ਹਮਦਰਦ

-ਡਾ. ਸ਼ਿਆਮ ਸੁੰਦਰ ਦੀਪਤੀ
ਦੀਪਕ ਬਾਹਰ ਨਿਕਲ ਕੇ ਸਕੂਟਰ ਸਟਾਰਟ ਕਰਨ ਲੱਗਾ ਤਾਂ ਸਾਹਮਣੇ ਕੋਠੀ ਵਿੱਚ ਕੰਮ ਕਰਦਾ ਨੌਕਰ ਦੌੜ ਕੇ ਆਇਆ। ਦੀਪਕ ਦੇ ਗੋਡੀ ਹੱਥ ਲਾਉਂਦਿਆਂ ਬੋਲਿਆ,‘ਗੱਡੀ ਕਿੱਥੇ ਹੈ ਸਾਬ੍ਹ ਜੀ ਅੱਜ?’
ਉਸ ਦਾ ਭਾਵ ਕਾਰ ਤੋਂ ਸੀ। ‘ਅੰਦਰ ਖੜੀ ਹੈ।’
‘ਗੱਡੀ ਧੋਣ ਲਈ ਕਿਸੇ ਦੀ ਲੋੜ ਹੋਵੇ ਤਾਂ ਮੇਰੇ ਪਿਤਾ ਜੀ ਹਨ,’ ਇੰਨੇ ਵਿੱਚ ਉਹ ਬਜ਼ੁਰਗ ਵੀ ਸਾਹਮਣੀ ਕੋਠੀ ਦੇ ਗੇਟ ਵਿੱਚ ਆ ਚੁੱਕਾ ਸੀ।
‘ਓ ਨਹੀਂ, ਅਜਿਹੇ ਕੰਮ ਨਹੀਂ ਕਰਵਾਈਦੇ ਬਜ਼ੁਰਗਾਂ ਤੋਂ,’ ਦੀਪਕ ਨੇ ਸਕੂਟਰ ਨੂੰ ਕਿੱਕ ਮਾਰਨ ਦੀ ਤਿਆਰੀ ਕਰਦਿਆਂ ਕਿਹਾ।
‘ਨਹੀਂ ਜੀ, ਅਜਿਹੀ ਗੱਲ ਨਹੀਂ। ਡਰਾਈਵਰ ਰਿਟਾਇਰ ਹੋਏ ਹਨ।’ ਨੌਕਰ ਨੇ ਜਵਾਬ ਦਿੱਤਾ।
‘ਉਹ ਤਾਂ ਠੀਕ ਹੈ। ਤੇਰੇ ਬਜ਼ੁਰਗਾਂ ਵਰਗਾ ਮੇਰਾ ਬਾਪੂ ਵੀ ਹੈ ਘਰ। ਅਸੀਂ ਤਾਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਉਠ ਕੇ ਪਾਣੀ ਵੀ ਨਹੀਂ ਪੀਣਾ। ਬਜ਼ੁਰਗਾਂ ਤੋਂ ਨਹੀਂ ਕੰਮ ਕਰਾਉਣਾ ਆਪਾਂ।’ ਦੀਪਕ ਨੇ ਆਪਣੀ ਸੋਚ ਮੁਤਾਬਕ ਕਿਹਾ।
‘ਉਹ ਤਾਂ ਠੀਕ ਹੈ ਜੀ..’, ਫਿਰ ਥੋੜ੍ਹਾ ਰੁਕ ਕੇ ਕਿਹਾ, ‘ਬਜ਼ੁਰਗ ਹੀ ਨਹੀਂ ਮੰਨਦੇ, ਇੱਛਾ ਤਾਂ ਸਾਡੀ ਵੀ ਇਹੋ ਹੈ ਜੀ, ਤੇ ਕੁਝ ਮਜਬੂਰੀ..।’ ਇੰਨੇ ਵਿੱਚ ਬਜ਼ੁਰਗ ਨੇੜੇ ਆ ਗਿਆ ਸੀ।
‘ਜੀ ਤੁਸੀਂ ਇਹ ਸਮਝਦੇ ਹੋਵੋਗੇ ਕਿ ਮੈਥੋਂ ਕੀ ਕੰਮ ਹੋਣਾ, ਤੁਸੀਂ ਕੰਮ ਕਰਾ ਕੇ ਦੇਖੋ। ਪਸੰਦ ਨਹੀਂ ਆਵੇਗਾ ਤਾਂ..’ ਬਜ਼ੁਰਗ ਨੇ ਆਪਣੇ ਵੱਲੋਂ ਗੁਜ਼ਾਰਿਸ਼ ਕੀਤੀ।
‘ਨਹੀਂ ਬਾਪੂ ਜੀ, ਇਹ ਗੱਲ ਨਹੀਂ। ਦਰਅਸਲ ਮੈਂ ਕਾਰ ਕੱਢਦਾ ਬਹੁਤ ਘੱਟ ਹਾਂ।’ ਦੀਪਕ ਨੇ ਗੱਲ ਬਦਲਦੇ ਹੋਏ ਕਿਹਾ।
ਇਕ ਅਣਜਣ ਆਦਮੀ ਦੇ ਮੂੰਹੋਂ ‘ਬਾਪੂ’ ਸ਼ਬਦ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਤੇ ਉਹ ਬੋਲਿਆ, ‘ਕੋਈ ਨ੍ਹੀਂ, ਫਿਰ ਵੀ ਤੁਹਾਡੀ ਬਹੁਤ-ਬਹੁਤ ਮਿਹਰਬਾਨੀ।’