ਹਵਾਰਾ ਨੇ ਸਾਜ਼ਿਸ਼ ਦੇ ਸ਼ੱਕ ਕਾਰਨ ਹਾਈ ਕੋਰਟ ਨੂੰ ਪਟੀਸ਼ਨ ਦਾਇਰ ਕੀਤੀ

hawara
ਚੰਡੀਗੜ੍ਹ, 4 ਮਾਰਚ (ਪੋਸਟ ਬਿਊਰੋ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਅਤੇ ਬੁੜੈਲ ਜੇਲ੍ਹ ਬ੍ਰੇਕ ਕੇਸ ਦੇ ਦੋਸ਼ੀ ਬੱਬਰ ਖਾਲਸਾ ਦੇ ਆਗੂ ਜਗਤਾਰ ਸਿੰਘ ਹਵਾਰਾ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਪੰਜਾਬ ਤੇ ਦਿੱਲੀ ਸਰਕਾਰਾਂ ਨੂੰ ਇਨ੍ਹਾਂ ਦੇ ਹੋਮ ਸੈਕਟਰੀ ਦੇ ਰਾਹੀਂ ਪਾਰਟੀ ਬਣਾਉਂਦੇ ਹੋਏ ਮੰਗ ਕੀਤੀ ਗਈ ਹੈ ਕਿ ਪਟੀਸ਼ਨਰ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਜਾਣ ਦੀ ਜਾਂਚ ਕੀਤੀ ਜਾਏ।
ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜੁਡੀਸ਼ਲ ਫਾਈਲ Ḕਤੇ ਇਨ੍ਹਾਂ ਵਾਰੰਟਾਂ ਨੂੰ ਲੈ ਕੇ ਕੋਈ ਰਿਕਾਰਡ ਨਹੀਂ ਹੈ ਅਤੇ ਨਾ ਜ਼ਿਮਨੀ ਆਰਡਰ ਵਿੱਚ ਇਹ ਦਰਸਾਏ ਗਏ ਹਨ। ਇਸ ਲਈ ਇਹ ਸ਼ੱਕ ਹੈ ਕਿ ਇਨ੍ਹਾਂ ਪ੍ਰੋਡਕਸ਼ਨ ਵਾਰੰਟਾਂ ਨਾਲ ਪੁਲਸ ਨੇ ਕੋਈ ਛੇੜਛਾੜ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਟ੍ਰਾਂਸਫਰ ਕੀਤੇ ਜਾਣ ਵਿੱਚ ਰੁਕਾਵਟ ਪੈਦਾ ਕੀਤੀ ਜਾ ਸਕੇ। ਇਸ ਦੇ ਪਿੱਛੇ ਸਾਜ਼ਿਸ ਦੱਸੀ ਗਈ ਹੈ।
ਲੁਧਿਆਣਾ ਦੇ ਸਮਰਾਲਾ ਥਾਣੇ ਵਿੱਚ ਦਰਜ ਸੱਤ ਅਪਰਾਧਕ ਕੇਸਾਂ ਦਾ ਬਿਓਰਾ ਦਿੰਦਿਆਂ ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਪ੍ਰੋਡਕਸ਼ਨ ਵਾਰੰਟ ਲਿਆ ਗਿਆ, ਪਰ ਸੰਬੰਧਤ ਕੋਰਟ ਵਿੱਚ ਪੇਸ਼ ਨਹੀਂ ਕੀਤਾ ਗਿਆ ਤੇ ਇਹ ਵਾਰੰਟ ਕੋਰਟ ਫਾਈਲ ਵਿੱਚ ਵੀ ਨਹੀਂ ਹਨ। ਉਨ੍ਹਾਂ ਨੂੰ ਪੰਜਾਬ ਟ੍ਰਾਂਸਫਰ ਕੀਤੇ ਬਿਨਾਂ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ ਗਏ। ਉਸ ਨੇ ਪੁੱਛਿਆ ਕਿ ਜੇ ਉਹ ਇਨ੍ਹਾਂ ਕੇਸਾਂ ਵਿੱਚ ਹਾਲੇ ਦੋਸ਼ੀ ਹੈ ਤਾਂ ਉਸ ਨੂੰ ਕੋਰਟ ਵਿੱਚ ਪੇਸ਼ ਕਰ ਕੇ ਇਨ੍ਹਾਂ ਕੇਸਾਂ ਨੂੰ ਭੁਗਤਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ‘ਤੇ ਕਈ ਹੋਰ ਕੇਸ ਹਨ। ਹਵਾਰਾ ਨੇ ਕਿਹਾ ਕਿ ਉਹ ਪੁਲਸ ਦੇ ਜ਼ੁਲਮ ਦਾ ਸ਼ਿਕਾਰ ਹੋਇਆ ਹੈ। ਪਟੀਸ਼ਨ ਉੱਤੇ ਆਉਂਦੀ ਅੱਠ ਤਰੀਕ ਨੂੰ ਸੁਣਵਾਈ ਹੋਵੇਗੀ।