ਹਰਿੰਦਰ ਮੱਲ੍ਹੀ ਵੱਲੋਂ 84’ ਸਿੱਖ ਜੈਨੋਸਾਈਡ ਦੀ ਨਿੰਦਾ ਕਰਨ ਵਾਲਾ ਮੋਸ਼ਨ ਪੇਸ਼

Harinder Malhiਟੋਰਾਂਟੋ ਪੋਸਟ ਬਿਉਰੋ: ਬਰੈਂਪਟਨ ਸਪਰਿੰਗਡੇਲ ਤੋਂ ਲਿਬਰਲ ਐਮ ਪੀ ਪੀ ਹਰਿੰਦਰ ਕੌਰ ਮੱਲ੍ਹੀ ਨੇ ਉਂਟੇਰੀਓ ਦੀ ਪਾਰਲੀਮੈਂਟ ਵਿੱਚ ਇੱਕ ਪ੍ਰਾਈਵੇਟ ਮੈਂਬਰ ਮੋਸ਼ਨ ਪੇਸ਼ ਕੀਤਾ ਹੈ। ਇਸ ਮੋਸ਼ਨ ਵਿੱਚ ਉਂਟੇਰੀਓ ਪਾਰਲੀਮੈਂਟ ਨੂੰ 1984 ਵਿੱਚ ਹੋਏ ਸਿੱਖ ਜੈਨੋਸਾਈਡ ਸਮੇਤ ਭਾਰਤ ਅਤੇ ਵਿਸ਼ਵ ਦੇ ਹਰ ਖਿੱਤੇ ਵਿੱਚ ਹਰ ਕਿਸਮ ਦੀ ਸੰਪਰਦਾਇਕ ਹਿੰਸਾ, ਨਫ਼ਰਤ, ਵੈਰ ਭਾਵ, ਪੱਖਪਾਤ, ਨਸਲਵਾਦ ਅਤੇ ਅਸਹਿਣਸ਼ੀਲਤਾ ਦੀ ਨਿੰਦਾ ਕਰਨ ਦਾ ਸੱਦਾ ਦਿੱਤਾ ਗਿਆ ਹੈ। ਮੋਸ਼ਨ ਦੇ ਮੁੱਢ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਂਟੇਰੀਓ ਦੀ ਸੰਵਿਧਾਨਕ ਅਸੈਂਬਲੀ ਨੂੰ ਉਹਨਾਂ ਕਦਰਾਂ ਕੀਮਤਾਂ ਜਿਵੇਂ ਇਨਸਾਫ਼, ਮਨੁੱਖੀ ਅਧਿਕਾਰ ਅਤੇ ਇਨਸਾਫ, ਜਿਹਨਾਂ ਉੱਤੇ ਸਾਨੂੰ ਮਾਣ ਹੈ, ਪ੍ਰਤੀ ਆਪਣੀ ਵੱਚਨਬੱਧਤਾ ਦੀ ਮੁੜ ਪੁਸ਼ਟੀ ਕਰਨੀ ਚਾਹੀਦੀ ਹੈ। ਹਰਿੰਦਰ ਮੱਲ੍ਹੀ ਦੇ ਮੋਸ਼ਨ ਉੱਤੇ ਅੱਜ 6 ਅਪਰੈਲ ਨੂੰ ਬੈਲਟ ਆਈਟਮ ਨੰਬਰ 47 ਵਜੋਂ ਬਹਿਸ ਹੋਵੇਗੀ।

