ਹਰਜੀਤ ਸਿੰਘ ਸੱਜਣ ਨੇ ਭਾਰਤ ਵਿੱਚ ਜਨਮੇ ਹੋਣ ਨੂੰ ਆਪਣੇ ਲਈ ਮਾਣ ਦੀ ਗੱਲ ਦੱਸਿਆ

sajjan* ਮੈਂ ਕਿਸੇ ਦੇਸ਼ ਨੂੰ ਤੋੜਨ ਦਾ ਹਾਮੀ ਨਹੀਂ: ਸੱਜਣ
ਨਵੀਂ ਦਿੱਲੀ, 18 ਅਪਰੈਲ, (ਪੋਸਟ ਬਿਊਰੋ)- ਭਾਰਤ ਵਿੱਚ ਸਰਕਾਰੀ ਦੌਰੇ ਲਈ ਆਏ ਹੋਏ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਹੈ ਕਿ ਕਿਸੇ ਦੇਸ਼ ਦੀ ‘ਅੰਦਰੂਨੀ ਰਾਜਨੀਤੀ’ ਵਿੱਚ ਦਖ਼ਲ ਦੇਣ ਦੀ ਉਨ੍ਹਾਂ ਦੀ ਕੋਈ ਇੱਛਾ ਨਹੀਂ ਹੈ। ਵਰਨਣ ਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ‘ਖ਼ਾਲਿਸਤਾਨੀ ਸਮੱਰਥਕ’ ਕਰਾਰ ਦਿੰਦਿਆਂ ਉਨ੍ਹਾ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਸੀ।
ਦਿੱਲੀ ਵਿੱਚ ਇਕ ਜਨਤਕ ਸਮਾਗਮ ਵਿੱਚ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਜੀਵਨ ਭਰ ਉਨ੍ਹਾਂ ਉਤੇ ਕਈ ਤਰ੍ਹਾਂ ਦੇ ਠੱਪੇ ਲਗਦੇ ਰਹੇ ਹਨ, ਪਰ ਕਿਸੇ ਬਾਰੇ ਫ਼ੈਸਲਾ ਉਨ੍ਹਾਂ ਦੇ ਕੰਮਾਂ ਤੋਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਤੁਹਾਡੀ ਪਛਾਣ ਕੰਮਾਂ ਨਾਲ ਹੁੰਦੀ ਹੈ। ਤੁਸੀਂ ਮੇਰਾ ਕੰਮ ਦੇਖੋ। ਮੈਂ ਕਿਸੇ ਸੂਬੇ ਜਾਂ ਦੇਸ਼ ਦੀ ਅੰਦਰੂਨੀ ਰਾਜਨੀਤੀ ਵਿੱਚ ਦਖ਼ਲ ਨਹੀਂ ਦੇਣਾ ਚਾਹੁੰਦਾ। ਮੈਂ ਕਿਸੇ ਦੇਸ਼ ਨੂੰ ਤੋੜਨ ਦਾ ਹਾਮੀ ਨਹੀਂ। ਮੇਰਾ ਟੀਚਾ ਕੈਨੇਡਾ ਦੀ ਸਰਕਾਰ ਦੇ ਪ੍ਰਤੀਨਿਧ ਵਜੋਂ ਰਿਸ਼ਤੇ ਮਜ਼ਬੂਤ ਕਰਨਾ ਹੈ ਅਤੇ ਮੈਨੂੰ ਇਸ ਗੱਲ ਉਤੇ ਵੀ ਬਹੁਤ ਮਾਣ ਹੈ ਕਿ ਮੇਰਾ ਜਨਮ ਇਥੇ ਹੋਇਆ ਹੈ।’ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਜੀਤ ਸਿੰਘ ਸੱਜਣ ਉਤੇ ‘ਖ਼ਾਲਿਸਤਾਨੀ ਸਮੱਰਥਕ’ ਹੋਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕੈਨੇਡਾ ਸਰਕਾਰ ਨੇ ਪਹਿਲਾਂ ਹੀ ਇਨ੍ਹਾਂ ਨੂੰ ‘ਅਫ਼ਸੋਸਨਾਕ ਤੇ ਗ਼ਲਤ’ ਕਹਿ ਦਿੱਤਾ ਸੀ।
