ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁਡਾ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ

huddaਚੰਡੀਗੜ੍ਹ, 6 ਅਪ੍ਰੈਲ, (ਪੋਸਟ ਬਿਊਰੋ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਖਿਲਾਫ ਸੀ ਬੀ ਆਈ ਨੇ ਐਸੋਸੀਏਟਡ ਜਰਨਲ ਲਿਮਟਿਡ (ਏ ਜੇ ਐਲ) ਦੇ ਅਖ਼ਬਾਰ ਨੈਸ਼ਨਲ ਹੈਰਾਲਡ ਲਈ ਪੰਚਕੂਲਾ ਵਿਖੇ ਨਿਯਮਾਂ ਨੂੰ ਉਲੰਘ ਕੇ ਪਲਾਟ ਅਲਾਟ ਕਰਨ ਦੇ ਮਾਮਲੇ ਵਿਚ ਹੁੱਡਾ (ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ), ਵਿੱਤ ਕਮਿਸ਼ਨਰ, ਕਮਿਸ਼ਨਰ, ਮੁੱਖ ਪ੍ਰਸ਼ਾਸਕ (ਹੁੱਡਾ) ਤੇ ਪ੍ਰਸ਼ਾਸਕ (ਹੁੱਡਾ) ਦੇ ਵਿਰੁਧ ਧਾਰਾ 409, 420, 120 ਬੀ ਅਤੇ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਇੱਕ ਕੇਸ ਦਰਜ ਕਰ ਲਿਆ ਹੈ।
ਵਰਨਣ ਯੋਗ ਹੈ ਕਿ ਹਰਿਆਣਾ ਦੇ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਚਕੂਲਾ ਵਿਖੇ ਏ ਜੇ ਐਲ ਨੂੰ ਨਿਯਮਾਂ ਦੇ ਉਲਟ ਜਾ ਕੇ ਜ਼ਮੀਨ ਦੇਣ ਦੇ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ ਸੀ। ਵਿਜੀਲੈਂਸ ਜਾਂਚ ਵਿੱਚ ਕੁਝ ਬੇਨਿਯਮੀਆਂ ਸਾਹਮਣੇ ਆਈਆਂ ਸਨ, ਜਿਸ ਪਿੱਛੋਂ ਸਰਕਾਰ ਨੇ ਇਸ ਕੇਸ ਦੀ ਜਾਂਚ ਸੀ ਬੀ ਆਈ ਨੂੰ ਸੌਂਪ ਦਿਤੀ ਸੀ। ਸਾਬਕਾ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਤੇ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ (ਹੁੱਡਾ) ਦੇ ਚੇਅਰੈਮਨ ਵਜੋਂ ਸੈਕਟਰ 6 ਪੰਚਕੂਲਾ ਵਿਖੇ ਐਸੋਸੀਏਟਡ ਜਰਨਲ ਲਿਮਟਿਡ (ਏ ਜੇ ਐਲ) ਨੂੰ ਇੱਕ ਪਲਾਟ ਪਹਿਲ ਦੇ ਆਧਾਰ ਉੱਤੇ ਅਲਾਟ ਕੀਤਾ ਸੀ, ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਜੇ ਇਸ ਪਲਾਟ ਨੂੰ ਖੁਲ੍ਹੀ ਬੋਲੀ ਰਾਹੀਂ ਅਲਾਟ ਕੀਤਾ ਜਾਂਦਾ ਤਾਂ ਹਰਿਆਣਾ ਸਰਕਾਰ ਨੂੰ ਕਰੋੜਾਂ ਰੁਪਏ ਦਾ ਆਰਥਕ ਲਾਭ ਹੋ ਜਾਣਾ ਸੀ। ਇਸ ਵਿਚ ਖਾਸ ਗੱਲ ਇਹ ਹੈ ਕਿ ਇਹੋ ਪਲਾਟ 1982 ਵਿਚ ਵੀ ਉਸ ਕੰਪਨੀ ਨੂੰ ਅਲਾਟ ਹੋਇਆ ਸੀ, ਪਰ ਕੰਪਨੀ ਨੇ 10 ਸਾਲ ਭਾਵ 1992 ਤਕ ਕੋਈ ਉਸਾਰੀ ਨਾ ਕੀਤੀ ਤਾਂ ਹਰਿਆਣਾ ਅਰਬਨ ਵਿਕਾਸ ਅਥਾਰਟੀ (ਹੁਡਾ) ਦੇ ਨਿਯਮਾਂ ਮੁਤਾਬਕ ਪਲਾਟ ਦੀ ਅਲਾਟਮੈਂਟ ਰੱਦ ਹੋ ਗਈ ਅਤੇ ਫਿਰ 2005 ਵਿਚ ਜਦੋਂ ਭੁਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਇਹ ਹੀ ਪਲਾਟ ਕੰਪਨੀ ਨੂੰ ਮੁੜ ਕੇ ਦੇ ਦਿਤਾ ਸੀ। ਇਸ ਬਾਰੇ ਨਿਯਮਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਸੀ। ਏ ਜੀ ਐਲ ਉੱਤੇ ਨਹਿਰੂ ਗਾਂਧੀ ਪਰਵਾਰ ਦਾ ਕੰਟਰੋਲ ਦਸਿਆ ਜਾਂਦਾ ਹੈ ਅਤੇ ਇਸ ਵੱਲੋਂ ਛਾਪਿਆ ਜਾਂਦਾ ਨੈਸ਼ਨਲ ਹੈਰਾਲਡ ਵੀ ਕਾਂਗਰਸ ਦਾ ਅਖ਼ਬਾਰ ਹੈ।
ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਪਹਿਲਾਂ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਅਪਣੇ ਰਾਜ ਵਿੱਚ ਕੋਈ ਵੀ ਕੰਮ ਨਿਯਮਾਂ ਦੇ ਘੇਰੇ ਤੋਂ ਬਾਹਰ ਜਾ ਕੇ ਨਹੀਂ ਕੀਤਾ, ਭਾਜਪਾ ਸਿਆਸੀ ਬਦਲਾਖੋਰੀ ਨਾਲ ਕੰਮ ਕਰ ਰਹੀ ਹੈ।