ਹਲਦੀ ਵਾਲਾ ਦੁੱਧ

-ਰਵਿੰਦਰ ਰੁਪਾਲ ਕੌਲਗੜ੍ਹ
ਜੀਵਨ ਮਹਿਰੇ ਦਾ ਵੱਡਾ ਪੁੱਤਰ ਮੈਨੂੰ ਸਾਡੇ ਗੇਟ ਕੋਲੋਂ ਹਾਕਾਂ ਮਾਰਦਾ ਹੋਇਆ, ਘਰ ਅੰਦਰ ਆ ਵੜਿਆ। ਮੈਂ ਮੰਜੇ ਤੋਂ ਉਠ ਕੇ ਉਸ ਨੂੰ ਅੱਗੇ ਹੋ ਕੇ ਮਿਲਿਆ। ਬਰਾਬਰ ਆਉਂਦਿਆਂ ਹੀ ਉਹ ਮੇਰੇ ਗੋਡਿਆਂ ਵੱਲ ਨੂੰ ਝੁਕ ਕੇ ਬੋਲਿਆ, ‘ਬਾਬਾ ਜੀ, ਤੁਹਾਨੂੰ ਪਾਪਾ ਜੀ ਵੱਲੋਂ ਸਪੈਸ਼ਲ ਸੁਨੇਹਾ ਹੈ ਕਿ ਤੁਸੀਂ ਉਨ੍ਹਾਂ ਦੀ ਰਿਟਾਇਰਮੈਂਟ ਪਾਰਟੀ ‘ਤੇ ਜ਼ਰੂਰ ਪੁੱਜਣਾ ਹੈ। ਪਾਪਾ ਜੀ ਪਰਸੋਂ ਇਕੱਤੀ ਤਰੀਕ ਨੂੰ ਸੇਵਾਮੁਕਤ ਹੋ ਰਹੇ ਨੇ।’
ਉਮਰ ਵਿੱਚ ਮੈਂ ਜੀਵਨ ਨਾਲੋਂ ਕਾਫੀ ਛੋਟਾ ਹਾਂ, ਪਰ ਸਮਾਜਿਕ ਰਿਸ਼ਤਿਆਂ ਵਿੱਚ ਮੈਂ ਜੀਵਨ ਦੇ ਚਾਚਿਆਂ ਦੇ ਥਾਂ ਹਾਂ। ਇਸ ਕਰਕੇ ਉਸ ਦਾ ਪੁੱਤਰ ਮੈਨੂੰ ਬਾਬਾ ਜੀ ਕਹਿ ਕੇ ਬੁਲਾ ਰਿਹਾ ਹੈ। ‘ਕਿੰਨੇ ਕੁ ਵਜੇ ਧਿਰਆ ਪ੍ਰੋਗਰਾਮ ਮੱਲਾ?’ ਮੈਂ ਖੰਘੂਰਾ ਜਿਹਾ ਮਾਰ ਕੇ ਉਸ ਉਸ ਤੋਂ ਪੁੱਛਿਆ।
‘ਬਾਬਾ ਜੀ, ਪ੍ਰੋਗਰਾਮ ਤਾਂ ਆਥਣੇ ਹੋਵੇਗਾ, ਉਹ ਵੀ ਆਪਣੇ ਘਰ ਹੀ ਹੈ, ਪਰ ਤੁਸੀਂ ਜ਼ਰੂਰ ਪੁੱਜਣਾ ਹੈ।’ ਉਹ ਮੇਰੇ ਪਾਣੀ ਧਾਣੀ ਪੁੱਛਣ ਤੋਂ ਪਹਿਲਾਂ ਹੀ ਇਉਂ ਕਹਿ ਕੇ ਵਾਪਸ ਚਲਾ ਗਿਆ।
ਉਸ ਦੇ ਜਾਣ ਮਗਰੋਂ ਮੈਨੂੰ ਮਿਲੇ ਇਸ ਸਪੈਸ਼ਲ ਸੁਨੇਹੇ ਨੇ ਚੱਕਰ ‘ਚ ਪਾ ਦਿੱਤਾ ਕਿ ਸਿਰਫ ਮੈਨੂੰ ਹੀ ਸਪੈਸ਼ਲ, ਬਾਕੀ ਵੀ ਸਾਰਾ ਪਿੰਡ ਵਸਦਾ ਹੈ। ਦਰਅਸਲ ਜਦੋਂ ਦਾ ਮੈਂ ਪੱਕੇ ਅਸੂਲਾਂ ਵਾਲੀ ਪਾਰਟੀ ਦਾ ਸਿਰਕੱਢ ਵਰਕਰ ਬਣਿਆ ਹਾਂ, ਉਦੋਂ ਤੋਂ ਮੇਰਾ ਪਿੰਡ ਨਾਲੋਂ ਸਬੰਧ ਟੁੱਟਣਾ ਸ਼ੁਰੂ ਹੋ ਗਿਆ ਸੀ। ਸਾਰੇ ਪਿੰਡ ਨਾਲ ਬੋਲਚਾਲ ਬੰਦ ਹੋਣ ਕਰਕੇ ਮੈਂ ਆਪਣਾ ਮਕਾਨ ਵੀ ਪਿੰਡੋਂ ਬਾਹਰ ਖੇਤਾਂ ‘ਚ ਪਾ ਬੈਠਾ ਹਾਂ। ਮੈਂ ਪਿੰਡ ਦੇ ਹਰ ਬੰਦੇ ਨੂੰ ਸੱਚ ਬੋਲਣ ਤੇ ਇਮਾਨਦਾਰੀ ਦੇ ਰਾਹ ਉਤੇ ਚੱਲਣ ਦੀ ਤਾਕੀਦ ਕਰਦਾ ਰਹਿੰਦਾ ਸਾਂ। ਰਿਸ਼ਵਤਖੋਰੀ, ਝੂਠ, ਚੋਰੀ ਤੋਂ ਵਰਜਦਾ ਰਹਿੰਦਾ ਸਾਂ। ਪਾਰਟੀ ਦੇ ਹੋ ਰਹੇ ਵੱਡੇ-ਵੱਡੇ ਪ੍ਰੋਗਰਾਮਾਂ ਵਿੱਚ ਮੈਂ ਸੱਚ ਦੇ ਪੱਖ ਵਿੱਚ ਧੂੰਆਂਧਾਰ ਲੈਕਚਰ ਦੇ ਕੇ ਵਾਹ-ਵਾਹ ਖੱਟ ਸਕਦਾ ਸਾਂ ਤਾਂ ਇਥੇ ਆਪਣੇ ਪਿੰਡ ਕੋਈ ਗਲਤ ਕੰਮ ਕਿਵੇਂ ਹੋਣ ਦਿੰਦਾ। ਉਥੇ ਮੇਰੀ ਗਰਦਨ ਗਿੱਠ ਉਚੀ ਹੋ ਜਾਂਦੀ, ਪਰ ਇਥੇ ਮੇਰਾ ਪਿੰਡ ਮੇਰੇ ਤੋਂ ਟੁੱਟਿਆ ਹੈ। ਜਦੋਂ ਦਾ ਸਰਪੰਚ ਨੂੰ ਦੁੱਧ ‘ਚ ਯੂਰੀਆ ਪਾਉਣ ਤੋਂ ਰੋਕਿਆ ਹੈ, ਉਸ ਦਿਨ ਉਸ ਨੇ ਭੜਕਾਊ ਭਾਸ਼ਣ ਦੇ ਕੇ ਸਾਰਾ ਪਿੰਡ ਮੇਰੇ ਖਿਲਾਫ ਕਰ ਦਿੱਤਾ। ਕਿਸੇ ਨਾ ਮੇਰਾ ਸਾਥ ਦੇਣ ਦੀ ਹਿੰਮਤ ਨਹੀਂ ਦਿਖਾਈ।
ਮੈਂ ਗੇਟ ਕੋਲ ਖੜੇ ਨੇ ਜੀਵਨ ਦੀ ਦਲੇਰੀ ਬਾਰੇ ਸੋਚਿਆ ‘ਇਹ ਭੋਰਾ ਵੀ ਨਹੀਂ ਡਰਿਆ, ਸਰਪੰਚ ਤੋਂ ਵੀ। ਮੈਨੂੰ ਵੀ ਆਪਣੀ ਰਿਟਾਇਰਮੈਂਟ ਪਾਰਟੀ ਦਾ ਸੁਨੇਹਾ ਘੱਲ ਦਿੱਤਾ, ਜਦੋਂ ਕਿ ਮੇਰੇ ਬਾਰੇ ਪਿੰਡ ਵਾਸੀਆਂ ਦੇ ਵਿਚਾਰ ਹੀ ਬੜੇ ਭੈੜੇ ਹਨ ਕਿ ਮੈਂ ਜਿਸ ਦੇ ਵੀ ਮੱਥੇ ਲੱਗ ਜਾਵਾਂ, ਉਸ ਨੂੰ ਪੂਰਾ ਦਿਨ ਰੋਟੀ ਨਸੀਬ ਨਹੀਂ ਹੁੰਦੀ। ਫਿਰ ਜੀਵਨ ਨੇ ਇਹ ਨਿਡਰਤਾ ਕਿਵੇਂ ਦਿਖਾਈ!’
ਅੰਦਰ ਆ ਕੇ ਮੰਜੇ ਉਤੇ ਬੈਠਦੇ ਸਾਰ ਮੈਨੂੰ ਇਕਦਮ ਜੀਵਨ ਨੂੰ ਦੁੱਧ ਪਿਲਾਉਣ ਵਾਲਾ ਸਮਾਂ ਚੇਤੇ ਆ ਗਿਆ। ਦਰਅਸਲ ਜਦੋਂ ਜੀਵਨ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ, ਉਦੋਂ ਮੈਂ ਹਾਲੇ ਚੌਥੀ ਕਲਾਸ ਪਾਸ ਨਹੀਂ ਸੀ ਕੀਤੀ। ਉਨ੍ਹਾਂ ਦਿਨਾਂ ਵਿੱਚ ਅਸੀਂ ਆਪਣੀ ਜ਼ਮੀਨ ਵਿੱਚ ਬੋਰ ਕਰਵਾਉਣ ਲਈ ਖੂਹੀ ਪਟਵਾ ਰਹੇ ਸਾਂ। ਉਦੋਂ ਜੀਵਨ ਦੇ ਬਾਪੂ ਅਤੇ ਦਾਦਾ ਜੀ ਵੱਲੋਂ ਪਿੰਡ ਲਈ ਖੂਹਾਂ ਉਤੋਂ ਪਾਣੀ ਦੀਆਂ ਮਸ਼ਕਾਂ ਭਰ ਕੇ ਲਿਆਉਣ ਵਾਲਾ ਜੱਦੀ ਪੁਸ਼ਤੀ ਕੰਮ ਘਰਾਂ ਵਿੱਚ ਨਲਕੇ ਲੱਗਣ ਕਰ ਕੇ ਲਗਭਗ ਬੰਦ ਹੋ ਗਿਆ ਸੀ। ਇਸ ਕਰਕੇ ਜੀਵਨ ਦਾ ਬਾਪੂ ਤਾਰਾ ਸਿਹੁੰ ਸਾਡੇ ਦਿਹਾੜੀਏ ਦੇ ਤੌਰ ‘ਤੇ ਕੰਮ ਕਰਾਉਣ ਆਇਆ ਸੀ। ਉਨ੍ਹਾਂ ਸਮਿਆਂ ਵਿੱਚ ਖੂਹ ਪੁਟਵਾ ਕੇ ਬੋਰ ਕਰਵਾਉਣ ਨੂੰ ਪੰਜ ਛੇ ਦਿਨ ਲੱਗਣਾ ਮਾਮੂਲੀ ਗੱਲ ਹੁੰਦੀ ਸੀ। ਇਸ ਲਈ ਪਹਿਲੇ ਦੋ ਦਿਨ ਕੰਮ ਵਾਲੇ ਬੰਦਿਆਂ ਦੀ ਘਾਟ ਰੜਕਦੀ ਰਹੀ, ਪਰ ਦੂਜੇ ਦਿਨ ਆਥਣੇ ਬਾਪੂ ਜੀ ਨੇ ਤਾਰਾ ਸਿਹੁੰ ਨੂੰ ਘਰ ਜਾਣ ਵੇਲੇ ਕਿਹਾ, ‘ਤਾਰੇ ਪੁੱਤ, ਕੱਲ੍ਹ ਨੂੰ ਕਿਸੇ ਹੋਰ ਦਿਹਾੜੀਏ ਦਾ ਇੰਤਜ਼ਾਮ ਕਰ ਲਈਂ ਤਾਂ ਹੀ ਛੇਤੀ ਨਿੱਬੜੂ ਆਪਣਾ ਕੰਮ।’
ਉਹ ਬਾਪੂ ਜੀ ਕੋਲ ਖੜਾ ਪੈਰ ਜਿਹੇ ਮਲ ਰਿਹਾ ਸੀ। ਉਹ ਹਲਕਾ ਜਿਹਾ ਖੰਘੂਰਾ ਮਾਰ ਕੇ ਬੋਲਿਆ, ‘ਚਾਚਾ ਜੀ, ਦਿਹਾੜੀਏ ਦਾ ਇੰਤਜ਼ਾਮ ਤਾਂ ਹੋਇਆ ਪਿਆ ਸਮਝੋ।’
‘ਉਹ ਕਿਵੇਂ? ਫਿਰ ਤੂੰ ਕੱਲ੍ਹ ਨਹੀਂ ਦੱਸਿਆ! ਅੱਜ ਆਪਾਂ ਨੂੰ ਇੰਨੇ ਔਖੇ ਕੰਮ ਕਰਨ ਦੀ ਲੋੜ ਨਾ ਪੈਂਦੀ!’
‘ਕੀ ਦੱਸਾਂ ਚਾਚਾ ਜੀ, ਆਪਣਾ ਜੀਵਨ, ਉਹ ਸਕੂਲੋਂ ਪੜ੍ਹਨੋਂ ਹੱਟ ਗਿਆ। ਕਹਿੰਦਾ, ਮੈਂ ਨ੍ਹੀਂ ਸਕੂਲ ਜਾਣਾ ਭਾਵੇਂ ਧਰਤੀ ਪਲਟ ਜਾਏ, ਪਰ ਮੈਨੂੰ ਸਕੂਲ ਜਾਣ ਨੂੰ ਨਾ ਕਹਿਣਾ। ਉਪਰੋਂ ਦਸਵੀਂ ਦੇ ਪੇਪਰਾਂ ‘ਚ ਡੇਢ ਕੁ ਮਹੀਨਾ ਬਾਕੀ ਰਹਿੰਦਾ ਹੈ। ਮੈਂ ਉਸ ਨੂੰ ਕਿਹਾ ਕਿ ਤੂੰ ਔਖਾ ਸੌਖਾ ਇਕੇਰਾਂ ਦਸਵੀਂ ਕਰ ਲੈ, ਫਿਰ ਕਰੀਂ ਜਿਹੜਾ ਕੁਝ ਕਰਨਾ, ਪਰ ਉਹ ਕਿਸੇ ਦੀ ਨ੍ਹੀਂ ਮੰਨਦਾ!’
‘ਇਹ ਤਾਂ ਬੜੀ ਮਾੜੀ ਗੱਲ ਐ, ਭਾਈ ਤਾਰਾ ਸਿੰਹਾਂ, ਜੀਵਨ ਦੀ। ਜ਼ਿੰਦਗੀ ‘ਚ ਪੜ੍ਹਾਈ ਤਾਂ ਬਹੁਤ ਜ਼ਰੂਰੀ ਐ। ਆਉਣ ਵਾਲੇ ਸਮੇਂ ‘ਚ ਇਸ ਦੀ ਬੜੀ ਲੋੜ ਰਹਿਣੀ ਐ,’ ਬਾਪੂ ਜੀ ਨੇ ਕਿਹਾ।
‘ਚਾਚਾ ਜੀ, ਦਿਹੜੀ ਕਰ-ਕਰ ਕੇ ਹੁਣ ਤੱਕ ਉਸ ਦੀਆਂ ਫੀਸਾਂ ਭਰਦਾ ਰਿਹਾ, ਕਿਤਾਬਾਂ ਲੈ ਕੇ ਦਿੰਦਾ ਰਿਹਾ। ਵਰਦੀਆਂ, ਬੂਟ ਹੀ ਨ੍ਹੀਂ ਲੋਟ ਆਉਂਦੇ। ਉਪਰੋਂ ਕਹਿੰਦਾ, ਪੜ੍ਹਾਈ ਨ੍ਹੀਂ ਕਰਨੀ। ਦੱਸੋ ਹੈ ਕੋਈ ਹੱਲ?’
