ਹਰਿਆਣਾ ਕਾਂਗਰਸ ਦਾ ਹੁੱਡਾ ਧੜਾ ਐਸ ਵਾਈ ਐਲ ਨਹਿਰ ਦੇ ਲਈ ਮੋਦੀ ਨੂੰ ਮਿਲੇਗਾ

huda
ਚੰਡੀਗੜ੍ਹ, 17 ਮਾਰਚ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹੁੰ ਚੁੱਕ ਸਮਾਗਮ ਤੋਂ ਮੁੜਦੇ ਸਾਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸਤਲੁਜ ਜਮਨਾ ਲਿੰਕ (ਐਸ ਵਾਈ ਐਲ) ਨਹਿਰ ਦੇ ਪਾਣੀ ਬਾਰੇ ਸਾਫ ਗੱਲ ਕਹਿ ਦਿੱਤੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਕ ਵੀ ਲਫਜ਼ ਨਹੀਂ ਬੋਲਿਆ, ਪਰ ਇਹ ਕਿਹਾ ਕਿ ਨਹਿਰ ਬਣਵਾਉਣ ਤੇ ਉਸ ਵਿੱਚ ਪਾਣੀ ਲਿਆਉਣ ਦੀ ਜ਼ਿੰਮੇਵਾਰੀ ਕੇਂਦਰ ਦੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਹੈ। ਭੁਪਿੰਦਰ ਸਿੰਘ ਹੁੱਡਾ ਨੇ ਐਸ ਵਾਈ ਐਲ ਬਣਾਉਣ ਲਈ ਛੇਤੀ ਹੀ ਨਰਿੰਦਰ ਮੋਦੀ ਨੂੰ ਮਿਲਣ ਦੀ ਗੱਲ ਕਹੀ ਹੈ।
ਚੰਡੀਗੜ੍ਹ ਵਿੱਚ ਆਪਣੇ ਫਲੈਟ ਉੱਤੇ ਕੱਲ੍ਹ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਹੁੱਡਾ ਨੇ ਕਿਹਾ ਕਿ ਕਿਸੇ ਦੇ ਸੁੱਖ ਦੁੱਖ ਵਿੱਚ ਸ਼ਾਮਲ ਹੋਣਾ ਸਾਡੀ ਪ੍ਰੰਪਰਾ ਦਾ ਹਿੱਸਾ ਹੈ। ਉਹ ਕੈਪਟਨ ਅਮਰਿੰਦਰ ਸਿੰਘ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਗਏ ਸਨ। ਉਨ੍ਹਾਂ ਕਿਹਾ ਕਿ ਐਸ ਵਾਈ ਐਲ ਨਹਿਰ ਬਣਾਉਣ ਦਾ ਵਿਵਾਦ ਹੁਣ ਹਰਿਆਣਾ ਅਤੇ ਪੰਜਾਬ ਦਾ ਨਹੀਂ ਰਹਿ ਗਿਆ। ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਅਦ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣ ਗਈ ਹੈ ਕਿ ਉਹ ਆਪਣੀ ਦੇਖ ਰੇਖ ਵਿੱਚ ਨਹਿਰ ਬਣਵਾਏ। ਹੁੱਡਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ ਵਿੱਚ ਐਸ ਵਾਈ ਐਲ ਨੂੰ ਖੋਦਣ ਦਾ ਕੰਮ ਕੀਤਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੰਵਿਧਾਨ ਤੇ ਫੈਡਰਲ ਢਾਂਚੇ ਨੂੰ ਮੰਨਣ ਵਾਲੀ ਸਰਕਾਰ ਹੈ। ਉਨ੍ਹਾ ਨੇ ਫੈਡਰਲ ਢਾਂਚੇ ਦਾ ਸਨਮਾਨ ਕਰਨ ਦੀ ਸਹੁੰ ਚੁੱਕੀ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਾਉਣ ਵਿੱਚ ਸਹਿਯੋਗ ਕਰਨ।