ਹਨੀਪ੍ਰੀਤ ਅਦਾਲਤ ਵਿੱਚ ਪੇਸ਼, ਪਰ ਚਾਰਜਸ਼ੀਟ ਪੇਸ਼ ਨਹੀਂ ਹੋ ਸਕੀ


ਪੰਚਕੂਲਾ, 11 ਜਨਵਰੀ, (ਪੋਸਟ ਬਿਊਰੋ)- ਪਿਛਲੇ ਸਾਲ 25 ਅਗਸਤ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਬਲਾਤਕਾਰ ਦੇ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਪਿੱਛੋਂ ਹੋਈ ਹਿੰਸਾ ਵਾਲੇ ਕੇਸ ਵਿੱਚ ਡੇਰਾ ਮੁਖੀ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਸਮੇਤ 15 ਦੋਸ਼ੀਆਂ ਨੂੰ ਅੱਜ ਪੰਚਕੂਲਾ ਦੀ ਵਧੀਕ ਸੈਸ਼ਨ ਜੱਜ ਨੀਰਜਾ ਕੁਲਵੰਤ ਕਲਸਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਦੀ ਸੁਣਵਾਈ ਮੌਕੇ ਅਦਾਲਤ ਵਿੱਚ ਦੋਸ਼ ਤੈਅ ਕੀਤੇ ਜਾਣੇ ਸਨ, ਪਰ ਪੁਲਿਸ ਵਲੋਂ ਚਲਾਨ ਦੀਆਂ ਸਾਰੀਆਂ ਕਾਪੀਆਂ ਨਾ ਦੇਣ ਕਾਰਨ ਇਹ ਕਾਰਵਾਈ ਨਹੀਂ ਕੀਤੀ ਜਾ ਸਕੀ। ਹੁਣ ਇਸ ਕੇਸ ਦੀ ਸੁਣਵਾਈ 19 ਜਨਵਰੀ ਨੂੰ ਹੋਵੇਗੀ, ਜਦੋਂ ਕਿ 21 ਫਰਵਰੀ ਨੂੰ ਦੋਸ਼ ਤੈਅ ਕਰਨ ਬਾਰੇ ਬਹਿਸ ਹੋਵੇਗੀ।
ਵਰਨਣ ਯੋਗ ਹੈ ਕਿ 25 ਅਗਸਤ ਨੂੰ ਸੱਚਾ ਸੌਦਾ ਡੇਰ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੰਚਕੂਲਾ ਵਿੱਚ ਹਰਿਆਣਾ ਦੀ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਸੀ ਤੇ ਇਸ ਤੋਂ ਬਾਅਦ ਹੋਈ ਹਿੰਸਾ ਵਿੱਚ ਲਗਪਗ 35-40 ਲੋਕ ਮਾਰੇ ਜਾਣ ਤੋਂ ਇਲਾਵਾ 200 ਦੇ ਕਰੀਬ ਜ਼ਖ਼ਮੀ ਵੀ ਹੋਏ ਸਨ। ਇਸ ਤੋਂ ਇਲਾਵਾ ਸਰਕਾਰੀ ਤੇ ਨਿੱਜੀ ਸੰਪਤੀ ਦਾ ਨੁਕਸਾਨ ਕਰਨ ਦੇ ਨਾਲ ਮੀਡੀਆ ਦੀਆਂ ਗੱਡੀਆਂ ਵੀ ਸਾੜੀਆਂ ਗਈਆਂ ਸਨ। ਇਸੇ ਦੋਸ਼ ਹੇਠ ਮੁਕੱਦਮਾ ਨੰਬਰ 345 ਦਰਜ ਕੀਤਾ ਗਿਆ ਸੀ। ਅੱਜ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਚਾਰਜਸ਼ੀਟ ਦੀ 1200 ਸਫ਼ਿਆਂ ਦੀ ਚਾਰਜਸ਼ੀਟ ਹਾਸਲ ਨਹੀਂ ਕਰਵਾਈ ਗਈ, ਸਿਰਫ਼ 150 ਪੰਨੇ ਦਿੱਤੇ ਗਏ ਹਨ। ਸਰਕਾਰੀ ਵਕੀਲ ਨੇ ਵੀ ਅਦਾਲਤ ਵਿਚ ਕਿਹਾ ਕਿ ਹਨੀਪ੍ਰੀਤ ਸਮੇਤ ਸਾਰੇ 15 ਮੁਲਜ਼ਮਾਂ ਦਾ ਸਪਲੀਮੈਂਟਰੀ ਚਲਾਨ ਅਦਾਲਤ ਵਿੱਚ ਦੇਣਾ ਹੈ। ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਅਦਾਲਤ ਨੇ ਹੁਣ ਦੋਸ਼ ਤੈਅ ਕਰਨ ਲਈ 21 ਫਰਵਰੀ ਦੀ ਤਰੀਕ ਨਿਰਧਾਰਤ ਕੀਤੀ ਹੈ।