ਤਾਰੇ ਨੇ ਜੀਵਨ ਦੇ ਭਵਿੱਖ ਦੀ ਚਿੰਤਾ ਪ੍ਰਗਟਾਈ।
‘ਫਿਰ ਹੁਣ ਕੀ ਕਰਨਾ ਹੈ ਉਸ ਨੇ?’ ਬਾਪੂ ਜੀ ਨੇ ਗੰਭੀਰਤਾ ਨਾਲ ਪੁੱਛਿਆ।
‘ਕਰਨਾ ਕੀ ਹੈ! ਸਵੇਰੇ ਆਪਾਂ ਨੂੰ ਇਥੇ ਬੰਦੇ ਦੀ ਲੋੜ ਹੈ। ਨਾਲ ਲਿਆਊਂ ਉਸ ਨੂੰ। ਹੋਰ ਕੀ ਕਰਾਂ…। ਜਦ ਕੰਮ ਕਰਨਾ ਪਿਆ, ਆਪਣੇ ਦੋ ਦਿਨ ‘ਚ ਸੁਰਤ ਟਿਕਾਣੇ ਆ ਜਾਣੀ ਐ।’
‘ਰਹਿਣ ਦੇ ਤਾਰਾ ਸਿੰਹਾਂ, ਮੁੰਡਾ ਨਿਆਣਾ ਹਾਲੇ।’ ਬਾਪੂ ਜੀ ਨੇ ਉਸ ਦਾ ਪੱਖ ਪੂਰਿਆ।
‘ਚਾਚਾ ਜੀ ਉਹ ਨਿਆਣਾ ਨਹੀਂ। ਬੂਟ ਉਸ ਨੂੰ ਬੰਦਿਆਂ ਤੋਂ ਵੱਡੇ ਨੰਬਰ ਦੇ ਆਉਂਦੇ ਨੇ। ਉਸ ਨੇ ਕੱਦ ਕਾਹਦਾ ਕੱਢਿਆ! ਊਂ,,,ਹੈ ਨਿਕੰਮਾ। ਜੇ ਇਉਂ ਰਹਿ ਗਿਆ, ਕਿਸੇ ਨੇ ਉਸ ਦਾ ਵਿਆਹ ਨਹੀਂ ਕਰਨਾ। ਮੈਂ ਜਿਹੜਾ ਦੁੱਖ ਲੱਗਣਾ ਸੀ ਉਹ ਤਾਂ ਅਲੱਗ ਰਿਹਾ, ਪਰਸੋਂ ਦੀ ਉਸ ਦੀ ਮਾਂ ਨ੍ਹੀਂ ਮੰਜੇ ਤੋਂ ਉਠੀ।’
‘ਚੱਲ ਠੀਕ ਐ, ਫਿਰ ਲਿਆਈਂ ਨਾਲ। ਪਹਿਲਾਂ ਸਮਝਾ ਕੇ ਦੇਖਾਂਗੇ। ਜੇ ਨਾ ਮੰਨਿਆ ਤਾਂ ਦਿਹਾੜੀ ਲਾ ਲਾਵਾਂਗੇ, ਤਾਰਾ ਵੀਰ ਘਰ ਨੂੰ ਚਲਾ ਗਿਆ।
ਅਗਲੀ ਸਵੇਰੇ ਤਾਰਾ ਸਿੰਹੁ ਨੂੰ ਕੰਮ ‘ਤੇ ਇੱਕਲੇ ਆਉਂਦੇ ਦੇਖ ਕੇ ਬਾਪੂ ਜੀ ਨੇ ਪੁੱਛਿਆ, ‘ਕੀ ਗੱਲ ਤਾਰਾ ਸਿੰਹਾਂ ਜੀਵਨ ਨ੍ਹੀਂ ਆਇਆ ਤੇਰੇ ਨਾਲ?’
‘ਉਹ ਆਉਂਦੈ ਚਾਚਾ ਜੀ। ਸਕੂਲ ਜਾਣ ਨੂੰ ਮੰਨਿਆ ਨਹੀਂ, ਦਿਹਾੜੀ ‘ਤੇ ਆਉਣ ਨੂੰ ਮੰਨ ਗਿਆ। ਕਹਿੰਦਾ, ਤੁਸੀਂ ਚੱਲੋ ਤੁਹਾਡੇ ਨਾਲ ਤੁਰਦੇ ਨੂੰ ਮੈਨੂੰ ਸੰਗ ਲੱਗਦੀ ਹੈ, ਮੈਂ ਮਗਰੇ ਆਇਆ।’
ਤਾਰਾ ਵੀਰ ਅਜੇ ਕੰਮ ਕਰਨ ਲੱਗਾ ਹੀ ਸੀ ਕਿ ਇੰਨੇ ਚਿਰ ਨੂੰ ਜੀਵਨ ਵੀ ਆ ਗਿਆ। ਕਾਕਾ ਸਿਹੁੰ ਮਿਸਤਰੀ ਵੀ ਨਾਲ ਦੇ ਪਿੰਡੋਂ ਪਹੁੰਚ ਗਿਆ। ਇਕ ਹੋਰ ਦਿਹਾੜੀਆ ਵੀ ਆ ਗਿਆ ਸੀ।
ਅੱਜ ਖੂਹੀ ਵਿੱਚੋਂ ਮਿੱਟੀ ਕੱਢੀ ਜਾ ਰਹੀ ਸੀ। ਇਕ ਬੰਦਾ ਥੱਲੇ ਖੂਹੀ ਵਿੱਚ ਉਤਰ ਗਿਆ ਸੀ। ਜੀਵਨ ਤੇ ਤਾਰਾ ਦੋਵੇਂ ਪਿਉ ਪੁੱਤਰ ਬਾਹਰ ਸਨ। ਮਿੱਟੀ ਖਿੱਚਣ ਵਾਲੇ ਟੋਕਰੇ ਨੂੰ ਤਾਰ ਬੰਨ੍ਹ ਕੇ ਉਪਰ ਚੱਕਰੀ ਰਾਹੀਂ ਪਾਈ ਹੋਈ ਸੀ, ਪਰ੍ਹਾਂ ਥੋੜ੍ਹੇ ਫਰਕ ਨਾਲ ਲੋਹੇ ਦਾ ਇਕ ਵੱਡਾ ਚੱਕਰ, ਇਕ ਲੱਕੜ ਦੇ ਢਾਂਚੇ ਜਿਹੇ ‘ਚ ਗੱਡਿਆ ਹੋਇਆ ਸੀ, ਜਿਸ ਉਪਰ ਲੱਕੜ ਦੀ ਦਸ ਕੁ ਫੁੱਟ ਲੰਮੀ ਗਰਦਲ ਘੁੰਮ ਰਹੀ ਸੀ। ਜਿਉਂ-ਜਿਉਂ ਚੱਕਰ ਉਪਰ ਤਾਰ ਲਿਪਟਦੀ, ਤਿਉਂ-ਤਿਉਂ ਓਧਰ ਮਿੱਟੀ ਦਾ ਭਰਿਆ ਟੋਕਰਾ ਬਾਹਰ ਆ ਰਿਹਾ ਹੁੰਦਾ। ਜਦੋਂ ਟੋਕਰਾ ਬਾਹਰ ਆ ਜਾਂਦਾ ਤਾਂ ਤਾਰਾ ਸਿਹੁੰ ਭੱਜ ਕੇ ਆਉਂਦਾ, ਟੋਕਰਾ ਫੜ ਕੇ ਖੂਹੀ ਤੋਂ ਥੋੜ੍ਹਾ ਪਰ੍ਹਾਂ ਢੇਰੀ ਕਰ ਦਿੰਦਾ। ਓਹੀ ਦੇਰ ਓਧਰ ਜੀਵਨ ਗਰਦਲ ਨੂੰ ਫੜ ਕੇ ਖੜਾ ਰਹਿੰਦਾ। ਟੋਕਰਾ ਖਾਲੀ ਹੋਣ ਤੋਂ ਬਾਅਦ ਜੀਵਨ ਓਨੀ ਦੇਰ ਗਰਦਲ ਨੂੰ ਪੁੱਠੇ ਗੇੜੇ ਦਿੰਦਾ, ਜਿੰਨੀ ਦੇਰ ਖੂਹੀ ‘ਚ ਬੰਦਾ ਟੋਕਰਾ ਫੜ ਕੇ ਹਾਕ ਨਾ ਮਾਰ ਦਿੰਦਾ।
ਇਹ ਕੰਮ ਲਗਾਤਾਰ ਚੱਲ ਰਿਹਾ ਸੀ। ਜ਼ਿਆਦਾ ਗਰਮੀ ਵੀ ਨਹੀਂ ਸੀ। ਫਿਰ ਵੀ ਕੰਮ ਕਰਦਿਆਂ ਨੂੰ ਪਸੀਨਾ ਆ ਰਿਹਾ ਸੀ। ਜੀਵਨ ਅਤੇ ਤਾਰਾ ਗਰਦਲ ਉਪਰ ਚਾਰੇ ਹੱਥ ਲਾ ਕੇ ਜ਼ੋਰ ਨਾਲ ਧੱਕ ਕੇ ਮਿੱਟੀ ਦੇ ਭਰੇ ਹੋਏ ਟੋਕਰੇ ਨੂੰ ਉਪਰ ਖਿੱਚ ਰਹੇ ਸਨ। ਇਸ ਵਾਰ ਜਦੋਂ ਟੋਕਰਾ ਬਾਹਰ ਆਇਆ ਤਾਂ ਤਾਰਾ ਜੀਵਨ ਨੂੰ ‘ਧਿਆਨ ਰੱਖੀਂ’ ਕਹਿ ਕੇ ਆਪ ਟੋਕਰੇ ਵੱਲ ਨੂੰ ਭੱਜਿਆ। ਹਾਲੇ ਤਾਰੇ ਦਾ ਟੋਕਰੇ ਨੂੰ ਸੰਵਾਰ ਕੇ ਹੱਥ ਨਹੀਂ ਪਿਆ ਕਿ ਜੀਵਨ ਦੇ ਕੋਮਲ ਜਿਹੇ ਹੱਥ ਨੂੰ ਆਏ ਪਸੀਨੇ ਕਾਰਨ ਉਸ ਦੇ ਹੱਥਾਂ ਵਿੱਚੋਂ ਗਰਦਲ ਤਿਲਕ ਗਈ। ਓਧਰ ਟੋਕਰਾ ਤੇਜ਼ੀ ਨਾਲ ਹੇਠ ਨੂੰ ਮੁੜਨ ਲੱਗਿਆ। ਚੱਕਰੀ ਉਪਰ ਗਰਦਲ ਇੰਨੀ ਤੇਜ਼ੀ ਨਾਲ ਘੁੰਮੀ ਕਿ ਜੀਵਨ ਦੇ ਕੁਝ ਵੀ ਸੋਚਣ ਤੋਂ ਪਹਿਲਾਂ ਉਹ ਘੁੰਮ ਕੇ ਆ ਕੇ ਉਸ ਦੀ ਕੰਗਰੋੜ ਉਤੇ ਇੰਨੀ ਜ਼ੋਰ ਦੀ ਵੱਜੀ ਕਿ ਜੀਵਨ ਨੂੰ ਚੁੱਕ ਕੇ ਨਾਲ ਦੇ ਕਿਆਰੇ ਵਿੱਚ ਸੁੱਟ ਦਿੱਤਾ ਤੇ ਉਹ ਲੰਮੀ ਚੀਕ ਨਾਲ ਕੁਝ ਪਲਾਂ ਲਈ ਬੇਹੋਸ਼ ਹੋ ਕੇ ਮੂੰਹ ਭਾਰ ਜ਼ਮੀਨ ‘ਤੇ ਡਿੱਗ ਪਿਆ। ਅਸੀਂ ਸਾਰੇ ਉਹਦੇ ਵੱਲ ਨੂੰ ਭੱਜੇ। ਮੈਂ ਪਾਣੀ ਦਾ ਗਿਲਾਸ ਭਰ ਲਿਆਇਆ। ਪਹਿਲਾਂ ਉਸ ਦੇ ਮੂੰਹ ‘ਤੇ ਛਿੱਟੇ ਮਾਰ ਕੇ ਉਸ ਨੂੰ ਹੋਸ਼ ‘ਚ ਲਿਆਂਦਾ। ਬਾਪੂ ਜੀ ਨੇ ਮੈਨੂੰ ਕਿਹਾ, ‘ਤੂੰ ਭੱਜ ਕੇ ਘਰੋਂ ਹਲਦੀ ਵਾਲਾ ਗਰਮ-ਗਰਮ ਦੁੱਧ ਲੈ ਕੇ ਆ।’
