ਹਰਜੀਤ ਸੱਜਣ ਪੰਜਾਬ ਪੁੱਜੇ, ਕੁੱਝ ਖਾੜਕੂ ਜੱਥੇਬੰਦੀਆਂ ਨੇ ਝੰਡੇ ਵਿਖਾ ਕੇ ਕੀਤਾ ਸੁਆਗਤ

dfgsdfgdgdgdਅੰਮ੍ਰਿਤਸਰ, 19 ਅਪਰੈਲ (ਪੋਸਟ ਬਿਊਰੋ) : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦੋ ਰੋਜ਼ਾ ਦੌਰੇ ਲਈ ਬੁੱਧਵਾਰ ਸ਼ਾਮ ਨੂੰ ਆਪਣੀ ਜਨਮ ਭੂਮੀ ਪੰਜਾਬ ਪਹੁੰਚ ਗਏ। ਅੰਮ੍ਰਿਤਸਰ ਵਿੱਚ ਰਾਜਾਸਾਂਸੀ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਦਾ ਸਵਾਗਤ ਕਰਨ ਲਈ ਨਹੀਂ ਪਹੁੰਚਿਆ। ਉਹ ਸ਼ਾਮ ਦੇ ਲੱਗਭਗ 6:30 ਵਜੇ ਇੱਥੇ ਪਹੁੰਚੇ।
ਇੱਕ ਐਸਡੀਐਮ ਦੀ ਅਗਵਾਈ ਵਿੱਚ ਕੁੱਝ ਅਧਿਕਾਰੀ ਉਨ੍ਹਾਂ ਦਾ ਸਵਾਗਤ ਕਰਨ ਲਈ ਉੁੱਥੇ ਮੌਜੂਦ ਸਨ ਜਦਕਿ ਕੁੱਝ ਸਿੱਖ ਜਥੇਬੰਦੀਆਂ ਦੇ ਮੈਂਬਰ ਵੀ ਸੱਜਣ ਦਾ ਸਵਾਗਤ ਕਰਨ ਲਈ ਉੱਥੇ ਪਹੁੰਚੇ ਹੋਏ ਸਨ ਤੇ ਉਨ੍ਹਾਂ ਨਾਅਰੇ ਵੀ ਲਾਏ ਤੇ ਝੰਡੇ ਵਿਖਾ ਕੇ ਸਵਾਗਤ ਕੀਤਾ। ਜਿ਼ਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਜਣ ਨੂੰ ਖਾਲਿਸਤਾਨ ਪੱਖੀ ਦੱਸਿਆ ਗਿਆ ਸੀ ਪਰ ਇਸ ਦਾ ਉਨ੍ਹਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ।
ਕੈਨੇਡਾ ਵਿੱਚ ਰੱਖਿਆ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰੀ ਪੰਜਾਬ ਦੇ ਦੌਰੇ ਉੱਤੇ ਆਏ ਸੱਜਣ 21 ਤੇ 22 ਅਪਰੈਲ ਨੂੰ ਇੱਥੇ ਆਪਣੇ ਰੁਝੇਵੇਂ ਮੁਕਾਉਣਗੇ। ਇਸ ਦੌਰਾਨ ਉਹ ਸ੍ਰੀ ਹਰਿਮੰਦਰ ਸਾਹਿਬ ਅਤੇ ਹੁਸਿ਼ਆਰਪੁਰ ਤੋਂ 15 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਆਪਣੇ ਜੱਦੀ ਪਿੰਡ ਬੰਬੇਲੀ ਦਾ ਦੌਰਾ ਕਰਨਗੇ। ਸੱਜਣ ਦਾ ਸਵਾਗਤ ਕਰਨ ਲਈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਪੁਲਿਸ ਕਮਿਸ਼ਨਰ ਨਾਗੇਸਰ ਰਾਓ ਤੱਕ ਮੌਜੂਦ ਨਹੀਂ ਸਨ। ਸੱਜਣ ਦੇ ਸਵਾਗਤ ਦੀ ਜਿ਼ੰਮੇਵਾਰੀ ਅਜਨਾਲਾ ਦੀ ਐਸਡੀਐਮ ਅਨੁਪ੍ਰੀਤ ਕੌਰ ਨੂੰ ਦਿੱਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਸੱਜਣ ਨੇ ਉਨ੍ਹਾਂ ਵੱਲ ਧਿਆਨ ਹੀ ਨਹੀਂ ਕੀਤਾ ਨਾ ਹੀ ਕਿਸੇ ਵੀ ਅਧਿਕਾਰੀ ਨਾਲ ਹੱਥ ਹੀ ਮਿਲਾਏ। ਉਹ ਜਹਾਜ਼ ਤੋਂ ਉਤਰੇ ਅਤੇ ਸਿੱਧੇ ਐਗਜਿ਼ਟ ਵੱਲ ਚਲੇ ਗਏ। ਉਹ ਪਹਿਲਾਂ ਹੀ ਡੇਢ ਘੰਟਾ ਦੇਰ ਨਾਲ ਇੱਥੇ ਪਹੁੰਚੇ ਸਨ।