ਇਸ ਮੋਸ਼ਨ ਦੇ ਪਾਸ ਹੋ ਜਾਣ ਦੀ ਵੱਡੀ ਸੰਭਾਵਨਾ ਹੈ ਕਿਉਂਕਿ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੈਟਰਿਕ ਬਰਾਊਨ ਨੇ ਇਸਦੇ ਹੱਕ ਵਿੱਚ ਭੁਗਤਣ ਦੀ ਗੱਲ ਕੀਤੀ ਹੈ। ਹਾਲੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਐਨ ਡੀ ਪੀ ਵੱਲੋਂ ਵੀ ਇਸ ਮੋਸ਼ਨ ਦੇ ਹੱਕ ਵਿੱਚ ਵੋਟ ਪਾਈ ਜਾਵੇਗੀ ਜਾਂ ਨਹੀਂ। ਜਗਮੀਤ ਸਿੰਘ ਦਾ ਮੋਸ਼ਨ ਲਿਬਰਲ ਪਾਰਟੀ ਵੱਲੋਂ ਸਾਥ ਨਾ ਦਿੱਤੇ ਜਾਣ ਕਾਰਣ ਪਾਸ ਨਹੀਂ ਸੀ ਹੋ ਸਕਿਆ। ਉਂਟੇਰੀਓ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਨਾਲ ਸਬੰਧਿਤ ਸਿੱਖ ਐਮ ਪੀ ਪੀਆਂ ਹਰਿੰਦਰ ਮੱਲ੍ਹੀ, ਹਰਿੰਦਰ ਤੱਖਰ, ਅਮ੍ਰਤਿ ਮਾਂਗਟ ਅਤੇ ਵਿੱਕ ਢਿੱਲੋਂ ਨੇ ਜਗਮੀਤ ਸਿੰਘ ਦੇ ਮੋਸ਼ਨ ਦੇ ਵਿਰੋਧ ਵਿੱਚ ਵੋਟਾਂ ਪਾਈਆਂ ਸਨ। ਜਗਮੀਤ ਸਿੰਘ ਦੇ ਹੱਕ ਵਿੱਚ ਸਿਰਫ਼ 22 ਵੋਟਾਂ ਪਈਆਂ ਸਨ ਜਦੋਂ ਕਿ 40 ਵੋਟਾਂ ਵਿਰੋਧ ਵਿੱਚ। ਕੰਜ਼ਰਵੇਟਿਵ ਅਤੇ ਐਨ ਡੀ ਪੀ ਇਸ ਮੋਸ਼ਨ ਦੇ ਹੱਕ ਵਿੱਚ ਭੁਗਤੇ ਸਨ।

ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੈਟਰਿਕ ਬਰਾਊਨ ਨੇ ਐਮ ਪੀ ਪੀ ਮੱਲ੍ਹੀ ਦੇ ਮੋਸ਼ਨ ਨੂੰ ਸਿਆਸੀ ਲਾਭ ਹਾਸਲ ਕਰਨ ਦੀ ਪ੍ਰੇਰਨਾ ਵਾਲਾ ਦੱਸਿਆ ਹੈ। ਰੇਡੀਓ ਖ਼ਬਰਸਾਰ ਉੱਤੇ ਗੱਲਬਾਤ ਕਰਦੇ ਹੋਏ ਪੈਟਰਿਕ ਬਰਾਊਂ ਨੇ ਕਿਹਾ ਕਿ ਜਿਸ ਮੁੁੱਦੇ ਉੱਤੇ ਲਿਬਰਲ ਪਹਿਲਾਂ ਵਿਰੋਧ ਵਿੱਚ ਖੜੇ ਸਨ, ਆਪਣੀ ਡਿੱਗਦੀ ਸਾਖ਼ ਨੂੰ ਵੇਖਦੇ ਹੋਏ ਹੁਣ ਖੁਦ ਮੋਸ਼ਨ ਲੈ ਆਏ ਹਨ।