ਮੈਂ ਘਰੋਂ ਦੁੱਧ ਲਿਆਉਣ ਲਈ ਸਾਈਕਲ ਭਜਾ ਲਿਆ। ਤਾਰੇ ਵੀਰ ਦਾ ਪਰਵਾਰ ਪਹਿਲੋਂ ਹੀ ਬੜੀ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਉਪਰੋਂ ਜੀਵਨ ਦੇ ਲੱਗੀ ਸੱਟ ਨੇ ਵੀਰ ਦੀ ਸੁਰਤ ਭੁਲਾ ਦਿੱਤੀ। ਉਹ ਆਪਣਾ ਸਿਰ ਫੜ ਕੇ ਬੈਠ ਗਿਆ, ਜਿਵੇਂ ਇਹ ਸੱਟ ਮੁੰਡੇ ਨੂੰ ਨਹੀਂ ਸਗੋਂ ਉਸ ਦੇ ਹੀ ਲੱਗੀ ਹੋਵੇ। ਜਦੋਂ ਤੀਕ ਮੈਂ ਘਰੋਂ ਦੁੱਧ ਲਿਆਇਆ, ਜੀਵਨ ਦੀ ਪਿੱਠ ਉਤੇ ਸੋਜ਼ਿਸ਼ ਆਉਣ ਕਰਕੇ ਉਸ ਨੂੰ ਮੰਜੇ ਉਪਰ ਉਲਟਾ ਪਾਇਆ ਹੋਇਆ ਸੀ। ਫਿਰ ਉਸ ਨੂੰ ਦੁੱਧ ਪਿਲਾਇਆ ਗਿਆ। ਉਹ ਦੁੱਧ ਪੀ ਕੇ ਕਾਫੀ ਰਾਹਤ ਮਹਿਸੂਸ ਕਰ ਰਿਹਾ ਸੀ। ਬਾਪੂ ਜੀ ਉਸ ਨੂੰ ਸਮਝਾ ਰਹੇ ਸਨ, ‘ਕਾਕਾ, ਜੇ ਤੂੰ ਨਾ ਪੜ੍ਹਨ ਵਾਲਾ ਇਰਾਦਾ ਬਦਲ ਦੇਵੇਂ ਤਾਂ ਸਾਰੀ ਜ਼ਿੰਦਗੀ ਮੌਜਾਂ ਕਰੇਂਗਾ, ਸਮਝਿਆ?’ ਫਿਰ ਘੰਟੇ ਕੁ ਮਗਰੋਂ ਜੀਵਨ ਨੂੰ ਉਸੇ ਮੰਜੇ ‘ਤੇ ਬਿਠਾ ਕੇ ਘਰ ਛੱਡ ਆਏ। ਬਾਪੂ ਜੀ ਨੇ ਮੈਨੂੰ ਕਿਹਾ, ‘ਸਵੇਰੇ ਸਕੂਲ ਜਾਣ ਵੇਲੇ ਅਤੇ ਸ਼ਾਮੀਂ ਸਕੂਲੋਂ ਮੁੜ ਕੇ ਪੂਰਾ ਹਫਤਾ ਤੇਰੀ ਡਿਊਟੀ ਐ ਕਿ ਬਿਨਾਂ ਨਾਗਾ ਇਸ ਨੂੰ ਹਲਦੀ ਵਾਲਾ ਦੁੱਧ ਪਿਲਾਉਣਾ ਹੈ।’
ਅਗਲੀ ਸਵੇਰ ਮੈਂ ਤਾਜ਼ੇ ਦੁੱਧ ਨੂੰ ਗਰਮ ਕਰਵਾ ਕੇ, ਜੀਵਨ ਨੂੰ ਉਨ੍ਹਾਂ ਦੇ ਘਰ ਦੇਣ ਗਿਆ। ਜਦੋਂ ਮੈਂ ਸ਼ਾਮ ਨੂੰ ਉਸ ਵਾਸਤੇ ਫਿਰ ਦੁੱਧ ਲੈ ਕੇ ਗਿਆ ਤਾਂ ਉਹ ਮੰਜੇ ਉਪਰ ਪਿਆ ਆਪਣੀ ਦਸਵੀਂ ਦੀ ਕਿਤਾਬ ਲੈ ਕੇ ਪੜ੍ਹ ਰਿਹਾ ਸੀ ਤੇ ਪੇਪਰਾਂ ਦੀ ਤਿਆਰੀ ‘ਚ ਰੁੱਝ ਗਿਆ ਸੀ। ਦੁੱਧ ਪੀਣ ਤੋਂ ਬਾਅਦ ਮੈਨੂੰ ਕਹਿਣ ਲੱਗਿਆ, ‘ਗੱਜਣ ਚਾਚਾ. ਸੱਟ ਨੇ ਇਕ ਸਬਕ ਸਿਖਾ ਦਿੱਤਾ ਕਿ ਬੱਚੂ ਤੂੰ ਦਿਹਾੜੀ ਨ੍ਹੀਂ ਕਰ ਸਕਦਾ ਕਿਧਰੇ। ਹੁਣ ਜਿੰਨੀ ਦੇਰ ਤੂੰ ਏਦਾਂ ਦਾ ਦੁੱਧ ਪਿਲਾਈ ਜਾਵੇਗਾ ਓਨੀ ਦੇਰ ‘ਚ ਮੈਨੂੰ ਆਪਣੇ ਪੇਪਰਾਂ ਦੀ ਤਿਆਰੀ ਕਰ ਲੈਣੀ ਐ। ਸਕੂਲ ‘ਚ ਮੈਂ ਪੋਲੇ ਦੇ ਹੱਥ ਬਿਮਾਰੀ ਦੀ ਅਰਜ਼ੀ ਭੇਜ ਦਿੱਤੀ ਹੈ।’ ਕੋਈ ਦਸ ਕੁ ਦਿਨਾਂ ਵਿੱਚ ਜੀਵਨ ਨੌਂ-ਬਰ-ਨੌਂ ਹੋ ਗਿਆ ਸੀ ਤੇ ਫਿਰ ਉਸ ਨੇ ਸਕੂਲ ਜਾਣਾ ਵੀ ਸ਼ੁਰੂ ਕਰ ਦਿੱਤਾ ਸੀ। ਨਤੀਜੇ ਵਿੱਚ ਉਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਹ ਕੱਦਾਵਾਰ ਹੋਣ ਕਰਕੇ ਪੁਲਸ ਵਿੱਚ ਭਰਤੀ ਹੋਣ ਲਈ ਚਲਾ ਗਿਆ ਤੇ ਪਹਿਲੀ ਵਾਰ ਹੀ ਸਾਰੇ ਟੈਸਟ ਪਾਸ ਕਰਕੇ ਚੁਣਿਆ ਗਿਆ ਸੀ। ਅੱਜ ਤਾਰਾ ਵੀਰ ਅਤੇ ਦੇਬੋ ਭਰਜਾਈ ਜਿਊਂਦੇ ਨਹੀਂ ਹਨ, ਜੇ ਹੁੰਦੇ ਤਾਂ ਕਿੰਨਾ ਫਖਰ ਮਹਿਸੂਲ ਕਰਨਾ ਸੀ ਇਸ ਵਕਤ।
ਅੱਜ ਇਕੱਤੀ ਤਾਰੀਖ ਦੀ ਸ਼ਾਮ ਹੈ। ਮੈਂ ਤਿਆਰ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਘਰੋਂ ਤੁਰ ਪਿਆ ਹਾਂ। ਜਦੋਂ ਮੈਂ ਪਿੰਡ ਦੇ ਦਰਵਾਜ਼ੇ ਵਿੱਚ ਦੀ ਲੰਘਣ ਲੱਗਿਆ ਤਾਂ ਉਥੇ ਬਹੁਤ ਸਾਰੇ ਲੋਕ ਜੀਵਨ ਦੀ ਰਿਟਾਇਰਮੈਂਟ ਪਾਰਟੀ Ḕਚ ਸ਼ਾਮਲ ਹੋਣ ਲਈ ਤਿਆਰ ਬੈਠੇ ਸਨ। ਮੇਰੇ ਲੰਘਣ ਦੀ ਦੇਰ ਸੀ, ਉਥੇ ਘੁਸਰ ਮੁਸਰ ਸ਼ੁਰੂ ਹੋ ਗਈ। ਜਦੋਂ ਮੈਂ ਪਹੁੰਚਿਆ ਹਾਲੇ ਪਾਰਟੀ ਸ਼ੁਰੂ ਨਹੀਂ ਸੀ ਹੋਈ। ਫਿਰ ਵੀ ਅੱਧਾ ਪਿੰਡ ਪੁੱਜਿਆ ਹੋਇਆ ਸੀ। ਬਾਕੀ ਲੋਕ ਆਉਣ ਵਾਲੇ ਸਨ। ਇਕ ਪਾਸੇ ਡੀ ਜੇ ਚੱਲ ਰਿਹਾ ਸੀ। ਇਕ ਮੁੰਡਾ ਸਟੇਜ Ḕਤੇ ਖੜਾ ਲੋਕਾਂ ਵੱਲੋਂ ਕੀਤੀ ਹੋਈ ਫਰਮਾਇਸ਼ ਦੇ ਗੀਤ ਸੁਣਾ ਰਿਹਾ ਸੀ। ਥੋੜ੍ਹੀ ਦੇਰ ਬਾਅਦ ਸਾਰਾ ਪਿੰਡ ਪਾਰਟੀ Ḕਚ ਅੱਪੜ ਗਿਆ। ਸਾਰੇ ਲੋਕ ਮੇਰੇ ਵੱਲ ਕੌੜ ਨਜ਼ਰਾਂ ਨਾਲ ਵੇਖ ਰਹੇ ਸਨ। ਮੈਨੂੰ ਮਹਿਸੂਸ ਹੋਇਆ ਕਿ ਇਹ ਲੋਕ ਪਾਰਟੀ Ḕਚ ਘੱਟ ਅਤੇ ਮੇਰੀ ਬੇਇੱਜ਼ਤੀ ਹੁੰਦੀ ਦੇਖਣ ਲਈ ਜ਼ਿਆਦਾ ਹੁੰਮ-ਹੁੰਮਾ ਕੇ ਪੁੱਜੇ ਹੋਏ ਹਨ। ਮੈਨੂੰ ਉਥੇ ਕੋਈ ਬੁਲਾ ਵੀ ਨਹੀਂ ਸੀ ਰਿਹਾ, ਸਗੋਂ ਮੈਂ ਕਿਸੇ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਤਾਂ ਅਗਲਾ ਮੈਥੋਂ ਇਉਂ ਪਰ੍ਹੇ ਹੋ ਜਾਂਦਾ ਜਿਵੇਂ ਮੈਨੂੰ ਛੂਤ ਦੀ ਬਿਮਾਰੀ ਹੋਵੇ।