ਏਅਰਪੋਰਟ ਉੱਤੇ ਡਿਪਟੀ ਕਮਿਸ਼ਨਰ ਆਫ ਪੁਲਿਸ ਅਮਰਜੀਤ ਸਿੰਘ ਬਾਜਵਾ ਦੀ ਅਗਵਾਈ ਵਿੱਚ 150 ਕੌਪਸ ਸਕਿਊਰਿਟੀ ਲਈ ਜ਼ਰੂਰ ਤਾਇਨਾਤ ਸਨ। ਉਨ੍ਹਾਂ ਦੇ ਨਾਲ ਸੈਂਟਰਲ ਇੰਡਸਟਰੀਅਲ ਸਕਿਊਰਿਟੀ ਫੋਰਸ (ਸੀਆਈਐਸਐਫ) ਦੀਆਂ ਟੁਕੜੀਆਂ ਤੇ ਨਵੀਂ ਦਿੱਲੀ ਤੋਂ ਕੈਨੇਡੀਅਨ ਅੰਬੈਸੀ ਦੇ ਸਕਿਊਰਿਟੀ ਅਧਿਕਾਰੀ ਵੀ ਤਾਇਨਾਤ ਸਨ। ਜਿਵੇਂ ਹੀ ਸੱਜਣ ਬਾਹਰ ਆਏ ਸ੍ਰ਼ੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਯੂਥ ਫੈਡਰੇਸ਼ਨ (ਭਿੰਡਰਾਵਾਲੇ) ਤੇ ਦਮਦਮੀ ਟਕਸਾਲ ਆਦਿ ਵਰਗੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੇ ਸਵਾਗਤ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡੇ। ਸੱਜਣ ਨੇ ਆਪਣੇ ਹੋਟਲ ਰਵਾਨਾ ਹੋਣ ਲਈ ਕਾਰ ਵਿੱਚ ਬੈਠਣ ਤੋਂ ਪਹਿਲਾਂ ਹੱਥ ਹਿਲਾ ਕੇ ਸਾਰਿਆਂ ਨੂੰ ਜਵਾਬ ਦਿੱਤਾ। ਇਨ੍ਹਾਂ ਜਥੇਬੰਦੀਆਂ ਦੇ ਨੁਮਾਇੰਦੇ ਸਿਰੋਪਾ ਦੇ ਕੇ ਤੇ ਹਾਰ ਪਾ ਕੇ ਸੱਜਣ ਦਾ ਸਨਮਾਨ ਵੀ ਕਰਨਾ ਚਾਹੁੰਦੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ।
ਪੰਜਾਬ ਦੀ ਮੁੱਖ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਮੀਡੀਆ ਬਿਆਨਾਂ ਵਿੱਚ ਮੁੱਖ ਮੰਤਰੀ ਤੋਂ ਉਲਟ ਸੱਜਣ ਦਾ ਪੰਜਾਬ ਪਹੁੰਚਣ ਉੱਤੇ ਸਵਾਗਤ ਕੀਤਾ। ਪਰ ਉਨ੍ਹਾਂ ਵੀ ਸੱਜਣ ਦੇ ਸਵਾਗਤ ਲਈ ਕੋਈ ਨੁਮਾਇੰਦਾ ਨਹੀਂ ਸੀ ਭੇਜਿਆ। ਇੱਥੇ ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਮੰਦਰ ਸਾਹਿਬ ਵਿਖੇ ਸੱਜਣ ਨੂੰ ਸਨਮਾਨਿਤ ਕਰੇਗੀ ਤੇ ਕਮੇਟੀ ਨੇ ਏਅਰਪੋਰਟ ਤੋਂ ਲੈ ਕੇ ਜਿਸ ਹੋਟਲ ਵਿੱਚ ਸੱਜਣ ਠਹਿਰੇ ਹਨ ਉੱਥੋਂ ਤੱਕ ਉਨ੍ਹਾਂ ਦੇ ਸਵਾਗਤ ਵਿੱਚ ਹੋਰਡਿੰਗ ਲਾਏ ਹੋਏ ਸਨ। ਸੱਜਣ ਵੀਰਵਾਰ ਨੂੰ ਸਵੇਰੇ 8:00 ਵਜੇ ਦਰਬਾਰ ਸਾਹਿਬ ਪਹੁੰਚਣਗੇ। ਉਹ ਨਿਆਸਰਿਆਂ ਲਈ ਪਨਾਹ ਸਥਾਨ ਪਿੰਗਲਵਾੜੇ ਦਾ ਦੌਰਾ ਵੀ ਕਰਨਗੇ।