ਹਵਾ ਦੀ ਉਲਟ ਦਿਸ਼ਾ ਕਾਰਨ ਪੋਖਰਣ ਦੇ ਐਟਮੀ ਤਜਰਬੇ ਨੂੰ ਛੇ ਘੰਟੇ ਦੀ ਦੇਰੀ ਹੋਈ ਸੀ


ਨਵੀਂ ਦਿੱਲੀ, 16 ਮਈ (ਪੋਸਟ ਬਿਊਰੋ)- ਭਾਰਤੀ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ ਆਰ ਡੀ ਓ) ਦੇ ਸੀਨੀਅਰ ਵਿਗਿਆਨੀ ਨੇ ਦੱਸਿਆ ਹੈ ਕਿ ਹਵਾ ਦੀ ਉਲਟ ਦਿਸ਼ਾ ਕਾਰਨ 1 ਮਈ 1998 ਨੂੰ ਕੀਤੇ ਗਏ ਪੋਖਰਣ ਐਟਮੀ ਤਜਰਬੇ ਵਿੱਚ ਛੇ ਘੰਟੇ ਤੋਂ ਵੱਧ ਦੇਰੀ ਹੋਈ ਸੀ। ਪ੍ਰੀਖਣ ਵਿੱਚ ਕੁਝ ਘੰਟੇ ਦੇਰੀ ਕਰਨ ਦਾ ਫੈਸਲਾ ਹਵਾ ਦੀ ਦਿਸ਼ਾ ਨੂੰ ਰਿਹਾਇਸ਼ੀ ਇਲਾਕੇ ਜਾਂ ਪਾਕਿਸਤਾਨ ਵੱਲ ਲਿਜਾਣ ਦੇ ਸ਼ੱਕ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਸੀ।
ਪ੍ਰੀਖਣ ਟੀਮ ਦਾ ਹਿੱਸਾ ਰਹਿ ਚੁੱਕੇ ਮਨਜੀਤ ਸਿੰਘ ਨੇ ਕੱਲ੍ਹ ਡੀ ਆਰ ਡੀ ਓ ਦੇ ਪ੍ਰੋਗਰਾਮ ਵਿੱਚ ਕਿਹਾ ਕਿ ਅਸਲ ਯੋਜਨਾ ਸਾਰੇ ਤਿੰਨ ਜੰਤਰਾਂ ਦਾ ਸਵੇਰੇ ਨੌਂ ਵਜੇ ਪ੍ਰੀਖਣ ਕਰਨਾ ਸੀ, ਪਰ ਹਵਾ ਦੀ ਉਲਟ ਦਿਸ਼ਾ ਕਾਰਨ ਪੂਰੇ ਪ੍ਰੋਗਰਾਮ ਵਿੱਚ ਦੇਰੀ ਹੋਈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਸਮਝੌਤਿਆਂ ਦੇ ਪ੍ਰੋਟੋਕਾਲ ਮੁਤਾਬਕ ਹਵਾ ਦੀ ਦਿਸ਼ਾ ਹੋਰ ਦੇਸ਼ਾਂ ਜਾਂ ਰਿਹਾਇਸ਼ੀ ਇਲਾਕਿਆਂ ਵੱਲ ਨਹੀਂ ਹੋਣੀ ਚਾਹੀਦੀ। ਅਜਿਹੇ ਵਿੱਚ ਹਵਾ ਦੀ ਦਿਸ਼ਾ ਬਦਲ ਜਾਵੇ, ਇਸ ਲਈ ਅਸੀਂ ਕਰੀਬ ਛੇ ਘੰਟੇ ਤੱਕ ਇੰਤਜ਼ਾਰ ਕੀਤਾ। ਵਿਗਿਆਨੀ ਨੇ ਕਿਹਾ ਕਿ ਪ੍ਰੀਖਣ ਟੀਮ ਕੰਟਰੋਲ ਰੂਮ ਵਿੱਚ ਇੰਤਜ਼ਾਰ ਕਰਨਾ ਨਹੀਂ ਚਾਹੁੰਦੀ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਵਿਸਫੋਟ ਨਾਲ ਹੋਣ ਵਾਲੇ ਝਟਕਿਆਂ ਕਾਰਨ ਉਹ ਢਹਿ ਜਾਵੇਗਾ। ਪੋਖਰਣ ਤਜਰਬੇ ਤੋਂ ਬਾਅਦ ਭਾਰਤ ਨੇ ਐਟਮੀ ਸ਼ਕਤੀ ਬਣਨ ਦਾ ਐਲਾਨ ਕਰ ਦਿੱਤਾ ਸੀ।
ਮਨਜੀਤ ਸਿੰਘ ਨੇ ਦਸੰਬਰ 1984 ਵਿੱਚ ਡੀ ਆਰ ਡੀ ਦੇ ਟਰਮੀਨਲ ਬੈਲਿਸਟਿਕ ਰਿਸਰਚ ਲੈਬਾਰਟਰੀ ਵਿੱਚ ਸੀਨੀਅਰ ਵਿਗਿਆਨੀ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੂ 1998 ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਐਵਾਰਡ ਦਿੱਤਾ ਸੀ। ਉਨ੍ਹਾਂ ਨੇ 29 ਜੁਲਾਈ 2011 ਵਿੱਚ ਟੀ ਬੀ ਆਰ ਐਲ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ।