ਸੱਟੇ ਵਾਲੇ ਬਾਬੇ ਦੀ ਨਸੀਹਤ

-ਨੇਤਰ ਸਿੰਘ ਮੁੱਤੋਂ
ਕਈ ਵਰ੍ਹਿਆਂ ਦੀ ਗੱਲ ਹੈ। ਮੇਰਾ ਇਕ ਦੋਸਤ ਮੈਨੂੰ ਸਮਰਾਲੇ ਬਾਜ਼ਾਰ ਵਿੱਚ ਮਿਲਿਆ। ਹਾਲ ਚਾਲ ਪੁੱਛਣ ਤੋਂ ਬਾਅਦ ਉਹ ਕਹਿਣ ਲੱਗਾ, “ਯਾਰ ਮੇਰਾ ਭਾਣਜਾ ਬੀ ਏ ਪਾਸ ਹੈ। ‘ਕੱਲਾ-‘ਕੱਲਾ ਮੁੰਡਾ ਹੈ। ਉਸ ਦਾ ਰਿਸ਼ਤਾ ਕਰਵਾ। ਮੈਂ ਤੈਨੂੰ ਆਪਣੀ ਭੈਣ ਦੇ ਪਿੰਡ ਲੈ ਚੱਲੂ, ਤੂੰ ਮੇਰੇ ਭਾਣਜੇ ਨੂੰ ਵੇਖ ਆਵੀਂ, ਮੈਨੂੰ ਕੱਲ੍ਹ ਨੂੰ ਛੁੱਟੀ ਹੈ। ਤੂੰ ਕੱਲ੍ਹ ਨੂੰ ਦੋ ਵਜੇ ਤੋਂ ਬਾਅਦ ਖਮਾਣੋਂ ਮੇਰੇ ਬੈਂਕ ‘ਚ ਆ ਜਾਵੀਂ। ਆਪਾਂ ਵੀ ਜਾ ਆਵਾਂਗੇ।” ਮੈਂ ਉਸ ਨੂੰ ਹਾਮੀ ਭਰ ਦਿੱਤੀ।
ਦੂਸਰੇ ਦਿਨ ਤਕਰੀਬਨ ਦੋ ਕੁ ਵਜੇ ਮੈਂ ਉਸ ਕੋਲ ਬੈਂਕ ਚਲਾ ਗਿਆ। ਖਮਾਣੋਂ ਤੋਂ ਪਰ੍ਹੇ ਉਸ ਦੀ ਭੈਣ ਦਾ ਪਿੰਡ ਸੀ। ