ਹਰਦੇਵ ਲਾਡੀ ਉੱਤੇ ਕੇਸ ਪਾਉਣ ਵਾਲਾ ਐੱਸ ਐੱਚ ਓ ਹਾਈ ਕੋਰਟ ਦੀ ਸ਼ਰਣ ਜਾ ਪੁੱਜਾ

ਜਲੰਧਰ, 7 ਮਈ, (ਪੋਸਟ ਬਿਊਰੋ)- ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉੱਪ ਚੋਣ ਲਈ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉੱਤੇ ਨਾਜਾਇਜ਼ ਮਾਈਨਿੰਗ ਕਰਾਉਣ ਦਾ ਕੇਸ ਦਰਜ ਕਰਨ ਦੇ ਮਾਮਲੇ ਵਿੱਚ ਓਦੋਂ ਨਵਾਂ ਮੋੜ ਆ ਗਿਆ, ਜਦੋਂ ਪੁਲਸ ਨੇ ਇਹ ਕੇਸ ਦਰਜ ਕਰਨ ਵਾਲੇ ਇੰਸਪੈਕਟਰ ਅਤੇ ਐੱਸ ਐੱਚ ਓ ਪਰਮਿੰਦਰ ਸਿੰਘ ਬਾਜਵਾ ਦੀ ਛੁੱਟੀ 5 ਦਿਨ ਲਈ ਹੋਰ ਵਧਾ ਦਿੱਤੀ। ਦੂਸਰੇ ਪਾਸੇ ਕੇਸ ਦਰਜ ਕਰਨ ਤੋਂ ਪਹਿਲਾਂ ਇਸ ਸ਼ਹਿਰ ਦੇ ਹੋਟਲ ਰੈਡੀਸਨ ਵਿੱਚ ਪਰਮਿੰੰਦਰ ਸਿੰਘ ਬਾਜਵਾ ਦੀ ਇਕ ਔਰਤ ਨਾਲ ਠਹਿਰਨ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ। ਇਸ ਦੌਰਾਨ ਪੁਲਸ ਇੰਸਪੈਕਟਰ ਬਾਜਵਾ ਨੇ ਹਾਈ ਕੋਰਟ ਤੱਕ ਵੀ ਪਹੁੰਚ ਜਾ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਹੋਟਲ ਵਿੱਚ ਇੱਕ ਔਰਤ ਨਾਲ ਠਹਿਰਨ ਦੀ ਵੀਡੀਓ ਨੂੰ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੇ ਝੂਠਾ ਦੱਸਿਆ ਅਤੇ ਇਸ ਸੰਬੰਧ ਵਿੱਚ ਹਾਈ ਕੋਰਟ ਦੀ ਸ਼ਰਨ ਲਈ ਹੈ। ਉਨ੍ਹਾਂ ਨੇ ਹਾਈ ਕੋਰਟ ਵਿੱਚ ਦਿੱਤੀ ਅਰਜ਼ੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਰੈਡੀਸਨ ਹੋਟਲ ਨੂੰ ਪਾਰਟੀ ਬਣਾਇਆ ਹੈ। ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਕੋਈ ਗਲਤੀ ਨਹੀਂ ਕੀਤੀ ਤੇ ਨਾ ਉਨ੍ਹਾਂ ਨੂੰ ਇਸ ਦਾ ਕੋਈ ਪਛਤਾਵਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬਾਜਵਾ ਦਾ ਕਹਿਣਾ ਹੈ ਕਿ ਪੁਲਸ ਵਿਭਾਗ ਉੱਤੇ ਸਰਕਾਰ ਦੇ ਉੱਚ ਅਹੁਦਿਆਂ ਉੱਤੇ ਬੈਠੇ ਲੀਡਰਾਂ ਦਾ ਪ੍ਰੈਸ਼ਰ ਹੈ ਅਤੇ ਅਫਸਰ ਨੌਕਰੀ ਬਚਾਉਣ ਲੱਗੇ ਹੋਏ ਹਨ। ਇਸ ਦੌਰਾਨ ਇੱਕ ਮੀਡੀਆ ਚੈਨਲ ਨੇ ਉਨ੍ਹਾਂ ਦੀ ਰੈਡੀਸਨ ਹੋਟਲ ਦੀ ਸੀ ਸੀ ਟੀ ਵੀ ਫੁਟੇਜ ਪੇਸ਼ ਕਰ ਕੇ ਉਨ੍ਹਾਂ ਦੇ ਵੱਕਾਰ ਨੂੰ ਠੇਸ ਪਹੁੰਚਾਈ ਹੈ। ਬਾਜਵਾ ਨੇ ਕਿਹਾ ਕਿ ਉਹ ਇਸ ਕੇਸ ਬਾਰੇ ਆਈ ਜੀ ਰੇਂਜ ਨੌਨਿਹਾਲ ਸਿੰਘ ਨੂੰ ਮਿਲੇ ਸਨ ਤੇ ਕਿਹਾ ਸੀ ਕਿ ਅਸਤੀਫਾ ਆਪਣੀ ਮਰਜ਼ੀ ਨਾਲ ਦਿੱਤਾ ਤੇ ਆਪਣੀ ਨਾਲ ਵਾਪਸ ਲਿਆ ਹੈ। ਉਨ੍ਹਾਂ ਨੇ ਨੌਨਿਹਾਲ ਸਿੰਘ ਤੋਂ ਪੁੱਛਿਆ ਕਿ ਪੁਲਸ ਨੇ ਉਨ੍ਹਾਂ ਦੇ ਗੰਨਮੈਨ ਕਿਉਂ ਵਾਪਸ ਲਏ ਹਨ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।
ਦੂਸਰੇ ਪਾਸੇ ਆਈ ਜੀ ਨੌਨਿਹਾਲ ਸਿੰਘ ਦਾ ਕਹਿਣਾ ਹੈ ਕਿ ਉਹ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੀ ਇਸ ਵਾਇਰਲ ਵੀਡੀਓ ਬਾਰੇ ਕੁਝ ਨਹੀਂ ਕਹਿ ਸਕਦੇ ਅਤੇ ਬਾਜਵਾ ਨੇ ਅਜੇ ਤੱਕ ਉਨ੍ਹਾਂ ਕੋਲ ਆ ਕੇ ਕੇਸ ਦਰਜ ਕਰਨ ਦੀ ਕੋਈ ਸਫਾਈ ਵੀ ਨਹੀਂ ਦਿੱਤੀ।
ਇਸ ਦੌਰਾਨ ਇੰਸਪੈਕਟਰ ਬਾਜਵਾ ਨੇ ਹਾਈ ਕੋਰਟ ਵਿੱਚ ਰਿੱਟ ਕਰ ਕੇ ਕਿਹਾ ਹੈ ਕਿ ਉਨ੍ਹਾਂ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਉਹ ਸ਼ਹਿਰ ਛੱਡ ਕੇ ਚਲਾ ਜਾਵੇ। ਉਸ ਕੋਲੋਂ ਸਕਿਓਰਿਟੀ ਵੀ ਖੋਹ ਲਈ ਅਤੇ ਸਰਕਾਰੀ ਰਿਵਾਲਵਰ ਵੀ ਲੈ ਲਿਆ ਗਿਆ ਹੈ। ਇਸ ਲਈ ਉਹ ਪ੍ਰੋਟੈਕਸ਼ਨ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਮਾਰਨ ਲਈ ਸਾਜ਼ਿਸ਼ਾਂ ਹੋ ਰਹੀਆਂ ਹਨ।