ਹਰਜੀਤ ਸਿੰਘ ਸੱਜਣ ਦਾ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਕੌਮੀ ਸਨਮਾਨ

sajjan
* ਸਿੱਖ ਧਿਰਾਂ ਦੀ ਤਲਖੀ ਕਾਰਨ ਦੌਰਾ ਛੇਤੀ ਨਿਬੇੜਨਾ ਪਿਆ
ਅੰਮ੍ਰਿਤਸਰ, 20 ਅਪਰੈਲ, (ਪੋਸਟ ਬਿਊਰੋ)- ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਅੱਜ ਸਵੇਰੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਵਕਤ ਸਿੱਖ ਕੌਮ ਵੱਲੋਂ ਕੌਮੀ ਪੱਧਰ ਦਾ ਸਨਮਾਨ ਦਿੱਤਾ। ਦੂਸਰੇ ਪਾਸੇ ਇਸ ਪੰਡਾਲ ਵਿੱਚ ਜਾਣ ਤੋਂ ਰੋਕਣ ਉਤੇ ਮਾਨ ਦਲ ਦੇ ਸਮਰਥਕਾਂ ਤੇ ਟਾਸਕ ਫੋਰਸ ਦੀ ਧੱਕਾਮੁੱਕੀ ਹੋ ਗਈ।
ਅੱਜ ਏਥੇ ਹਰਜੀਤ ਸਿੰਘ ਸੱਜਣ ਤੇ ਉਨ੍ਹਾਂ ਨਾਲ ਆਏ ਅਧਿਕਾਰੀ ਸਵੇਰੇ ਲਗਪਗ 6 ਵਜੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਹੋਰ ਅਹੁਦੇਦਾਰਾਂ ਨੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਓਦੋਂ ਸਰਕਾਰ ਦਾ ਕੋਈ ਨੁਮਾਇੰਦਾ ਹਾਜ਼ਰ ਨਹੀਂ ਸੀ। ਜਦੋਂ ਉਹ ਪਰਿਕਰਮਾ ਵਿੱਚ ਦਾਖ਼ਲ ਹੋਏ ਤਾਂ ਸੱਚਖੰਡ ਵਿੱਚ ਅਰਦਾਸ ਸ਼ੁਰੂ ਹੋ ਗਈ। ਰੱਖਿਆ ਮੰਤਰੀ ਨਿਮਾਣੇ ਸਿੱਖ ਵਜੋਂ ਪਰਿਕਰਮਾ ਵਿੱਚ ਹੀ ਖੜੇ ਰਹੇ ਤੇ ਮੁੱਖ ਵਾਕ ਸੁਣਨ ਮਗਰੋਂ ਮੱਥਾ ਟੇਕਣ ਲਈ ਰਵਾਨਾ ਹੋਏ। ਉਨ੍ਹਾਂ ਪਰਿਕਰਮਾ ਕੀਤੀ ਅਤੇ ਦਰਬਾਰ ਸਾਹਿਬ ਮੱਥਾ ਟੇਕਿਆ, ਜਿਥੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਆਪਣੇ ਵੱਲੋਂ ਅਤੇ ਆਪਣੇ ਦੇਸ਼ ਵੱਲੋਂ ਕੜਾਹ ਪ੍ਰਸਾਦਿ ਦੀ ਦੇਗ ਕਰਾਈ। ਕੁਝ ਸਮਾਂ ਕੀਰਤਨ ਸੁਣਨ ਮਗਰੋਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਵਿਖੇ ਮੱਥਾ ਟੇਕਿਆ। ਫਿਰ ਘੰਟਾ ਘਰ ਵੱਲ ਪ੍ਰਵੇਸ਼ ਦੁਆਰ ਪਲਾਜ਼ਾ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਵਿਸ਼ੇਸ਼ ਪੰਡਾਲ ਵਿੱਚ ਉਨ੍ਹਾਂ ਦਾ ਸਨਮਾਨ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਸਿਰੀ ਸਾਹਿਬ ਤੇ ਚਾਂਦੀ ਦੀ ਤਸ਼ਤਰੀ, ਲੋਈ, ਧਾਰਮਿਕ ਪੁਸਤਕਾਂ ਦਾ ਸੈੱਟ ਭੇਟ ਕੀਤਾ ਗਿਆ। ਚਾਂਦੀ ਦੀ ਤਸ਼ਤਰੀ ਉਨ੍ਹਾਂ ਨੂੰ ਸਿੱਖ ਕੌਮ ਵੱਲੋਂ ‘ਕੌਮੀ ਸਨਮਾਨ’ ਵਜੋਂ ਦਿੱਤੀ ਗਈ। ਇਸ ਮੌਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਰੱਖਿਆ ਮੰਤਰੀ ਨੂੰ ਜੀ ਆਇਆਂ ਕਿਹਾ। ਉਨ੍ਹਾਂ ਆਖਿਆ ਕਿ ਕੈਨੇਡਾ ਵਰਗੇ ਵਿਕਸਤ ਦੇਸ਼ ਦਾ ਰੱਖਿਆ ਮੰਤਰੀ ਬਣਨਾ ਸਮੁੱਚੀ ਸਿੱਖ ਕੌਮ ਲਈ ਫ਼ਖ਼ਰ ਵਾਲੀ ਗੱਲ ਹੈ।