‘ਬਦਲਦੇ ਸੰਸਾਰ ਵਿੱਚ ਟਕਰਾਵਾਂ ਦੀ ਰੋਕਥਾਮ ਤੇ ਅਮਨ ਬਹਾਲੀ’ ਵਾਲੇ ਵਿਸ਼ੇ ਉਤੇ ਏਥੇ ਇਕ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਫ਼ੌਜ ਆਪਣੇ ਤੌਰ ਉੱਤੇ ਟਕਰਾਅ ਨਹੀਂ ਸੁਲਝਾ ਸਕਦੀ। ਉਨ੍ਹਾਂ ਕਿਹਾ ਕਿ ਅਸਰਦਾਰ ਢੰਗ ਨਾਲ ਅਮਨ ਦੀ ਬਹਾਲੀ ਵਾਸਤੇ ਸਮਾਜਿਕ ਕਾਰਕਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ। ਆਈ ਐਸ ਆਈ ਐਸ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਰਾਕ ਤੇ ਸੀਰੀਆ ਦੀ ਸੁੰਨੀ ਆਬਾਦੀ ਵਿੱਚ ਪੈਦਾ ਹੋਈ ਬੇਗ਼ਾਨਗੀ ਦੀ ਭਾਵਨਾ ਇਸ ਦਹਿਸ਼ਤਗਰਦ ਗਰੁੱਪ ਦੇ ਉਭਾਰ ਦਾ ਕਾਰਨ ਬਣੀ ਸੀ ਅਤੇ ਉਨ੍ਹਾਂ ਦੇ ਖ਼ਾਤਮੇ ਲਈ ਇਸ ਮੂਲ ਸਮੱਸਿਆ ਦਾ ਹੱਲ ਜ਼ਰੂਰੀ ਹੈ।
ਇਹ ਸੈਮੀਨਾਰ ਇਥੋਂ ਦੀ ਸੰਸਥਾ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਨੇ ਕਰਵਾਇਆ ਸੀ। ਇਸ ਸੈਮੀਨਾਰ ਤੋਂ ਪਹਿਲਾਂ ਕੈਨੇਡਾ ਦੇ ਰੱਖਿਆ ਮੰਤਰੀ ਨੇ ਗਾਰਡ ਆਫ਼ ਆਨਰ ਲਿਆ ਅਤੇ ਦਿੱਲੀ ਗੇਟ ਵਿਖੇ ਅਮਰ ਜਵਾਨ ਜੋਤੀ ਅੱਗੇ ਭਾਰਤੀ ਫ਼ੌਜ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।
ਦੂਸਰੇ ਪਾਸੇ ਭਾਰਤ ਸਰਕਾਰ ਨੇ ਅੱਜ ਕੈਨੇਡਾ ਦੇ ਰੱਖਿਆ ਮੰਤਰੀ ਨੂੰ ਦੱਸਿਆ ਕਿ ਇਸ ਦੇ ਕਨੇਡਾ ਦੇ ਇੱਕ ਰਾਜ ਓਂਟਾਰੀਓ ਦੀ ਅਸੈਂਬਲੀ ਦਾ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ‘ਸਿੱਖ ਨਸਲਕੁਸ਼ੀ’ ਕਰਾਰ ਦੇਣ ਵਾਲਾ ਮਤਾ ‘ਗ਼ੈਰ ਹਕੀਕੀ’ ਅਤੇ ‘ਵਧਾ-ਚੜ੍ਹਾ ਕੇ’ ਕੀਤੀ ਗਈ ਕਾਰਵਾਈ ਹੈ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਆਪਣੀ ਸਰਕਾਰੀ ਮੀਟਿੰਗ ਦੌਰਾਨ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਇਹ ਮਾਮਲਾ ਉਠਾਇਆ। ਪਤਾ ਲੱਗਾ ਹੈ ਕਿ ਹਰਜੀਤ ਸਿੰਘ ਸੱਜਣ ਨੇ ਸਾਫ਼ ਕੀਤਾ ਕਿ ਇਹ ਕੈਨੇਡਾ ਦੀ ਕੇਂਦਰੀ ਸਰਕਾਰ ਦੇ ਵਿਚਾਰ ਨਹੀਂ।