘ਤੇ ਭਰੋਸਾ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਬੋਰਡ ਦਾ ਫੈਸਲਾ ਹੋਵੇਗਾ, ਮੈਂ ਉਸ ਨੂੰ ਸਵੀਕਾਰ ਕਰਾਂਗਾ।