ਚੱਲ ਰਹੇ ਸਮਾਗਮ ਦੌਰਾਨ ਓਦੋਂ ਰੌਲਾ-ਰੱਪਾ ਸ਼ੁਰੂ ਹੋ ਗਿਆ, ਜਦੋਂ ਪੰਡਾਲ ਅੱਗੇ ਖੜੇ ਮਾਨ ਅਕਾਲੀ ਦਲ ਦੇ ਸਮਰਥਕਾਂ ਨੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮੰਗ ਪੱਤਰ ਦੇਣ ਦੇ ਲਈ ਪੰਡਾਲ ਵਿੱਚ ਜਾਣ ਦਾ ਯਤਨ ਕੀਤਾ। ਉਨ੍ਹਾਂ ਨੂੰ ਉਥੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਕਰਾਰ ਤੇ ਧੱਕਾਮੁੱਕੀ ਵੀ ਹੋ ਗਈ। ਮਾਨ ਸਮਰਥਕਾਂ ਨੇ ਸ਼੍ਰੋਮਣੀ ਕਮੇਟੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨ ਦੇ ਨਾਲ ‘ਖਾਲਿਸਤਾਨ ਜਿੰਦਾਬਾਦ, ਭਿੰਡਰਾਂਵਾਲਾ ਜਿੰਦਾਬਾਦ ਤੇ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ’ ਦੇ ਨਾਅਰੇ ਲਾਏ। ਉਹ ਪੰਡਾਲ ਤੱਕ ਆ ਗਏ ਤਾਂ ਇਸ ਸਮਾਗਮ ਨੂੰ ਜਲਦੀ ਸਮੇਟਦੇ ਹੋਏ ਰੱਖਿਆ ਮੰਤਰੀ ਹਰਜੀਤ ਸਿੰਘ ਆਪਣੇ ਕਾਫਲੇ ਨਾਲ ਓਥੋਂ ਚਲੇ ਗਏ।
ਮਾਨ ਅਕਾਲੀ ਦਲ ਦੇ ਆਗੂ ਜਰਨੈਲ ਸਿੰਘ ਸਖੀਰਾ ਨੇ ਦੋਸ਼ ਲਾਇਆ ਕਿ ਧੱਕਾਮੁੱਕੀ ਦੌਰਾਨ ਟਾਸਕ ਫੋਰਸ ਦੇ ਕਰਮਚਾਰੀ ਦੀ ਕਿਰਪਾਨ ਨਾਲ ਉਸ ਦੀ ਉਂਗਲੀ ਜ਼ਖ਼ਮੀ ਹੋਈ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਇਸ ਦੋਸ਼ ਨੂੰ ਰੱਦ ਕਰਦਿਆਂ ਕਿਹਾ ਕਿ ਟਾਸਕ ਫੋਰਸ ਦੇ ਕਿਸੇ ਕਰਮਚਾਰੀ ਕੋਲ ਕਿਰਪਾਨ ਹੀ ਨਹੀਂ ਸੀ। ਗਰਮ ਖਿਆਲੀ ਅਤੇ ਮਾਨ ਸਮਰਥਕ ਸਿੱਖਾਂ ਦੀ ਆਮਦ ਦੇਖਦੇ ਹੋਏ ਸਨਮਾਨ ਸਮਾਗਮ ਦਾ ਸਮਾਂ ਦੋ ਘੰਟੇ ਪਹਿਲਾਂ ਕਰ ਦਿੱਤਾ ਗਿਆ ਸੀ, ਉਂਜ ਪਹਿਲਾਂ ਰੱਖਿਆ ਮੰਤਰੀ ਨੇ ਸਵੇਰੇ ਅੱਠ ਵਜੇ ਹਰਿਮੰਦਰ ਸਾਹਿਬ ਪੁੱਜਣਾ ਸੀ। ਇਸ ਪਿੱਛੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੋ. ਬਡੂੰਗਰ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਕਿ ਇਹ ਕਿਸੇ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਕੋਲ ਸਿੱਖ ਪਛਾਣ ਜਾਂ ਹੋਰ ਸਮੱਸਿਆਵਾਂ ਨਹੀਂ ਰੱਖੀਆਂ ਗਈਆਂ, ਉਹ ਮਹਿਮਾਨ ਵਜੋਂ ਆਏ ਹਨ ਤੇ ਮਹਿਮਾਨ ਦਾ ਸਿਰਫ਼ ਸਵਾਗਤ ਕੀਤਾ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਰੱਖਿਆ ਮੰਤਰੀ ਨੇ ਯਾਤਰੀ ਪੁਸਤਿਕਾ ਵਿੱਚ ਲਿਖਿਆ: ‘ਮੇਰੀ ਸਫ਼ਲਤਾ ਗੁਰੂ ਸਾਹਿਬ ਦੀ ਬਖਸ਼ਿਸ਼ ਹੈ।’