ਹਵਾਲਦਾਰ ਧਰਮਪਾਲ ਦਾ ਕੇਸ ਵੀ ਜਾਧਵ ਵਾਂਗ ਕੌਮਾਂਤਰੀ ਅਦਾਲਤ ਵਿੱਚ ਲਿਜਾਣ ਦੀ ਮੰਗ ਉੱਠੀ

hawaldar dharmpal
* ਪਾਲ ਕੌਰ ਨੇ ਕਿਹਾ: ਮੇਰਾ ਪਤੀ ਸ਼ਹੀਦ ਨਹੀਂ, ਪਾਕਿਸਤਾਨੀ ਜੇਲ੍ਹ ਵਿੱਚ ਹੈ
ਚੰਡੀਗੜ੍ਹ, 19 ਮਈ (ਪੋਸਟ ਬਿਊਰੋ)- ਭਾਰਤੀ ਸਮੁੰਦਰੀ ਫੌਜ ਦੇ ਸਾਬਕਾ ਅਫਸਰ ਕੁਲਭੂਸ਼ਣ ਜਾਧਵ, ਜਿਹੜਾ ਇਸ ਵੇਲੇ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਦੇ ਕੇਸ ਵਾਂਗ ਬਠਿੰਡਾ ਜ਼ਿਲ੍ਹੇ ਦੇ ਹਵਾਲਦਾਰ ਧਰਮਪਾਲ ਸਿੰਘ ਦਾ ਕੇਸ ਵੀ ਕੌਮਾਂਤਰੀ ਨਿਆਇਕ ਅਦਾਲਤ ‘ਚ ਲਿਜਾਣ ਦੀ ਮੰਗ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਬਾਰੇ ਵਿਦੇਸ਼ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ।
ਹਵਾਲਦਾਰ ਧਰਮਪਾਲ ਸਿੰਘ ਦੀ 78 ਸਾਲਾ ਪਤਨੀ ਪਾਲ ਕੌਰ ਵਾਸੀ ਲਹਿਰਾ ਧੂੜਕੋਟ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ, ਜਿਸ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਵਿਦੇਸ਼ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਪਾਲ ਕੌਰ ਨੇ ਐਡਵੋਕੇਟ ਹਰੀ ਚੰਦ ਦੇ ਰਾਹੀਂ ਪਟੀਸ਼ਨ ਦਾਖਲ ਕਰ ਕੇ ਦਾਅਵਾ ਕੀਤਾ ਹੈ ਕਿ 1971 ਦੇ ਬੰਗਲਾ ਦੇਸ਼ ਵਾਲੇ ਮੋਰਚੇ ਭਾਰਤ-ਪਾਕਿਸਤਾਨ ਜੰਗ ਦੌਰਾਨ ਉਸ ਦਾ ਪਤੀ ਸ਼ਹੀਦ ਨਹੀਂ ਹੋਇਆ ਸੀ, ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ। ਉਸੇ ਜੰਗ ਦੇ ਇੱਕ ਕੈਦੀ ਸਤੀਸ਼ ਕੁਮਾਰ ਵਾਸੀ ਫਿਰੋਜ਼ਪੁਰ ਦੇ ਹਵਾਲੇ ਨਾਲ ਪਾਲ ਕੌਰ ਨੇ ਦਾਅਵਾ ਕੀਤਾ ਹੈ ਕਿ ਸਤੀਸ਼ ਕੁਮਾਰ ਤੇ ਉਸ ਦਾ ਪਤੀ 19 ਜੁਲਾਈ 1974 ਤੋਂ 1976 ਤੱਕ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਸਨ। ਸਤੀਸ਼ ਕੁਮਾਰ ਨੇ ਐਫੀਡੇਵਿਟ ਉੱਤੇ ਦਸਤਖਤ ਵੀ ਕੀਤੇ ਹਨ। ਉਸ ਨੂੰ ਬਾਅਦ ਵਿੱਚ ਉਸ ਪਾਕਿਸਤਾਨੀ ਜੇਲ੍ਹ ਤੋਂ ਕਿਸ ਹੋਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਭਾਰਤ ਸਰਕਾਰ ਅਤੇ ਭਾਰਤੀ ਫੌਜ ਨੇ ਹਵਾਲਦਾਰ ਧਰਮਪਾਲ ਨੂੰ ਪੰਜ ਦਸੰਬਰ 1971 ਤੋਂ ਲਾਪਤਾ ਹੋਣ ਕਾਰਨ ਸ਼ਹੀਦ ਐਲਾਨ ਕਰ ਦਿੱਤਾ ਸੀ। ਓਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਲ ਕੌਰ ਨੂੰ ਚਿੱਠੀ ਲਿਖ ਕੇ ਉਸ ਦੇ ਪਤੀ ਦੀ ਸ਼ਹਾਦਤ ਉੱਤੇ ਅਫਸੋਸ ਵੀ ਪ੍ਰਗਟ ਕੀਤਾ ਸੀ। ਹੁਣ ਸਤੀਸ਼ ਕੁਮਾਰ ਵਜੋਂ ਅੱਖੀਂ ਡਿੱਠਾ ਗਵਾਹ ਮੌਜੂਦ ਹੋਣ ਦੀ ਸੂਰਤ ਵਿੱਚ ਦੋ ਜੁਲਾਈ 1972 ਨੂੰ ਭਾਰਤ-ਪਾਕਿਸਤਾਨ ਵਿਚਲੇ ਜੰਗੀ ਕੈਦੀਆਂ ਦੀ ਸਪੁਰਦਗੀ ਦੀ ਸ਼ਿਮਲਾ ਸੰਧੀ ਹੇਠ ਹਵਾਲਦਾਰ ਧਰਮਪਾਲ ਸਿੰਘ ਦਾ ਪਤਾ ਲਾ ਕੇ ਉਸ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਨੇ ਇਸ ਸੰਬੰਧ ਵਿੱਚ ਸਤੀਸ਼ ਕੁਮਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਇਸ ਕੇਸ ਦੀ ਅਗਲੀ ਸੁਣਵਾਈ 8 ਅਗਸਤ ਨੂੰ ਹੋਵੇਗੀ।