ਕਮਿਉਨਿਟੀ ਵਿੱਚੋਂ ਮਿਲਦੀਆਂ ਖਬ਼ਰਾਂ ਮੁਤਾਬਕ ਖਾਲਸਾ ਸਾਜਨਾ ਦਿਵਸ ਨੂੰ ਸਮ੍ਰਪਿਤ ਨਗਰ ਕੀਰਤਨ ਵਿੱਚ ਲਿਬਰਲ ਪਾਰਟੀ ਨੂੰ ਸੱਦਾ ਦੇਣ ਜਾਂ ਸੱਦਾ ਨਾ ਦੇਣ ਬਾਰੇ ਉਂਟੇਰੀਓ ਗੁਰਦੁਆਰਾਜ਼ ਐਂਡ ਸਿੱਖਜ਼ ਕਾਉਂਸਲ ਅਤੇ ਉਂਟੇਰੀਓ ਗੁਰਦੁਆਰਾ ਕਮੇਟੀ ਵਿੱਚ ਚਰਚਾ ਚੱਲਦੀ ਰਹੀ ਹੈ। ਪਿਛਲੇ ਦਿਨੀਂ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਮੀਡੀਆ ਦਾ ਧੰਨਵਾਦ ਅਤੇ ਸਨਮਾਨ ਕਰਨ ਲਈ ਇੱਕ ਸਮਾਗਮ ਦਾ ਆਯੋਜਿਨ ਕੀਤਾ ਗਿਆ ਸੀ। ਇਸ ਸਮਾਗਮ ਤੋਂ ਬਾਅਦ ਸਿੱਖ ਮੋਟਰ ਸਾਈਕਲ ਕਲੱਬ ਵੱਲੋਂ ਕਮੇਟੀਆਂ ਤੋਂ ਮੰਗ ਕੀਤੀ ਗਈ ਕਿ ਲਿਬਰਲ ਸਰਕਾਰ ਵੱਲੋਂ ਦਸਤਾਰ ਪਹਿਨ ਕੇ ਮੋਟਰਸਾਈਕਲ ਚਲਾਉਣ ਦੀ ਆਗਿਆ ਨਾ ਦੇਣ ਕਾਰਣ ਲਿਬਰਲ ਪਾਰਟੀ ਨੂੰ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਨਾ ਦਿੱਤਾ ਜਾਵੇ।

ਇਹ ਵੀ ਖਬਰਾਂ ਮਿਲੀਆਂ ਹਨ ਕਿ ਪ੍ਰੀਮੀਅਰ ਕੈਥਲਿਨ ਵਿੱਨ ਨੇ ਪਿਛਲੇ ਦਿਨੀਂ ਗੁਰਦੁਆਰਾ ਸਿੱਖ ਸੰਗਤ ਬਰੈਂਪਟਨ ਅਤੇ ਗੁਰਦੁਆਰਾ ਸਾਹਿਬ ਕੈਂਬਰਿਜ ਦਾ ਨਿੱਜੀ ਦੌਰਾ ਕਰਕੇ ਕੁੱਝ ਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ ਸੀ ਜਿੱਥੇ ਪ੍ਰੀਮੀਅਰ ਕੋਲ ਕੁੱਝ ਅਹਿਮ ਸਿੱਖ ਮੁੱਦੇ ਉਠਾਏ ਗਏ ਸਨ।

ਉਂਟੇਰੀਓ ਪਾਰਲੀਮੈਂਟ ਦੀ ਵੈੱਬਸਾਈਟ ਮੁਤਾਬਕ ਐਮ ਪੀ ਪੀਆਂ ਵੱਲੋਂ ਲਿਆਂਦੇ ਗਏ ਜਿਹੜੇ ਪ੍ਰਾਈਵੇਟ ਮੈਂਬਰ ਮੋਸ਼ਨ ਅਜਿਹੇ ਸ਼ਬਦਾਂ ਨਾਲ ਆਰੰਭ ਹੁੰਦੇ ਹਨ: “ਕਿ ਇਸ ਹਾਊਸ ਦੀ ਧਾਰਨਾ ਮੁਤਾਬਕ” (That, in the opinion of this House),  ਸਰਕਾਰ ਲਈ ਅਜਿਹੇ ਮੋਸ਼ਨਾਂ ਦੇ ਪਾਸ ਹੋਣ ਜਾਣ ਦੇ ਬਾਵਜੂਦ ਕੋਈ ਵਿਸ਼ੇਸ਼ ਪਾਲਸੀ ਬਣਾਉਣ ਜਾਂ ਕਾਰਵਾਈ ਦੀ ਨੀਤੀ ਤਿਆਰ ਕਰਨਾ ਜਰੂਰੀ ਨਹੀਂ ਹੁੰਦਾ। ਅਜਿਹੇ ਮੋਸ਼ਨਾਂ ਨੂੰ ਬੱਸ ਰੈਜੋਲਿਊਸ਼ਨ ਭਾਵ ਮਤੇ ਵਜੋਂ ਲਿਆ ਜਾਂਦਾ ਹੈ।