ਹਵਾਈ ਅੱਡੇ ਉੱਤੇ ਬੰਬ ਦੀ ਅਫਵਾਹ ਫੈਲਾਉਣ ਦੇ ਦੋਸ਼ ਹੇਠ ਅਮਰੀਕੀ ਕੰਪਨੀ ਦਾ ਸੀ ਈ ਓ ਗ੍ਰਿਫਤਾਰ


ਮੁੰਬਈ, 2 ਜਨਵਰੀ, (ਪੋਸਟ ਬਿਊਰੋ)- ਭਾਰਤ ਦੀ ਵਿੱਤੀ ਰਾਜਧਾਨੀ ਗਿਣੇ ਜਾਂਦੇ ਮੁੰਬਈ ਦੇ ਕੌਮਾਂਤਰੀ ਏਅਰ ਪੋਰਟ ਉੱਤੇ ਬੰਬ ਦੀ ਅਫਵਾਹ ਫੈਲਾਉਣ ਦੇ ਦੋਸ਼ ਹੇਠ ਇਕ ਅਮਰੀਕੀ ਕੰਪਨੀ ਦਾ ਸੀ ਈ ਓ ਗ੍ਰਿਫਤਾਰ ਕੀਤਾ ਗਿਆ ਹੈ। ਇੰਝ ਜਾਪਦਾ ਹੈ ਕਿ ਉਹ ਆਪਣੀ ਉਡਾਣ ਵਿੱਚ ਦੇਰੀ ਦੇ ਕਾਰਨ ਦੁਖੀ ਸੀ।
ਏਅਰਪੋਰਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਨੋਦ ਮੁਰਜਾਨੀ ਨਾਂਅ ਦੇ ਅਮਰੀਕੀ ਕੰਪਨੀ ਦੇ ਸੀ ਈ ਓ ਨੇ ਦਿੱਲੀ ਜਾਣਾ ਸੀ। ਉਸ ਨੂੰ ਐਤਵਾਰ ਹਵਾਈ ਅੱਡੇ ਉੱਤੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 45 ਸਾਲਾ ਵਿਨੋਦ ਨੇ ਆਪਣੀ ਪਤਨੀ ਤੇ ਬੱਚਿਆਂ ਨਾਲ ਦਿੱਲੀ ਤੋਂ ਵਰਜੀਨੀਆ ਹੋ ਕੇ ਰੋਮ ਜਾਣ ਵਾਲੇ ਜਹਾਜ਼ ਵਿੱਚ ਸਵਾਰ ਹੋਣਾ ਸੀ। ਇਸ ਕੇਸ ਦੀ ਜਾਂਚ ਕਰ ਰਹੇ ਅਧਿਕਾਰੀ ਦੇ ਮੁਤਾਬਕ ਜਾਪਦਾ ਹੈ ਕਿ ਉਡਾਣ ਵਿੱਚ ਦੇਰੀ ਤੋਂ ਦੁਖੀ ਹੋਏ ਵਿਨੋਦ ਨੇ ਮੁੰਬਈ ਕੌਮਾਂਤਰੀ ਹਵਾਈ ਅੱਡੇ ਦੇ ਟੋਲ ਫ੍ਰੀ ਨੰਬਰ ਤੋਂ ਫੋਨ ਕੀਤਾ ਤੇ ਮਹਿਲਾ ਆਪ੍ਰੇਟਰ ਨੂੰ ਕਿਹਾ, ‘ਜਹਾਜ਼ ਵਿਚ ਬੰਬ ਹੈ।’ ਉਨ੍ਹਾਂ ਦੱਸਿਆ ਕਿ ਇਸ ਦੇ ਤੁਰੰਤ ਬਾਅਦ ਵਿਨੋਦ ਨੇ ਫੋਨ ਰੱਖ ਦਿੱਤਾ। ਆਪ੍ਰੇਟਰ ਨੇ ਸੀਨੀਅਰ ਅਫਸਰਾਂ ਨੂੰ ਦੱਸਿਆ, ਜਿਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਇਕ ਅਧਿਕਾਰੀ ਦੇ ਮੁਤਾਬਕ ਜਾਂਚ ਪਿੱਛੋਂ ਪੁਲਸ ਨੇ ਵਿਨੋਦ ਨੂੰ ਗ੍ਰਿਫਤਾਰ ਕਰ ਲਿਆ। ਹਵਾਈ ਅੱਡੇ ਦੇ ਸੀ ਸੀ ਟੀ ਵੀ ਫੁਟੇਜ ਵਿਚ ਵਿਨੋਦ ਨੂੰ ਇਕ ਟੈਲੀਫੋਨ ਬੂਥ ਵਿਚ ਦੇਖਿਆ ਗਿਆ ਸੀ।