ਹਰ ਫਨ ਵਿੱਚ ਮਾਹਿਰ ਰਿਚਾ


ਰਿਚਾ ਚੱਢਾ ਥੀਏਟਰ ਤੇ ਮਾਡਲਿੰਗ ਨਾਲ ਅੱਗੇ ਵਧਦੇ ਹੋਏ ਬਾਲੀਵੁੱਡ ਤੱਕ ਪਹੁੰਚ ਗਈ ਅਤੇ ‘ਫੁਕਰੇ ਰਿਟਰਨਸ’ ਨੇ ਉਸ ਨੂੰ ਕਾਮਯਾਬ ਅਭਿਨੇਤਰੀਆਂ ਦੀ ਲਿਸਟ ਵਿੱਚ ਸ਼ਾਮਲ ਕਰ ਦਿੱਤਾ। ਹੁਣ ਉਹ ਕਿਸੇ ਪਛਾਣ ਦੀ ਮੁਥਾਜ ਨਹੀਂ ਹੈ। ਮੌਜੂਦਾ ਦੌਰ ਦੀ ਉਹ ਇਕਲੌਤੀ ਅਜਿਹੀ ਅਭਿਨੇਤਰੀ ਹੈ, ਜਿਸ ਨੇ ਮੇਨ ਸਟਰੀਮ ਅਤੇ ਪੈਰੇਲਲ ਫਿਲਮਾਂ ‘ਚ ਇੱਕੋ ਜਿਹਾ ਮੁਕਾਮ ਬਣਾਇਆ ਹੋਇਆ ਹੈ। ਉਹ ਵੈੱਬ ਸੀਰੀਜ਼ ਤੇ ਸ਼ਾਰਟ ਫਿਲਮਾਂ ਵੀ ਕਰ ਰਹੀ ਹੈ।
ਫਿਲਮ ਨਗਰੀ ਵਿੱਚ ਲਗਭਗ 10 ਸਾਲ ਤੋਂ ਸਰਗਰਮ ਰਿਚਾ ਨੇ ਹਮੇਸ਼ਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਕਈ ਵਾਰ ਕਹਿ ਚੁੱਕੀ ਹੈ ਕਿ ਇੱਕੋ ਤਰ੍ਹਾਂ ਦਾ ਕੰਮ ਕਰਨ ਵਿੱਚ ਉਸ ਨੂੰ ਬੋਰੀਅਤ ਹੁੰਦੀ ਹੈ, ਇਸ ਲਈ ਉਹ ਹਮੇਸ਼ਾ ਆਪਣੇ ਕਿਰਦਾਰਾਂ ਉਤੇ ਐਕਸਪੈਰੀਮੈਂਟ ਕਰਦੀ ਰਹਿੰਦੀ ਹੈ। ਉਸ ਨੇ ਹੁਣ ਤੱਕ ਜੋ ਵੀ ਕਿਰਦਾਰ ਨਿਭਾਏ ਤੇ ਕੰਮ ਕੀਤਾ, ਉਸ ਨੂੰ ਲੈ ਕੇ ਬੇਹੱਦ ਖੁਸ਼ ਹੈ। ਪੰਜਾਬੀ ਲੜਕੀ ਹੋਣ ਦੇ ਨਾਤੇ ਉਸ ਦੇ ਮਨ ‘ਚ ਸਾਰੀਆਂ ਚੀਜ਼ਾਂ ਪ੍ਰਤੀ ਭੁੱਖ ਹੈ। ਉਸ ਨੂੰ ਜੇ ਇਥੇ ਵੱਖ-ਵੱਖ ਤਰ੍ਹਾਂ ਦਾ ਕੰਮ ਮਿਲਿਆ ਹੈ ਤਾਂ ਇਸ ‘ਚ ਉਸ ਦੀਆਂ ਖੁਦ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ।
