ਹਮਲਿਆਂ ਦੇ ਡਰ ਕਾਰਨ ਪੇਸ਼ਾਵਰ ਤੋਂ ਸਿੱਖ ਬਾਹਰ ਨਿਕਲਣ ਲੱਗੇ


ਪੇਸ਼ਾਵਰ, 13 ਜੂਨ (ਪੋਸਟ ਬਿਊਰੋ)- ਪਾਕਿਸਤਾਨ ਦੇ ਪੇਸ਼ਾਵਰ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਉੱਤੇ ਦਿਨੋ ਦਿਨ ਇਸਲਾਮਿਕ ਅੱਤਵਾਦੀਆਂ ਦੇ ਹਮਲੇ ਵਧੀ ਜਾਂਦੇ ਹਨ। ਇਨ੍ਹਾਂ ਹਮਲਿਆਂ ਦੇ ਡਰ ਨਾਲ ਸਿੱਖ ਦੇਸ਼ ਦੇ ਦੂਜੇ ਹਿੱਸਿਆਂ ਵਿਚ ਹਿਜਰਤ ਕਰਨ ਲਈ ਮਜ਼ਬੂਰ ਹੋ ਗਏ ਹਨ।
ਪੇਸ਼ਾਵਰ ਦੇ ਲੱਗਭਗ 30 ਹਜ਼ਾਰ ਸਿੱਖਾਂ ਵਿਚੋਂ 60 ਫੀਸਦੀ ਤੋਂ ਵੱਧ ਹਿਜਰਤ ਕਰ ਕੇ ਜਾਂ ਦੇਸ਼ ਦੇ ਦੂਜੇ ਹਿੱਸਿਆਂ ਵਿਚ ਚਲੇ ਗਏ ਹਨ ਜਾਂ ਭਾਰਤ ਜਾ ਕੇ ਵੱਸ ਗਏ ਹਨ। ਬੀਤੇ ਦਿਨੀਂ ਪੇਸ਼ਾਵਰ ਵਿਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਸਿੱਖ ਧਾਰਮਿਕ ਆਗੂ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਚਰਣਜੀਤ ਸਿੰਘ ਨੂੰ ਬਦਮਾਸ਼ਾਂ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਸਿੱਖ ਭਾਈਚਾਰੇ ਦੇ ਬਾਬਾ ਗੁਰਪਾਲ ਸਿੰਘ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇੱਥੇ ਸਿੱਖਾਂ ਦਾ ਕਤਲੇਆਮ ਹੋ ਰਿਹਾ ਹੈ।’ ਪਾਕਿਸਤਾਨ ਸਿੱਖ ਕੌਂਸਲ (ਪੀ ਸੀ ਐੱਸ) ਦੇ ਇਕ ਹੋਰ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਦਾ ਸਫਾਇਆ ਇਸ ਲਈ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਵੱਖਰੀ ਪਛਾਣ ਹੈ। ਪੀ ਸੀ ਐੱਸ ਮੈਂਬਰ ਬਲਬੀਰ ਸਿੰਘ ਨੇ ਆਪਣੀ ਪੱਗ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਇਹ ਸਾਨੂੰ ਆਸਾਨੀ ਨਾਲ ਸ਼ਿਕਾਰ ਬਣਾਉਂਦੀ ਹੈ।’ ਕੁਝ ਸਿੱਖਾਂ ਦਾ ਦੋਸ਼ ਹੈ ਕਿ ਅੱਤਵਾਦੀ ਟੋਲੇ ਇਹ ਕਤਲ ਕਰ ਰਹੇ ਹਨ। ਸਾਲ 2016 ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪਾਰਲੀਮੈਂਟ ਮੈਂਬਰ ਸਿੱਖ ਭਾਈਚਾਰੇ ਦੇ ਸੋਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ।
ਹਾਲਾਤ ਇੰਨੇ ਵਿਗੜ ਗਏ ਹਨ ਕਿ ਸਿੱਖਾਂ ਨੂੰ ਆਪਣੀ ਪਛਾਣ ਲੁਕਾਉਣ ਲਈ ਵਾਲ ਕਟਵਾਉਣੇ ਪੈ ਰਹੇ ਹਨ ਅਤੇ ਪੱਗ ਛੱਡਣੀ ਪੈ ਰਹੀ ਹੈ। ਸਿੱਖ ਭਾਈਚਾਰੇ ਲਈ ਇਕ ਹੋਰ ਵੱਡੀ ਸਮੱਸਿਆ ਹੈ ਕਿ ਪੇਸ਼ਾਵਰ ਵਿਚ ਉਨ੍ਹਾਂ ਲਈ ਸ਼ਮਸ਼ਾਨ ਘਾਟ ਦੀ ਕਮੀ ਹੈ। ਖੈਬਰ ਪਖਤੂਨਖਵਾ ਸਰਕਾਰ ਨੇ ਸ਼ਮਸ਼ਾਨ ਲਈ ਬੀਤੇ ਸਾਲ ਫੰਡ ਦਿੱਤਾ ਸੀ, ਪਰ ਹਾਲੇ ਤੱਕ ਇਸ ਦਾ ਕੰਮ ਸ਼ੁਰੂ ਨਹੀਂ ਹੋਇਆ। ਇਹੀ ਨਹੀਂ ਸ਼ਮਸ਼ਾਨ ਘਾਟ ਲਈ ਅਲਾਟ ਜ਼ਮੀਨ ਨੂੰ ਪ੍ਰਾਈਵੇਟ ਬੈਂਕ, ਵੈਡਿੰਗ ਹਾਲ ਤੇ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ। ਸਥਾਨਕ ਮੀਡੀਆ ਮੁਤਾਬਕ ਪਾਕਿਸਤਾਨ ਸਰਕਾਰ ਇਸ ਤੱਥ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਕਿ ਸਿੱਖ ਭਾਈਚਾਰੇ ਨੂੰ ਉਸ ਦੇ ਸਮਰਥਨ ਅਤੇ ਸੁਰੱਖਿਆ ਦੀ ਲੋੜ ਹੈ।