ਸੱਸ ਦਾ ਸੂਟ

-ਮਨਦੀਪ ਸਿੰਘ ਡਡਿਆਣਾ
ਗੁਆਂਢ ਵਿੱਚ ਸਪੀਕਰ ਵੱਜ ਰਿਹਾ ਸੀ। ਛੱਤ ਉੱਤੇ ਦੋ ਮੰਜੇ ਜੋੜ ਕੇ ਬੰਨ੍ਹਿਆ ਸਪੀਕਰ ਕੱਲ੍ਹ ਤੋਂ ਵੱਜ ਰਿਹਾ ਸੀ। ਇਸ ਤਰ੍ਹਾਂ ਸਪੀਕਰ ਕਈ ਸਾਲਾਂ ਪਿੱਛੋਂ ਵੱਜਿਆ ਸੀ। ਇਹ ਸਪੀਕਰ ਅਮਨ ਦੇ ਵਿਆਹ ਦਾ ਸਪੀਕਰ ਸੀ। ਅਮਨ ਰੱਜੋ ਦਾ ਦਿਓਰ ਸੀ, ਸ਼ਰੀਕੇ ਵਿੱਚੋਂ। ਥੋੜ੍ਹੀ ਦੇਰ ਤੱਕ ਅਮਨ ਦੀ ਜੰਞ ਚੜ੍ਹਨੀ ਸੀ। ਲੋਕ ਕਹਿੰਦੇ ਹਨ ਕਿ ਪੜ੍ਹਾਈ ਨੇ ਸਭਿਆਚਾਰ ਖਾ ਲਿਆ, ਪਰ ਅਮਨ ਸਭਿਆਚਾਰ ਦਾ ਸ਼ੁਦਾਈ ਏ। ਇਸੇ ਕਾਰਨ ਪਿੰਡ ਦੇ ਕਿਸੇ ਕੋਠੇ ‘ਤੇ ਵਰ੍ਹਿਆਂ ਬਾਅਦ ਇਸ ਤਰ੍ਹਾਂ ਮੰਜੇ ਜੋੜ ਕੇ ਸਪੀਕਰ ਲੱਗੇ ਸਨ। ਪਿੰਡ ਦੀ ਸੱਥ ਵਿੱਚ ਗੱਲਾਂ ਹੁੰਦੀਆਂ ਰਹਿੰਦੀਆਂ ਕਿ ਲੰਬੜਦਾਰ ਤੀਰਥ ਸਿੰਘ ਨੇ ਇਲਕੌਤੇ ਪੁੱਤ ਦੇ ਵਿਆਹ ਦੀ ਵੱਤ ਖੁੰਝਾ ਦਿੱਤੀ। ਗੱਲ ਹੈ ਵੀ ਸਹੀ ਸੀ। ਜੇ ਅਮਨ ਜ਼ਮਾਨੇ ਦੇ ਚਲਦੇ ਵਹਿਣ ਅਨੁਸਾਰ ਸਹੀ ਉਮਰੇ ਵਿਆਹਿਆ ਜਾਂਦਾ ਤਾਂ ਉਸ ਸਮੇਂ ਕੋਠਿਆਂ `ਤੇ ਮੰਜੇ ਜੋੜ ਕੇ ਸਪੀਕਰ ਲਾਉਣ ਦਾ ਹੀ ਜ਼ਮਾਨਾ ਸੀ, ਪਰ ਉਹ ਪੜ੍ਹਾਈ ਕਰਦਾ-ਕਰਦਾ ਜਮਾਤਾਂ ਮੁਕਾਉਣ ਦੇ ਚੱਕਰ ਵਿੱਚ ਅਜਿਹਾ ਪਿਆ ਕਿ ਉਮਰ ਦੇ ਉਹ ਵਰ੍ਹੇ ਖੁੰਝ ਗਏ। ਜੇ ਅਮਨ ਸਹੀ ਉਮਰ ਵਿੱਚ ਮੰਗਿਆ ਜਾਂਦਾ ਤਾਂ ਅੱਜ ਉਸ ਦੇ ਜੁਆਕ ਬਚਪਨ ਪਾਰ ਕਰ ਰਹੇ ਹੁੰਦੇ। ਸਾਡੇ ਪਿੰਡ ਦੀ ਲੰਬੀ ਉਡੀਕ ਦਾ ਖਾਤਮਾ ਕਰਦਿਆਂ ਜਦ ਅਮਨ ਮੰਗਿਆ ਗਿਆ ਤਾਂ ਉਸ ਦੇ ਵਿਆਹ ਦਾ ਰੱਖਿਆ ਦਿਨ ਇੱਕ ਵਾਰ ਮੁਲਤਵੀ ਕਰਨਾ ਪਿਆ, ਕਿਉਂਕਿ ਅਮਨ ਦਾ ਸਹੁਰਾ ਵਿਦੇਸ਼ ਗਿਆ ਹੋਇਆ ਸੀ। ਕਿਸੇ ਕਾਰਨ ਉਹ ਆ ਨਹੀਂ ਸੀ ਸਕਦਾ, ਜਿਸ ਕਾਰਨ ਵਿਆਹ ਦਾ ਦਿਨ ਰੱਖ ਕੇ ਥੋੜ੍ਹੇ ਦਿਨਾਂ ਬਾਅਦ ਹੀ ਮੁਲਤਵੀ ਕਰਨਾ ਪਿਆ।
ਅਮਨ ਦੇ ਸ਼ਰੀਕੇ ਵਿੱਚ ਲੱਗਦੇ ਉਸ ਦੇ ਭਰਾਵਾਂ ਵਿੱਚ ਕਈਆਂ ਦੇ ਨਿਆਣੇ ਵਿਆਹੇ ਗਏ ਸਨ। ਉਸ ਦੀ ਚਹੇਤੀ ਭਾਬੀ ਰੱਜੋ ਦਾ ਮੁੰਡਾ ਪਿਛਲੇ ਸਾਲ ਵਿਆਹਿਆ ਗਿਆ ਸੀ। ਰੱਜੋ ਅਮਨ ਦੀ ਚਹੇਤੀ ਭਰਜਾਈ ਸੀ ਅਤੇ ਅਮਨ ਰੱਜੋ ਦਾ ਚਹੇਤਾ ਦਿਓਰ। ਅੱਜ ਵੀ ਤੜਕੇ ਹੀ ਅਮਨ ਰੱਜੋ ਦੇ ਵਿਹੜੇ ਵਿੱਚ ਖੜ੍ਹਾ ਕਹਿ ਰਿਹਾ ਸੀ ਕਿ ‘ਭਾਬੀ ਸੁਰਮਾ ਤੈਥੋਂ ਪਵਾਉਣਾ ਏ, ਛੇਤੀ ਆ ਜਾਵੀਂ ਤਿਆਰ ਹੋ ਕੇ। ਤੈਨੂੰ ਯਾਦ ਕਰਵਾਉਣ ਆਇਆਂ ਮੈਂ।’ ਅਮਨ ਚੌਥੀ ਵਾਰ ਸੱਦਾ ਦੇਣ ਆਇਆ ਸੀ। ਰੱਜੋ ਤਿਆਰ ਹੋਣ ਲੱਗੀ, ਪਰ ਸਾਹਮਣੇ ਪਿਆ ਨਵਾਂ ਸੂਟ ਪਾਉਣ ਲਈ ਉਸ ਦੀ ਰੂਹ ਉਕਾ ਹੀ ਨਹੀਂ ਸੀ ਮੰਨਦੀ। ਸਪੀਕਰ ਵਿੱਚ ਮਾਣਕ ਦੀ ਕਲੀ ਗੂੰਜ ਰਹੀ ਸੀ। ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਹੀਰ ਦੀ’। ਇੰਝ ਜਾਪਦਾ ਸੀ ਕਿ ਮਾਣਕ ਹੀਰ ਦੀ ਨਹੀਂ, ਰੱਜੋ ਦੇ ਹੁਸਨ ਦੀ ਤਾਰੀਫ ਕਰ ਰਿਹਾ ਹੋਵੇ। ਮਾਣਕ ਦੀ ਹੀਰ ਦਾ ਹੁਸਨ ਰੱਜੋ ਦੇ ਹੁਸਨ ਅੱਗੇ ਬੌਣਾ ਸੀ। ਸਾਰੀ ਉਮਰ ਜੱਟੀ ਨੇ ਅੱਡੀ ਨਹੀਂ ਸੀ ਲਾਈ ਜ਼ਮੀਨ ਨੂੰ। ਪੱਬਾਂ ਭਾਰ ਮੋਰਨ ਦੀ ਤੋਰ ਉਸ ਦੀ ਖਾਸ ਪਛਾਣ ਸੀ। ਸ਼ਾਇਦ ਦੇਵ ਥਰੀਕੇ ਦੇ ਕਲੀ ਲਿਖਦਿਆਂ ਅਤੇ ਵਾਰਸ ਸ਼ਾਹ ਦੇ ਹੀਰ ਲਿਖਦਿਆਂ ਧਿਆਨ ਵਿੱਚ ਰੱਜੋ ਹੀ ਸਮਾਈ ਹੋਵੇ। ਹੀਰ ਪਿੱਛੇ ਤਾਂ ਇੱਕ ਰਾਂਝੇ ਦੇ ਕੰਨ ਪਾਟੇ ਸਨ, ਪਰ ਰੱਜੋ ਲਈ ਪਤਾ ਨਹੀਂ ਕਿੰਨੇ ਕੁ ਰਾਂਝੇ ਕੰਨ ਪੜਵਾਉਣ ਦੀ ਝਾਕ ਵਿੱਚ ਸਨ। ਹੀਰ ਲਈ ਤਾਂ ਇੱਕ ਰਾਂਝੇ ਨੇ ਮੱਝਾਂ ਚਾਰੀਆਂ ਸਨ, ਪਰ ਰੱਜੋ ਨੇ ਪਤਾ ਨਹੀਂ ਕਿੰਨੇ ਕੁ ਰਾਂਝੇ ਚਾਰੇ ਸਨ। ਜਦੋਂ ਰੱਜੋ ਇਸ ਪਿੰਡ ਵਿੱਚ ਵਿਆਹ ਕੇ ਆਈ ਤਾਂ ਅਮਨ ਦੇ ਮੂੰਹ ਤੇ ਲੂੰਈ ਜਿਹੀ ਫੁੱਟ ਰਹੀ ਸੀ। ਨਵੀਂ ਵਿਆਹ ਕੇ ਆਈ ਰੱਜੋ ਦੀ ਪਿੰਡ ਵਿੱਚ ਧੁੰਮ ਪੈ ਗਈ। ਕਈ ਮਨਚਲੇ ਗੱਭਰੂ ਰੱਜੋ ਦੇ ਸਹੁਰਿਆਂ ਦੇ ਦਰ ਅੱਗੇ-ਬੇ-ਅਰਥ ਹੀ ਗੇੜੇ ਜਿਹੇ ਕੱਢਦੇ ਰਹਿੰਦੇ। ਪਿੰਡ ਦਾ ਹਰ ਗੱਭਰੂ ਉਸ ਦੀ ਇੱਕ ਝਲਕ ਲੈਣ ਲਈ ਉਤਾਵਲਾ ਸੀ। ਪਿੰਡ ਦੇ ਗੱਭਰੂਆਂ ਦੀ ਇਹ ਹਾਲਤ ਅਜੇ ਵੀ ਬਣੀ ਹੋਈ ਸੀ। ਹਰ ਕੋਈ ਅੱਖਾਂ ਰਾਹੀਂ ਇਸ ਸ਼ਰਬਤ ਨੂੰ ਪੀਣਾ ਲੋਚਦਾ।
