ਹਰਜੀਤ ਸੱਜਣ ਦੀ ਦਿੱਲੀ ਵਿੱਚ ਬੜ੍ਹਕ ਤੋਂ ਕੈਨੇਡਾ ਵਿੱਚ ਮੁਆਫੀ ਤੱਕ ਦੀ ਯਾਤਰਾ

india-canada-defence_2d520a12-2803-11e7-b743-a11580b053fcਟੋਰਾਂਟੋ ਪੋਸਟ ਬਿਉਰੋ: ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਆਪਣੇ ਹਾਲੀਆ ਭਾਰਤ ਦੌਰੇ ਦੌਰਾਨ ਦਿੱਲੀ ਵਿੱਚ ਮਾਰੀ ਗਈ ਫੋਕੀ ਅਤੇ ਕਿਸੇ ਹੱਦ ਤੱਕ ਝੂਠੀ ਬੜ੍ਹਕ ਅੱਜ ਕੱਲ ਉਸਦੀ ‘ਸੱਜਣਤਾਈ’ ਦੀ ਚਮਕ ਨੂੰ ਮੱਧਮ ਕਰਨ ਵਿੱਚ ਸਹਾਈ ਹੋ ਰਹੀ ਹੈ। ਹੋਇਆ ਇਹ ਕਿ ਨਵੀਂ ਦਿੱਲੀ ਵਿੱਚ 18 ਅਪਰੈਲ ਨੂੰ ਸੁਰੱਖਿਆ ਮਾਮਲਿਆਂ ਬਾਰੇ ਹੋਈ ਇੱਕ ਕਾਨਫੰਰਸ ਵਿੱਚ ਹਰਜੀਤ ਸਿੰਘ ਸੱਜਣ ਭਾਰਤ ਦੇ ਸੁਰੱਖਿਆ ਪ੍ਰੋਫੈਸ਼ਨਲਾਂ ਅਤੇ ਮਾਹਰਾਂ ਸਾਹਮਣੇ 2006 ਵਿੱਚ ਅਫਗਾਨਸਤਾਨ ਵਿੱਚ ਹੋਏ ‘ਮੇਡੂਸਾ ਅਪਰੇਸ਼ਨ’ ਵਿੱਚ ਆਪਣੇ ਰੋਲ ਨੂੰ ਲੋੜੋਂ ਵੱਧ ਹੀ ਵੱਡਾ ਆਖ ਗਏ ਸਨ। ਇਸ ਅਪਰੇਸ਼ਨ ਵਿੱਚ 1500 ਤਾਲੀਬਾਨ ਲੜਾਕੂ ਮਾਰੇ ਗਏ ਸਨ ਜਿਸ ਵਿੱਚ ਕੈਨੇਡੀਅਨ ਫੌਜ ਦੇ ਵੀ 12 ਫੌਜੀ ਹਲਾਕ ਹੋਏ ਸਨ। ਪਿਛਲੇ 50 ਸਾਲਾਂ ਵਿੱਚ ਕੈਨੇਡਾ ਦੀਆਂ ਰੱਖਿਆ ਫੌਜਾਂ ਵੱਲੋਂ ਕੀਤਾ ਗਿਆ ਇਹ ਸੱਭ ਤੋਂ ਵੱਡਾ ਅਪਰੇਸ਼ਨ ਸੀ। ਹਰਜੀਤ ਸੱਜਣ ਦਾ ਇਸ ਅਪਰੇਸ਼ਨ ਵਿੱਚ ਇੰਟੈਲੀਜੈਂਸ ਰੋਲ ਸੀ ਜਦੋਂ ਕਿ ਦਿੱਲੀ ਵਿੱਚ ਉਸਨੇ ਦਾਅਵਾ ਕੀਤਾ ਕਿ ਉਸਨੇ ਜੰਗ ਦੇ ਮੱਧ ਵਿੱਚ ਖੜਾ ਹੋ ਕੇ ਅਪਰੇਸ਼ਨ ਦੀ ਅਗਵਾਈ ਕੀਤੀ ਸੀ।

