ਹਨੀਪ੍ਰੀਤ ਨੇ ਮੰਨਿਆ : ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦਾ ਮਾਸਟਰ ਪਲਾਨ ਬਣਿਆ ਸੀ

honeypreet
ਚੰਡੀਗੜ੍ਹ, 12 ਅਕਤੂਬਰ (ਪੋਸਟ ਬਿਊਰੋ)- ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾਂ ਕਈ ਦਿਨ ਜਾਂਚ ਵਿੱਚ ਸਹਿਯੋਗ ਦੇਣ ਮਗਰੋਂ ਕੱਲ੍ਹ ਤੋਂ ਰਾਜ਼ ਉਗਲਣ ਲੱਗ ਪਈ ਹੈ।
ਜਾਣਕਾਰ ਸੂਤਰਾਂ ਅਨੁਸਾਰ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ, ਪਰ ਇਸ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ। ਹਨੀਪ੍ਰੀਤ ਉੱਤੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦਾ ਦੋਸ਼ ਹੈ, ਜਿਸ ਵਿੱਚ 38 ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਇਸ ਦੌਰਾਨ ਪੁਲਸ ਪੁੱਛਗਿੱਛ ਵਿੱਚ ਹਨੀਪ੍ਰੀਤ ਦੇ ਡਰਾਈਵਰ ਰਾਕੇਸ਼ ਨੇ ਵੀ ਖੁਲਾਸਾ ਕੀਤਾ ਕਿ ਪੰਚਕੂਲਾ ਦੰਗਿਆਂ ਲਈ ਹਨੀਪ੍ਰੀਤ ਨੇ ਮਾਸਟਰ ਪਲਾਨ ਤਿਆਰ ਕੀਤਾ ਸੀ। ਜਾਣਕਾਰ ਸੂਤਰਾਂ ਅਨੁਸਾਰ ਹਨੀਪ੍ਰੀਤ ਦੇ ਲੈਪਟਾਪ ਵਿੱਚ ਉਸਦਾ ਪੂਰਾ ਪਲਾਨ ਬਣਿਆ ਹੈ। ਇਸ ਨੂੰ ਹਨੀਪ੍ਰੀਤ ਵਿਰੁੱਧ ਪੱਕਾ ਸਬੂਤ ਮੰਨਿਆ ਜਾ ਰਿਹਾ ਹੈ, ਪਰ ਅਜੇ ਤੱਕ ਇਹ ਪੁਲਸ ਦੇ ਹੱਥ ਨਹੀਂ ਲੱਗਾ। ਪੁਲਸ ਹਨੀਪ੍ਰੀਤ ਦਾ ਲੈਪਟਾਪ ਅਤੇ ਮੋਬਾਈਲ ਬਰਾਮਦ ਕਰਨ ਦੀ ਕੋਸ਼ਿਸ਼ ਵਿੱਚ ਹੈ।