ਹਮੇਸ਼ਾ ਕੁਝ ਨਵਾਂ ਕਰੋ : ਕੈਟਰੀਨਾ ਕੈਫ


ਕੈਟਰੀਨਾ ਕੈਫ ਦੀਆਂ ਪਿਛਲੀਆਂ ਫਿਲਮਾਂ ‘ਬਾਰ ਬਾਰ ਦੇਖੋ’ ਅਤੇ ‘ਜੱਗਾ ਜਾਸੂਸ’ ਬਾਕਸ ਆਫਿਸ ਉੱਤੇ ਕਮਾਲ ਨਹੀਂ ਦਿਖਾ ਸਕੀਆਂ, ਪਰ ‘ਟਾਈਗਰ ਜਿੰਦਾ ਹੈ’ ਦੀ ਰਿਕਾਰਡ ਸਫਲਤਾ ਨੇ ਉਸ ਦੀ ਪਿਛਲੀ ਸਾਰੀ ਕਸਰ ਕੱਢ ਦਿੱਤੀ। ਇਹੀ ਕਾਰਨ ਹੈ ਕਿ ਉਸ ਦਾ ਕਹਿਣਾ ਹੈ ਕਿ ਅੱਜ ਉਹ ਜਿਸ ਤਰ੍ਹਾਂ ਦੀਆਂ ਫਿਲਮਾਂ ਕਰ ਰਹੀ ਹੈ, ਉਸ ਤੋਂ ਬਹੁਤ ਖੁਸ਼ ਤੇ ਸੰਤੁਸ਼ਟ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ‘ਟਾਈਗਰ ਜਿੰਦਾ ਹੈ’ ਦੀ ਸਫਲਤਾ ਉਤੇ ਕੀ ਕਹੋਗੇ?
-‘ਟਾਈਗਰ ਜਿੰਦਾ ਹੈ’ ਦੀ ਸਫਲਤਾ ਤੋਂ ਕਾਫੀ ਖੁਸ਼ ਹਾਂ ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਇੱਕ ਵਾਰ ਫਿਰ ਜਾਸੂਸ ਜ਼ੋਇਆ ਦੀ ਭੂਮਿਕਾ ਵਿੱਚ ਮੈਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ। ਇਸ ਤੋਂ ਬਹੁਤ ਖੁਸ਼ ਹਾਂ।
* ਪਿਛਲੀਆਂ ਫਿਲਮਾਂ ਦੇ ਅਸਫਲ ਹੋਣ ‘ਤੇ ਕੀ ਕਹੋਗੇ?
– ਹਰ ਫਿਲਮ ਨਾਲ ਤੁਸੀਂ ਇਹ ਕੋਸ਼ਿਸ ਅਤੇ ਨਿਸ਼ਚਿਤ ਕਰਦੇ ਹੋ ਕਿ ਤੁਸੀਂ ਸਿੱਖ ਰਹੇ ਹੋ ਅਤੇ ਕਿਤੇ ਕਿਸੇ ਮੋੜ ‘ਤੇ ਜੇ ਪਰੇਸ਼ਾਨ ਹੁੰਦੇ ਹੋ ਤਾਂ ਸ਼ਾਇਦ ਖੁਦ ਨਾਲ ਸਵਾਲ ਕਰਦੇ ਹੋ, ਕਿਉਂ, ਇਥੇ ਕੀ ਹੋ ਰਿਹਾ ਹੈ? ਮੇਰੇ ਤੋਂ ਕਿਥੇ ਗਲਤੀ ਹੋ ਰਹੀ ਹੈ। ਮੈਂ ਖੁਦ ਨੂੰ ਕਿਵੇਂ ਅੱਗੇ ਵਧਾਉਣਾ ਹੈ। ਹਰ ਕਿਸੇ ਨੂੰ ਅਜਿਹੇ ਦੌਰ ਤੋਂ ਲੰਘਣਾ ਪੈਂਦਾ ਹੈ, ਜਿੱਥੋਂ ਉਹ ਬਹੁਤ ਪ੍ਰੇਰਿਤ ਹੁੰਦੇ ਹਨ ਤੇ ਕਦੇ ਕਦੇ ਅਜਿਹਾ ਸਮਾਂ ਆਉਂਦਾ ਹੈ, ਜਦੋਂ ਉਹ ਖੁਦ ਨੂੰ ਉਤਸ਼ਾਹਹੀਣ ਮਹਿਸੂਸ ਕਰਦੇ ਹਨ, ਪਰ ਹਮੇਸ਼ਾ ਖੁਦ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤੇ ਕਈ ਨਵੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
* ‘ਠੱਗਸ ਆਫ ਹਿੰਦੋਸਤਾਨ’ ਵਿੱਚ ਤੁਸੀਂ ਫਿਰ ਬਿੱਗ ਬੀ ਤੇ ਆਮਿਰ ਖਾਨ ਨਾਲ ਕੰਮ ਕਰੋਗੇ। ਕਿੰਨੇ ਐਕਸਾਈਟਿਡ ਹੋ?
– ਮੈਂ ਇਨ੍ਹੀਂ ਦਿਨੀਂ ਜੋ ਵੀ ਫਿਲਮਾਂ ਕਰ ਰਹੀ ਹਾਂ, ਉਨ੍ਹਾਂ ਸਾਰੀਆਂ ਲਈ ਉਤਸ਼ਾਹਤ ਹਾਂ। ਸਾਰੇ ਪ੍ਰੋਜੈਕਟ ਇੱਕ ਦੂਜੇ ਤੋਂ ਵੱਖ ਹਨ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਵੱਖ-ਵੱਖ ਤਰ੍ਹਾਂ ਦੇ ਡਾਇਰੈਕਟਰਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ।
* ਤੁਸੀਂ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਰਹੇ। ਹੁਣ ਉਸ ਨਾਲ ਜੁੜ ਕੇ ਕਿਹੋ ਜਿਹਾ ਲੱਗ ਰਿਹਾ ਹੈ?
– ਸੋਸ਼ਲ ਮੀਡੀਆ ‘ਤੇ ਅੱਜਕੱਲ੍ਹ ਮੈਂ ਚੰਗਾ ਕੰਮ ਕਰ ਰਹੀ ਹਾਂ। ਦਰਅਸਲ ਮੈਂ ਇੰਸਟਾਗ੍ਰਾਮ ਨੂੰ ਜ਼ਿਆਦਾ ਇੰਜੁਆਏ ਕਰ ਰਹੀ ਹਾਂ। ਮੈਂ ਉਥੇ ਜੋ ਵੀ ਕਰਦੀ ਹਾਂ, ਉਹ ਬਹੁਤ ਆਨੈਸਟ ਹੁੰਦਾ ਹੈ ਤੇ ਮੇਰੇ ਕੰਮ ਦਾ ਰਿਫਲੈਕਸ਼ਨ ਵੀ ਉਸ ‘ਚ ਨਜ਼ਰ ਆਉਂਦਾ ਹੈ, ਇਸ ਲਈ ਫੈਨਸ ਵੀ ਕਾਫੀ ਸੁਪੋਰਟ ਕਰਦੇ ਹਨ।
* ਤੁਹਾਡੀ ਨਜ਼ਰ ਵਿੱਚ ਪਿਆਰ ਕੀ ਹੈ ਤੇ ਕੀ ਤੁਸੀਂ ਪਿਆਰ ‘ਚ ਅਨਲੱਕੀ ਰਹੇ ਹੋ?
– ਮੈਂ ਪਿਆਰ ਦੇ ਮਾਮਲੇ ਵਿੱਚ ਅਨਲੱਕੀ? ਬਿਲਕੁਲ ਨਹੀਂ, ਕਿਉਂਕਿ ਕੋਈ ਵੀ ਵਿਅਕਤੀ ਜੋ ਪਿਆਰ ਅਨੁਭਵ ਕਰਦਾ ਹੈ, ਉਹ ਲੱਕੀ ਹੁੰਦਾ ਹੈ, ਨਤੀਜਾ ਜੋ ਵੀ ਹੋਵੇ। ਇਸ ਨਜ਼ਰੀਏ ਨਾਲ ਅਸੀਂ ਦੇਖ ਸਕਦੇ ਹਾਂ। ਮੈਂ ਬਹੁਤ ਲੋਕਾਂ ਨੂੰ ਇਹ ਕਹਿੰਦੇ ਸੁਣਦੀ ਹਾਂ, ‘ਉਫ, ਮੈਨੂੰ ਕਦੇ ਪਿਆਰ ਨਹੀਂ ਹੋਇਆ।’ ਮੇਰੇ ਹਿਸਾਬ ਨਾਲ ਇਹ ਖੁਦ ਬਾਰੇ ਗਲਤ ਮੁਲਾਂਕਣ ਹੈ।