ਰਿਚਾ ਇਨ੍ਹੀਂ ਦਿਨੀਂ ਰਚਨਾਤਮਕ ਦੁਨੀਆ ਦੇ ਵੱਖ-ਵੱਖ ਪਹਿਲੂਆਂ ਨੂੰ ਤਲਾਸ਼ਣ ਦੇ ਕੰਮ ਲੱਗੀ ਹੋਈ ਹੈ। ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਰਿਚਾ ਕਾਫੀ ਬਿਜ਼ੀ ਹੋਣ ਦੇ ਬਾਵਜੂਦ ਖੁਦ ਦਾ ਪ੍ਰੋਡਕਸ਼ਨ ਹਾਊਸ ਸਥਾਪਤ ਕਰ ਚੁੱਕੀ ਹੈ। ਉਸ ਨੇ ਆਪਣੇ ਬੈਨਰ ਹੇਠ ਪਹਿਲੀ ਪੰਜਾਬੀ ਫਿਲਮ ‘ਖੂਨ ਆਲੀ ਚਿੱਠੀ’ ਬਣਾਈ, ਪਰ ਡਿਸਟ੍ਰੀਬਿਊਟਰ ਨਾ ਮਿਲਣ ਦੀ ਵਜ੍ਹਾ ਨਾਲ ਰਿਚਾ ਨੂੰ ਉਸ ਨੂੰ ਸ਼ਾਰਟ ਫਿਲਮ ਵਿੱਚ ਬਦਲਣਾ ਪਿਆ। ਇਸ ਵਿੱਚ ਅੱਸੀ ਅਤੇ ਨੱਬੇ ਦੇ ਦਹਾਕੇ ਦੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਕਹਾਣੀਆਂ ਦਿਖਾਈਆਂ ਗਈਆਂ ਸਨ।
ਉਹ ਇੱਕ ਲਘੂ ਫਿਲਮ ਜ਼ਰੀਏ ਨਿਰਦੇਸ਼ਨ ਵਿੱਚ ਵੀ ਕਦਮ ਰੱਖਣ ਜਾ ਰਹੀ ਹੈ। ਇਸ ‘ਚ ਅਲੀ ਫਜ਼ਲ, ਆਦਰ ਮਲਿਕ ਤੇ ਸਤਿਆਜੀਤ ਦੁਬੇ ਨੂੰ ਉਹ ਨਿਰਦੇਸ਼ਿਤ ਕਰੇਗੀ। ਰਿਚਾ ਦੀ ਦੋਸਤ ਵਿਸ਼ਾਖਾ ਸਿੰਘ ਨੇ ਉਸ ਨੂੰ ਪ੍ਰੋਡਿਊਸ ਕੀਤਾ ਹੈ। ਉਹ ਵਿਅੰਗਾਤਮਕ ਲਘੂ ਫਿਲਮ ਸੰਨ 2025 ਉੱਤੇ ਆਧਾਰਤ ਹੈ, ਜਦੋਂ ਸਬਜ਼ੀਆਂ ਕਲਪਨਾ ਤੋਂ ਜ਼ਿਆਦਾ ਮਹਿੰਗੀਆਂ ਹੋ ਚੁੱਕੀਆਂ ਹੋਣਗੀਆਂ। ਉਹ ਮਿਊਜ਼ਿਕ ਫਿਲਮ ਨਗਰੀ ਵਿੱਚ ਵੀ ਆਪਣਾ ਕਦਮ ਰੱਖਣ ਜਾ ਰਹੀ ਹੈ ਤੇ ਜਲਦੀ ਹੀ ਉਹ ਇਸ ਫਿਲਮ ਵਿੱਚ ਵੀ ਡੈਬਿਊ ਕਰਨ ਵਾਲੀ ਹੈ। ਇਹੀ ਨਹੀਂ, ਉਹ ਹਾਲੀਵੁੱਡ ਵੱਲ ਆਪਣੇ ਕਦਮ ਵਾਧਾ ਰਹੀ ਹੈ। ਵੱਖ ਵੱਖ ਫੀਲਡਜ਼ ਵਿੱਚ ਹੱਥ ਅਜ਼ਮਾਉਣ ਦੀ ਉਸ ਦੀ ਕੋਸ਼ਿਸ਼ ਤੋਂ ਇਹੀ ਲੱਗਦਾ ਹੈ ਕਿ ਉਹ ਖੁਦ ਨੂੰ ਹਰ ਫਨ ਵਿੱੱਚ ਮਾਹਿਰ ਇੱਕ ‘ਅਲਰਾਊਂਡਰ’ ਸਾਬਤ ਕਰਨਾ ਚਾਹੁੰਦੀ ਹੈ।