ਰੱਜੋ ਜਦੋਂ ਸ਼ੀਸ਼ੇ ਅੱਗੇ ਖੜ੍ਹਦੀ ਤਾਂ ਉਸ ਨੂੰ ਆਪਣਾ ਆਪ ਪਿਆਰਾ ਜਿਹਾ ਜਾਪਦਾ। ਕਈ ਵਾਰ ਉਸ ਨੂੰ ਆਪਣੇ ਆਪ ਤੋਂ ਭੈਅ ਜਿਹਾ ਆਉਂਦਾ। ਪਿੰਡ ਦੇ ਗੱਭਰੂਆਂ ਨੇ ਪਿੰਡ ਵਿੱਚ ਵਿਆਹ ਕੇ ਆਈਆਂ ਸੋਹਣੀਆਂ ਵਿੱਚ ਉਸ ਨੂੰ ਪਹਿਲਾ ਨੰਬਰ ਦਿੱਤਾ ਹੋਇਆ ਸੀ। ਜਦੋਂ ਕੋਈ ਨਵੀਂ ਵਿਆਹ ਕੇ ਪਿੰਡ ਵਿੱਚ ਆਉਂਦੀ ਤਾਂ ਉਸ ਦੀ ਤੁਲਨਾ ਰੱਜੋ ਨਾਲ ਕੀਤੀ ਜਾਂਦੀ। ਅਜੇ ਤੱਕ ਕੋਈ ਵੀ ਇਸ ਤੁਲਨਾ ਵਿੱਚ ਖਰੀ ਨਹੀਂ ਸੀ ਉੱਤਰੀ। ਪੁੱਤ ਦਾ ਵਿਆਹ ਕਰ ਕੇ ਵੀ ਉਸ ਦਾ ਹੁਸਨ ਉਸੇ ਤਰ੍ਹਾਂ ਕਾਇਮ ਸੀ। ਉਸ ਦਾ ਪੁੱਤ ਸੁਜੀਲਾ ਸੁਨੱਖਾ ਗੱਭਰੂ ਸੀ। ਉਸ ਦੀ ਨੂੰਹ ਵੀ ਸੋਹਣੀ ਮੁਟਿਆਰ ਸੀ, ਪਰ ਉਸ ਦੀ ਨੂੰਹ ਦਾ ਹੁਸਨ ਉਸ ਦੇ ਅੱਗੇ ਕੁਝ ਵੀ ਨਹੀਂ ਸੀ। ਪਹਿਲਾ ਨੰਬਰ ਰੱਜੋ ਦਾ ਰਾਖਵਾਂ ਹੋ ਗਿਆ ਸੀ। ਮਿਸ ਵਰਲਡ, ਮਿਸ ਯੂਨੀਵਰਸ ਲਈ ਸਿਫਾਰਸ਼ ਜਾਂ ਹੋਰ ਘਾਲਾ ਮਾਲਾ ਸੰਭਵ ਸੀ, ਰੱਜੋ ਦੇ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਮਿਲੇ ਤਾਜ ਨੂੰ ਕੋਈ ਨਹੀਂ ਸੀ ਲਾਹ ਸਕਿਆ। ਪੁੱਤ ਦੇ ਵਿਆਹ ਤੋਂ ਬਾਅਦ ਇੱਕ ਵਾਰ ਹਿਜੜਿਆਂ ਦਾ ਟੋਲਾ ਉਸ ਦੇ ਘਰ ਆ ਵੜਿਆ। ਨੂੰਹ ਪੁੱਤ ਕਿਤੇ ਬਾਹਰ ਗਏ ਹੋਏ ਸਨ। ਰੱਜੋ ਮੰਜੇ ਤੇ ਚਾਚੀ ਚਿੰਤੀ ਨਾਲ ਬੈਠੀ ਸੀ। ‘ਨੀ ਕੁੜੇ ਤੂੰ ਇੰਨੀ ਛੇਤੀ ਚੂੜਾ ਖੋਲ੍ਹ ਦਿੱਤਾ?’ ਇੱਕ ਹਿਜੜਾ ਰੱਜੋ ਨੂੰ ਬੋਲਿਆ। ਚਿੰਤੀ ਦੀ ਹਾਸੀ ਨਾ ਸਾਂਭੀ ਜਾਵੇ। ਹਿਜੜਿਆਂ ਨਾਲ ਵਿਹੜੇ ਵਿੱਚ ਵੜੇ ਲੋਕ ਵੀ ਹੱਸ-ਹੱਸ ਕੇ ਦੂਹਰੇ ਹੋ ਗਏ। ਰੱਜੋ ਦਾ ਮੂੰਹ ਸ਼ਰਮ ਨਾਲ ਲਾਲ ਹੋ ਗਿਆ। ਚਾਚੀ ਚਿੰਤੀ ਨੇ ਹਿਜੜਿਆਂ ਨੂੰ ਹੱਸ-ਹੱਸ ਕੇ ਸੱਚ ਸਮਝਾਇਆ। ਅਸਲ ਵਿੱਚ ਹਿਜੜੇ ਦਾ ਕਸੂਰ ਨਹੀਂ ਸੀ। ਰੱਜੋ ਦਾ ਰੂਪ ਹੀ ਅਜਿਹਾ ਸੀ ਕਿ ਅਜੇ ਵੀ ਉਹ ਨਵੀਂ ਵਿਆਹੀ ਮੁਟਿਆਰ ਜਾਪਦੀ।
ਰੱਜੋ ਦੀ ਜੋੜੀ ਮਾਪਿਆਂ ਨੇ ਜਿਸ ਨਾਲ ਬਣਾਈ ਉਹ ਜੋੜ ਨਾ ਹੋ ਕੇ ਨਰੜ ਵੱਧ ਸੀ, ਪਰ ਰੱਜੋ ਨੇ ਮਾਪਿਆਂ ਦੀ ਪਸੰਦ `ਤੇ ਕੋਈ ਉਜ਼ਰ ਨਾ ਕੀਤਾ। ਅਮਨ ਜਵਾਨ ਹੋ ਕੇ ਛੀਟਵਾਂ ਗੱਭਰੂ ਨਿਕਲਿਆ ਜਿਸ ਨੂੰ ਵੇਖ ਕੇ ਕਈ ਵਾਰ ਉਸ ਦੀਆਂ ਭਾਵਨਾਵਾਂ ਜਾਗ ਜਾਂਦੀਆਂ, ਪਰ ਰੱਜੋ ਨੇ ਕਦੇ ਵੀ ਕੋਈ ਰੇਖਾ ਨਾ ਉਲੰਘੀ। ਅਮਨ ਦਾ ਵਿਆਹ ਜਦੋਂ ਦੋ ਕੁ ਸਾਲ ਪਹਿਲਾਂ ਰੱਖਿਆ ਗਿਆ ਸੀ ਤਾਂ ਰੱਜੋ ਨੇ ਇੱਕ ਸੂਟ ਬੜੇ ਚਾਅ ਨਾਲ ਖਰੀਦਿਆ ਸੀ। ਰੱਜੋ ਨੇ ਉਹ ਸਿਲਵਾ ਵੀ ਲਿਆ, ਪਰ ਫੇਰ ਅਚਾਨਕ ਵਿਆਹ ਮੁਲਤਵੀ ਹੋ ਗਿਆ। ਰੱਜੋ ਨੇ ਉਹ ਸੂਟ ਸੰਭਾਲ ਰੱਖਿਆ। ਉਸ ਸੂਟ ਦੀ ਬਣਤਰ, ਰੰਗ-ਡਿਜ਼ਾਈਨ ਨਵੀਆਂ ਵਹੁਟੀਆਂ ਦੇ ਸੂਟਾਂ ਵਰਗੀ ਸੀ। ਇਹ ਸੂਟ ਉਸ ਨੇ ਪੁੱਤ ਦੇ ਵਿਆਹ `ਤੇ ਵੀ ਨਾ ਪਾਇਆ।