ਅਚਾਨਕ ਜੀਵਨ ਆਪਣੇ ਘਰੋਂ ਨਿਕਲਿਆ ਅਤੇ ਸਿੱਧਾ ਸਟੇਜ ‘ਤੇ ਜਾ ਚੜ੍ਹਿਆ। ਸਭ ਤੋਂ ਪਹਿਲਾਂ ਸਾਡੀਆਂ ਨਜ਼ਰਾਂ ਆਪਸ ਵਿੱਚ ਮਿਲੀਆਂ। ਉਸ ਨੇ ਮੁੰਡੇ ਕੋਲੋਂ ਜਿਉਂ ਹੀ ਮਾਈਕ ਫੜਿਆ, ਚੁਫੇਰੇ ਚੁੱਪ ਪਸਰ ਗਈ। ਉਸ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੈਂ ਕੋਈ ਬੁਲਾਰਾ ਤਾਂ ਨਹੀਂ ਅਤੇ ਨਾ ਮੈਨੂੰ ਕੋਈ ਇਸ ਤਰ੍ਹਾਂ ਦਾ ਭਾਸ਼ਣ ਦੇਣਾ ਆਉਂਦਾ ਹੈ। ਫਿਰ ਵੀ ਜੋ ਸੱਚ ਮੇਰੇ ਅੰਦਰੋਂ ਫੁੱਟ ਰਿਹਾ ਹੈ, ਉਸ ਦੇ ਦੋ ਬੋਲ ਅੱਜ ਤੁਹਾਨੂੰ ਦੱਸਣ ਲੱਗਿਆ ਹਾਂ। ਅੱਜ ਮੈਂ ਜੋ ਵੀ ਕੁਝ ਹਾਂ, ਸਭ ਗੱਜਣ ਚਾਚੇ ਦੀ ਬਦੌਲਤ ਹਾਂ।’ ਉਸ ਨੇ ਲੋਕਾਂ ਦੇ ਇਕੱਠ ‘ਚ ਮੇਰੇ ਵੱਲ ਹੱਥ ਕੀਤਾ, ‘ਇਸ ਦੇ ਪਿਲਾਏ ਹੋਏ ਹਲਦੀ ਵਾਲੇ ਦੁੱਧ ਨੇ ਮੈਨੂੰ ਇੰਨੀ ਤਾਕਤ ਦਿੱਤੀ ਕਿ ਮੈਂ ਛੱਤੀ ਸਾਲ ਦੀ ਨੌਕਰੀ ਕਰਕੇ ਅੱਜ ਰਿਟਾਇਰ ਹੋ ਗਿਆ ਹਾਂ। ਨਹੀਂ ਤਾਂ ਮੇਰੀ ਭੋਗ ਵਾਲੀ ਤਾਰੀਕ ਪਤਾ ਨਹੀਂ ਕਦੋਂ ਦੀ ਲੰਘ ਚੁੱਕੀ ਹੁੰਦੀ। ਅੱਜ ਅਨੇਕਾਂ ਸਮਾਜ ਵਿਰੋਧੀ ਅਨਸਰਾਂ ਨਾਲ ਜੰਗ ਲੜਨ ਲਈ ਇਕੱਲਾ ਗੱਜਣ ਚਾਚਾ ਕੁਝ ਨਹੀਂ ਕਰ ਸਕਦਾ। ਸਾਨੂੰ ਸਾਰਿਆਂ ਨੂੰ ਉਸ ਨੂੰ ਸਹਿਯੋਗ ਦੇਣ ਦੀ ਲੋੜ ਹੈ। ਜੇ ਅਸੀਂ ਸਿਹਤ ਅਤੇ ਮਾਨਸਿਕ ਤੌਰ ‘ਤੇ ਕਿਧਰੋਂ ਕਮਜ਼ੋਰ ਹੋ ਗਏ ਹਾਂ ਤਾਂ ਸਾਨੂੰ ਮਜ਼ਬੂਤ ਹੋਣ ਲਈ ਇਸ ਦੇ ਉਸੇ ਹਲਦੀ ਵਾਲੇ ਦੁੱਧ ਦੀ ਫਿਰ ਲੋੜ ਹੈ ਜਿਸ ਨੇ ਮੇਰੇ ਵਰਗੇ ਨਾਜ਼ੁਕ ਬੰਦੇ ਨੂੰ ਲੋਹੇ ਦੀ ਲੱਠ ਵਰਗਾ ਬਣਾ ਦਿੱਤਾ। ਆਓ ਪ੍ਰਣ ਕਰੀਏ ਕਿ ਇਨ੍ਹਾਂ ਲੋਕਾਂ ਦਾ ਸਾਥ ਦੇਈਏ ਜੋ ਸੱਚ ਅਤੇ ਇਮਾਨਦਾਰੀ ਦੇ ਰਾਹ ਉਤੇ ਚੱਲਣ ਦੀ ਹਿੰਮਤ ਰੱਖਦੇ ਹਨ। ਧੰਨਵਾਦ!’
ਜੀਵਨ ਦੇ ਮੂੰਹੋਂ ਮੇਰੇ ਪ੍ਰਤੀ ਇਹ ਸ਼ਬਦ ਸੁਣ ਕੇ ਪਿੰਡ ਦੇ ਲੋਕ ਮੇਰੇ ਨੇੜੇ ਨੂੰ ਢੁੱਕਣ ਲੱਗੇ, ਪਰ ਮੈਂ ਉਨ੍ਹਾਂ ਤੋਂ ਲਗਾਤਾਰ ਪਿੱਛੇ ਹਟਦਾ ਗਿਆ। ਮੈਨੂੰ ਪਿੱਛੇ ਹਟਦਿਆਂ ਦੇਖ ਕੇ ਲੋਕ ਮੇਰੇ ਮੂੰਹ ਵੱਲ ਅਵਾਕ ਝਾਕਣ ਲੱਗੇ। ਪਤਾ ਨਹੀਂ। ਇਸ ਵਕਤ ਉਹ ਫਖਰ ਮਹਿਸੂਸ ਕਰ ਰਹੇ ਜਾਂ ਸ਼ਰਮ। ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ।