ਹਰ ਪਲ ਖੁਸ਼ੀ ਨਾਲ ਜੀਓ : ਐਸ਼ਵਰਿਆ ਰਾਏ ਬੱਚਨ


ਐਸ਼ਵਰਿਆ ਰਾਏ ਬੱਚਨ ਨੇ ਆਪਣੀ ਅਕਲਮੰਦੀ ਤੇ ਨੇਕਦਿਲੀ ਨਾਲ ਹਰ ਵਾਰ ਦਿਖਾਇਆ ਹੈ ਕਿ ਉਹ ਇੱਕ ਸੁੰਦਰ ਚਿਹਰੇ ਤੋਂ ਬਹੁਤ ਜ਼ਿਆਦਾ ਹੈ। ਇਸੇ ਕਾਰਨ ਉਮਰ ਦੇ 42ਵੇਂ ਸਾਲ ਵਿੱਚ ਵੀ ਉਸ ਦਾ ਕ੍ਰੇਜ਼ ਦਰਸ਼ਕਾਂ ਵਿੱਚ ਹੈ। ਉਂਝ ਉਹ ਆਪਣੇ ਕੰਮ ਬਾਰ ਅਜੇ ਵੀ ਸੁਚੇਤ ਹੈ ਅਤੇ ਬਹੁਤ ਕੁਝ ਸਿੱਖਣਾ ਚਾਹੰੁਦੀ ਹੈ। ਐਸ਼ ਦਾ ਮੰਨਣਾ ਹੈ ਕਿ ਜਿਵੇਂ-ਜਿਵੇਂ ਕਲਾਕਾਰ ਦੀ ਉਮਰ ਵਧਦੀ ਜਾਂਦੀ ਹੈ, ਡਾਇਰੈਕਟਰਸ ਲਈ ਉਸ ਦੀ ਲੋੜ ਵਧਦੀ ਜਾਂਦੀ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਅੰਸ਼ :
* ਹਰ ਕਲਾਕਾਰ ਆਪਣੀ ਫਿਲਮ ਲਈ ਖੂਬ ਮਿਹਨਤ ਕਰਦਾ ਹੈ, ਪਰ ਜਦੋਂ ਫਿਲਮ ਉਮੀਦ ‘ਤੇ ਖਰੀ ਨਹੀਂ ਉਤਰਦੀ ਤਾਂ ਕਿਹੋ ਜਿਹਾ ਮਹਿਸੂਸ ਕਰਦੇ ਹੋ?
– ਤੁਹਾਡੀ ਮਿਹਨਤ ਨੂੰ ਲੋਕ ਜੇ ਪਸੰਦ ਨਾ ਕਰਨ, ਤੁਹਾਡੇ ਪ੍ਰੋਡਕਟ ਨੂੰ ਬਿਹਤਰ ਰਿਸਪਾਂਸ ਨਾ ਮਿਲੇ, ਤਾਂ ਸੁਭਾਵਿਕ ਤੌਰ ‘ਤੇ ਚੰਗਾ ਬਿਲਕੁਲ ਨਹੀਂ ਲੱਗਦਾ, ਪਰ ਬਾਲੀਵੁੱਡ ‘ਚ ਅਜਿਹਾ ਚੱਲਦਾ ਰਹਿੰਦਾ ਹੈ। ਕਿਸੇ ਇੱਕ ਫਿਲਮ ਦੀ ਅਸਫਲਤਾ ਨਾਲ ਕਲਾਕਾਰ ਦਾ ਕਰੀਅਰ ਰੁਕ ਨਹੀਂ ਜਾਂਦਾ, ਮੇਰਾ ਮੰਨਣਾ ਹੈ ਕਿ ਉਹ ਗਲਤੀਆਂ ਤੋਂ ਸਬਕ ਲੈ ਕੇ ਅੱਗੇ ਹੋਰ ਜ਼ਿਆਦਾ ਮਿਹਨਤ ਕਰਦਾ ਹੈ। ਅਸੀਂ ਐਂਟਰਟੇਨਰ ਹਾਂ ਅਤੇ ਸਾਡੇ ਕੰਮ ਦਾ ਫੈਸਲਾ ਪੂਰੀ ਤਰ੍ਹਾਂ ਦਰਸ਼ਕਾਂ ਦੇ ਹੱਥ ‘ਚ ਰਹਿੰਦਾ ਹੈ।
* ਅੱਜਕੱਲ੍ਹ ਕਈ ਤਰ੍ਹਾਂ ਦੀਆਂ ਫਿਲਮਾਂ ਬਣ ਰਹੀਆਂ ਹਨ। ਕੀ ਤੁਸੀਂ ਅੱਜ ਦੀਆਂ ਫਿਲਮਾਂ ਦੇਖਦੇ ਹੋ?
– ਹਾਂ, ਬਿਲਕੁਲ। ਅਸੀਂ ਇੱਕ ਦਰਸ਼ਕ ਵਜੋਂ ਫਿਲਮ ਦੇਖਣਾ ਪਸੰਦ ਕਰਦੇ ਹਾਂ। ਜਦੋਂ ਅਸੀਂ ਕੋਈ ਫਿਲਮ ਦੇਖਦੇ ਹਾਂ ਤਾਂ ਐਕਟਿੰਗ ਅਤੇ ਕਹਾਣੀ ‘ਤੇ ਧਿਆਨ ਜਾਂਦਾ ਹੈ। ਜਿੱਥੋਂ ਤੱਕ ਗੱਲ ਵੱਖਰੀ ਤਰ੍ਹਾਂ ਦੀਆਂ ਫਿਲਮਾਂ ਬਣਨ ਦੀ ਹੈ, ਇਹ ਹਮੇਸ਼ਾ ਤੋਂ ਹੁੰਦਾ ਰਿਹਾ ਹੈ, ਪਰ ਅੱਜਕੱਲ੍ਹ ਬਿਜ਼ਨਸ ਦੀ ਸੁਰੱਖਿਆ ਵੱਧ ਹੈ, ਇਸ ਲਈ ਫਿਲਮਾਂ ਬਣਾਉਣਾ ਸੁਰੱਖਿਅਤ ਹੈ।
* ਇਸ ਬਦਲੇ ਮਾਹੌਲ ‘ਚ ਆਪਣੇ ਫਿਲਮੀ ਸਫਰ ਨੂੰ ਕਿਹੋ ਜਿਹਾ ਦੇਖਦੇ ਹੋ?
– ਮੇਰੀ ਸ਼ੁਰੂਆਤ ਵੱਖਰੀ ਹੋ ਸਕਦੀ ਸੀ, ਪਰ ‘ਮਿਸ ਵਰਲਡ’ ਮੁਕਾਬਲੇ ਦਾ ਖਿਤਾਬ ਆਪਣੇ ਨਾਂਅ ਕਰਨ ਤੋਂ ਬਾਅਦ ਮੈਂ ਆਪਣੇ ਤਰ੍ਹਾਂ ਨਾਲ ਕੰਮ ਦੀ ਚੋਣ ਕੀਤੀ। ਮੈਂ ਫਿਲਮ ਮੇਕਰਸ ਤੇ ਨੇੜਲੇ ਦੋਸਤਾਂ, ਮੀਡੀਆ ਅਤੇ ਫੈਨਜ਼ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਹਮੇਸ਼ਾ ਉਤਸ਼ਾਹਤ ਕੀਤਾ ਹੈ। ਮੇਰੇ ਕਰੀਅਰ ‘ਚ ਬ੍ਰੇਕ ਵੀ ਆਏ, ਗੈਪ ਵੀ ਆਏ, ਪਰ ਫਿਲਮਮੇਕਰਸ, ਦੋਸਤਾਂ, ਮਡੀੀਆ ਅਤੇ ਪ੍ਰਸੰਸਕਾਂ ਦਾ ਪਿਆਰ ਕਦੇ ਘੱਟ ਨਹੀਂ ਹੋਇਆ। ਇਸੇ ਪੂੰਜੀ ਦੀ ਬਦੌਲਤ ਤਾਂ ਅੱਜ ਵੀ ਫਿਲਮਾਂ ‘ਚ ਐਕਟਿਵ ਹਾਂ।
* ਜ਼ਿੰਦਗੀ ਨੂੰ ਲੈ ਕੇ ਤੁਹਾਡਾ ਨਜ਼ਰੀਆ ਕੀ ਹੈ?