ਇਸੇ ਤਰਾਂ ਦਾ ਦਾਅਵਾ ਉਸਨੇ ਫੈਡਰਲ ਚੋਣਾਂ ਤੋਂ ਪਹਿਲਾਂ ਵੀ ਕੀਤਾ ਸੀ ਲੇਕਿਨ ਉਸ ਵੇਲੇ ਹਰਜੀਤ ਸੱਜਣ ਦੀਆਂ ‘ਸ਼ਰਾਬੀਆਂ ਦੀ ਗੱਪ’ ਵਰਗੇ ਦਾਅਵਿਆਂ ਦਾ ਕਿਸੇ ਨੇ ਗੰਭੀਰਤਾ ਨਾਲ ਨੋਟਿਸ ਨਹੀਂ ਸੀ ਲਿਆ। ਹਰਜੀਤ ਸਿੰਘ ਸੱਜਣ ਦੇ ਅਪਰੇਸ਼ਨ ਮੇਡੂਸਾ ਵਿੱਚ ਅਗਵਾਈ ਵਾਲਾ ਰੋਲ ਅਦਾ ਕਰਨ ਦੇ ਦਾਅਵੇ ਨਾਲ ਕੈਨੇਡੀਅਨ ਫੌਜ ਦੇ ਵਰਤਮਾਨ ਮੁਖੀ ਤੋਂ ਲੈ ਕੇ ਬਹੁਤ ਸਾਰੇ ਮਿਲਟਰੀ ਅਤੇ ਸਿਵਲ ਅਧਿਕਾਰੀ ਸਹਿਮਤ ਨਹੀਂ ਹਨ। ਹਰਜੀਤ ਸਿੰਘ ਸੱਜਣ ਨੂੰ ਇੱਕ ਸ਼ਰੀਫ ਵਿਅਕਤੀ ਦੱਸਦੇ ਹੋਏ ਉਸਦੇ ਸਾਥੀ ਅਫ਼ਸਰਾਂ ਦਾ ਕਹਿਣਾ ਹੈ ਕਿ ਰੱਖਿਆ ਮੰਤਰੀ ਦਾ ਅਪਰੇਸ਼ਨ ਮੇਡੂਸਾ ਵਿੱਚ ਕੋਈ ਸਿੱਧਾ ਲੜਾਕੂ ਰੋਲ ਨਾ ਹੋ ਕੇ ਇੰਟੈਲੀਜੈਂਟ ਇੱਕਤਰ ਕਰਨ ਦਾ ਸੀ।

ਮੀਡੀਆ ਅਤੇ ਸਿਆਸੀ ਪੱਧਰ ਉੱਤੇ ਹੋਏ ਪ੍ਰਤੀਕਰਮ ਨੂੰ ਠੰਡਾ ਕਰਨ ਦੇ ਇਰਾਦੇ ਨਾਲ ਰੱਖਿਆ ਮੰਤਰੀ ਨੇ ਆਪਣੇ ਉਹਨਾਂ ਸਾਬਕਾ ਸਾਥੀਆਂ ਤੋਂ ਮੁਆਫੀ ਮੰਗੀ ਹੈ ਜਿਹੜੇ ਅਪਰੇਸ਼ਨ ਮੇਡੂਸਾ ਵਿੱਚ ਸ਼ਾਮਲ ਸਨ। ਫੇਸਬੁੱਕ ਉੱਤੇ ਪਾਈ ਗਈ ਆਪਣੀ ਮੁਆਫੀ ਵਿੱਚ ਸ੍ਰੀ ਸੱਜਣ ਨੇ ਕਿਹਾ ਹੈ, “ਆਪਣੇ ਰੋਲ ਬਾਰੇ ਜਿ਼ਕਰ ਕਰਨ ਵੇਲੇ ਮੇਰੇ ਤੋਂ ਗਲਤੀ ਹੋਈ ਸੀ। ਮੈਂ ਆਪਣੇ ਵੱਲੋਂ ਦਿੱਤੇ ਗਏ ਵੇਰਵੇ ਨੂੰ ਵਾਪਸ ਲੈਂਦਾ ਹਾਂ ਅਤੇ ਇਸ ਵਾਸਤੇ ਮੁਆਫੀ ਮੰਗਦਾ ਹੈ। ਮੈਨੂੰ ਬਹੁਤ ਅਫੋਸਸ ਹੈ”। ਉਹਨਾਂ ਨੇ ਅੱਗੇ ਕਿਹਾ ਹੈ ਕਿ ਮੈਨੂੰ ਕਬੂਲ ਕਰਨਾ ਚਾਹੀਦਾ ਸੀ ਕਿ ਮਿਲਟਰੀ ਅਪਰੇਸ਼ਨ ਕਿਸੇ ਇੱਕ ਵਿਅਕਤੀ ਦੀ ਹਿੰਮਤ ਨਾਲ ਨਹੀਂ ਸਗੋਂ ਕਈਆਂ ਦੀ ਰਲ ਮਿਲ ਕੇ ਕੀਤੀ ਗਈ ਕੁਰਬਾਨੀ ਦਾ ਸਿੱਟਾ ਹੁੰਦੇ ਹਨ।

ਕੰਜ਼ਰਵੇਟਿਵ ਲੀਡਰਸਿ਼ੱਪ ਉਮੀਦਵਾਰ ਅਤੇ ਕੈਨੇਡੀਅਨ ਫੌਜਾਂ ਦੇ ਸਾਬਕਾ ਅਧਿਕਾਰੀ ਐਰਿਨ ਓ ਟੂਲ ਨੇ ਹਰਜੀਤ ਸੱਜਣ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਰਜੀਤ ਸੱਜਣ ਦੇ ਪਿੱਠ ਉੱਤੇ ਉਵੇਂ ਹੀ ਖੜੇ ਹਨ ਜਿਵੇਂ ਉਹ ਰਿਫਿਊਜੀ ਹੋਣ ਦੀ ਹਕੀਕਤ ਬਾਰੇ ਗਲਤ ਬਿਆਨ ਦੇ ਕੇ ਸਿਆਸੀ ਲਾਭ ਲੈਣ ਦੀ ਕੋਸਿ਼ਸ਼ ਕਰਨ ਵਾਲੀ ਲਿਬਰਲ ਵਜ਼ੀਰ ਮਰੀਅਮ ਮੋਨਸਫ ਦੇ ਨਾਲ ਖੜੇ ਰਹੇ ਹਨ।