ਜਦੋਂ ਅਮਨ ਦੇ ਵਿਆਹ ਦਾ ਦਿਨ ਇਸ ਵਾਰ ਬੰਨ੍ਹਿਆ ਗਿਆ ਤਾਂ ਰੱਜੋ ਦੇ ਟੱਬਰ ਨੇ ਨਵੇਂ ਕੱਪੜੇ ਸਿਲਾਉਣ ਦੀ ਤਿਆਰੀ ਕਰ ਲਈ। ਰੱਜੋ ਦੀ ਨੂੰਹ ਆਪਣੇ ਲਈ ਵਰੀ ਦੇ ਸੂਟ ਵਿੱਚੋਂ ਵਧੀਆ ਸੂਟ ਸਿਲਾਈ ਲਈ ਸ਼ਹਿਰੀ ਬੁਟੀਕ ਵਿੱਚ ਦੇ ਆਈ। ‘ਮੰਮੀ ਜੀ, ਤੁਸੀਂ ਆਹ ਸੂਟ ਸਿਲਵਾ ਲਵੋ।’ ਨੂੰਹ ਨੇ ਵਰੀ ਵਿੱਚੋਂ ਸੱਸ ਲਈ ਲਿਆਂਦਾ ਹਲਕੇ ਜਿਹੇ ਰੰਗ ਦੇ ਸਿਆਣਿਆਂ ਵਾਲੇ ਸੂਟ ਨੂੰ ਰੱਜੋ ਨੂੰ ਦਿੰਦਿਆਂ ਕਿਹਾ।
‘ਚੰਗਾ ਪੁੱਤ।’ ਰੱਜੋ ਨੇ ਸੂਟ ਵੇਖਦਿਆਂ ਕਿਹਾ ਅਤੇ ਸੂਟ ਸੋਫੇ ਉੱਤੇ ਰੱਖ ਦਿੱਤਾ। ਦੋ ਦਿਨ ਸੂਟ ਉਸੇ ਤਰ੍ਹਾਂ ਸੋਫੇ ਉਤੇ ਪਿਆ ਰਿਹਾ। ਤੀਜੇ ਦਿਨ ਗੁਆਂਢਣ ਭੋਲੀ, ਜੋ ਘਰੇ ਕੱਪੜੇ ਸਿਊਣ ਦਾ ਕੰਮ ਕਰਦੀ ਸੀ, ਆ ਕੇ ਰੱਜੋ ਦਾ ਨਾਪ ਲੈ ਗਈ। ਕੱਲ੍ਹ ਮੇਲ ਵਾਲੇ ਦਿਨ ਭੋਲੀ ਸੂਟ ਬਣਾ ਕੇ ਦੇ ਗਈ। ਗੁਆਂਢੀਆਂ ਦੇ ਕੋਠੇ ਉੱਤੇ ਸਾਰਾ ਦਿਨ ਮਾਣਕ ਦੀਆਂ ਕਲੀਆਂ ਤੇ ਸੁਰਜੀ ਖਾਨ ਦੀ ਕਿੱਕਲੀ ਆਦਿ ਹੁਸਨ ਦੀ ਮਹਿਮਾ ਦੇ ਗੀਤ ਵਜਦੇ ਰਹੇ। ਸਪੀਕਰ ਹੁਸਨ ਦੀ ਤਾਰੀਫ ਵਿੱਚ ਸੰਘ ਅੜਾਉਂਦਾ ਰਿਹਾ, ਹੁਸਨ ਦੀ ਮਲਕਾ ਦਾ ਧਿਆਨ ਨੂੰਹ ਵੱਲੋਂ ਸੱਸ ਲਈ ਸਵਾਏ ਸੂਟ ਨੇ ਭਟਕਾ ਦਿੱਤਾ ਸੀ।
ਅੱਜ ਵਿਆਹ ਦੇ ਦਿਨ ਸਵੇਰ ਤੋਂ ਸਪੀਕਰ ਵੱਜ ਰਿਹਾ ਸੀ। ਅਮਨ ਆ ਕੇ ਰੱਜੋ ਨੂੰ ਬੁਲਾ ਕੇ ਗਿਆ, ਪਰ ਰੱਜੋ ਨੂੰ ਨਵਾਂ ਸਵਾਇਆ ਸੂਟ ਅਲਮਾਰੀ ਵਿੱਚ ਪਿਆ ਡੱਸ ਰਿਹਾ ਸੀ। ਸਪੀਕਰ ਬੰਦ ਹੋ ਕੇ ਵਾਜੇ ਵਾਲਿਆਂ ਨੇ ਆਪਣੀਆਂ ਸੁਰਾਂ ਛੇੜ ਲਈਆਂ। ਹੁਣ ਅਮਨ ਨੂੰ ਗੁਰਦੁਆਰੇ ਮੱਥਾ ਟੇਕਣ ਲੈ ਕੇ ਜਾਣਾ ਸੀ। ਰੱਜੋ ਨੇ ਦਿਲ `ਤੇ ਪੱਥਰ ਰੱਖ ਕੇ ਸੂਟ ਪਾ ਲਿਆ। ਉਹ ਅਣਮੰਨੇ ਮਨ ਨਾਲ ਨੂੰਹ ਨੂੰ ਲੈ ਕੇ ਬਾਕੀ ਮੇਲਣਾ ਨਾਲ ਅਮਨ ਨੂੰ ਮੱਥਾ ਟਿਕਾਉਣ ਤੁਰ ਪਈ, ਪਰ ਨਵਾਂ ਪਾਇਆ ਸੂਟ ਉਸ ਨੂੰ ਕੰਡਿਆਂ ਵਾਂਗ ਚੁਭ ਰਿਹਾ ਸੀ। ਮੇਲਣਾ ਵਿੱਚ ਰੱਜੋ ਨੂੰ ਆਪਣਾ ਆਪ ਗੁਆਚਦਾ ਜਾਪਦਾ ਸੀ। ਥੋੜ੍ਹੀ ਦੂਰ ਜਾ ਕੇ ਉਹ ਵਿੱਚੋਂ ਖਿਸਕ ਕੇ ਵਾਪਸ ਘਰ ਆ ਗਈ। ਘਰ ਆ ਕੇ ਉਸ ਨੇ ਸੂਟ ਲਾਹ ਸੁੱਟਿਆ ਤੇ ਦੋ ਸਾਲ ਪਹਿਲਾਂ ਸਵਾਇਆ ਸੂਟ ਪਾ ਲਿਆ। ਉਹ ਕੱਪੜੇ ਬਦਲ ਕੇ ਚੜ੍ਹਦੀ ਜੰਞ ਵੱਲ ਤੁਰ ਪਈ। ਕਈ ਭਾਬੀਆਂ ਸੁਰਮੇਦਾਨੀਆਂ ਲਈ ਖੜ੍ਹੀਆਂ ਸਨ, ਪਰ ਅਮਨ ਨੂੰ ਹੁਣ ਤੱਕ ਕਿਸੇ ਤੋਂ ਸੁਰਮਾ ਨਹੀਂ ਪਵਾਇਆ। ਰੱਜੋ ਨੇ ਅਮਨ ਨੂੰ ਸੁਰਮਾ ਪਾ ਕੇ ਇੱਕ ਵਾਰ ਫੇਰ ਨੰਬਰ ਜਾ ਚੁੱਕਿਆ।