– ਜ਼ਿੰਦਗੀ ‘ਚ ਹਰ ਤਰ੍ਹਾਂ ਦੇ ਦੌਰ ਨੂੰ ਫੇਸ ਕਰਨਾ ਪੈਂਦਾ ਹੈ, ਪਰ ਮਜ਼ਬੂਤ ਇਨਸਾਨ ਉਹੀ ਹੈ, ਜੋ ਖੁਸ਼ੀ ‘ਚ ਪ੍ਰਮਾਤਮਾ ਦਾ ਧੰਨਵਾਦ ਕਰੇ ਅਤੇ ਦੁੱਖ ‘ਚ ਵੀ ਖੁਦ ਨੂੰ ਸੰਭਾਲੀ ਰੱਖੇ। ਜ਼ਿੰਦਗੀ ਨੂੰ ਲੈ ਕੇ ਪਾਜ਼ੀਟਿਵ ਹੋਣਾ ਬਹੁਤ ਜ਼ਰੂਰੀ ਹੈ, ਪਰ ਪਲ ਨੂੰ ਖੁਸ਼ੀ ਨਾਲ ਜਿਊਣਾ ਚਾਹੀਦਾ ਹੈ।
* ਸੋਸ਼ਲ ਨੈਟਵਰਕਿੰਗ ਸਾਈਟਸ ‘ਤੇ ਤੁਹਾਡੀ ਗੈਰ-ਮੌਜੂਦਗੀ ਤੁਹਾਡੇ ਪ੍ਰਸ਼ੰਸਕਾਂ ਨੂੰ ਰੜਕਦੀ ਹੈ?
– ਮੈਂ ਸੋਸ਼ਲ ਨੈਟਵਰਕਿੰਗ ਸਾਈਟਸ ਦੀ ਪਾਵਰ ਨੂੰ ਜਾਣਦੀ ਹਾਂ। ਸ਼ੁਰੂ-ਸ਼ੁਰੂ ‘ਚ ਮੈਨੂੰ ਇਹ ਬੜਾ ਅਜੀਬ ਲੱਗਦਾ ਸੀ ਕਿ ਸਾਰਿਆਂ ਨੂੰ ਆਪਣੀ ਪ੍ਰਾਪੂਲੈਰਿਟੀ ਦਿਖਾਉਣੀ ਸੀ, ਇਸ ਲਈ ਉਸ ਟ੍ਰੈਂਡ ਤੋਂ ਦੂਰ ਸੀ।
* ਕਦੇ ਅਰਾਧਿਆ ਨੇ ਜ਼ਿਕਰ ਕੀਤਾ ਕਿ ਉਹ ਵੀ ਹੀਰੋਇਨ ਬਣਨਾ ਚਾਹੁੰਦੀ ਹੈ?
– ਇਹ ਤਾਂ ਹੁਣ ਤੱਕ ਕਦੇ ਨਹੀਂ ਕਿਹਾ, ਪਰ ਸ਼ੁਰੂ-ਸ਼ੁਰੂ ‘ਚ ਉਹ ਕਦੇ ਗਾਣਾ ਦੇਖਦੀ ਸੀ ਤਾਂ ਇਹ ਜ਼ਰੂਰ ਪੁੱਛਦੀ ਸੀ ਕਿ ‘ਮੈਂ ਕਿੱਥੇ ਹਾਂ’? ਕਿਉਂਕਿ ਉਹ ਹਰ ਫੋਟੋ ‘ਚ ਮੈਨੂੰ ਅਤੇ ਖੁਦ ਨੂੰ ਦੇਖਦੀ ਸੀ ਤਾਂ ਉਸ ਦਾ ਰਿਐਕਸ਼ਨ ਗਾਣਿਆਂ ਨੂੰ ਦੇਖ ਕੇ ਵੀ ਅਜਿਹਾ ਹੀ ਰਹਿੰਦਾ ਸੀ, ਪਰ ਕਦੇ ਹੀਰੋਇਨ ਬਣਨ ਦੀ ਗੱਲ ਨਹੀਂ ਕੀਤੀ।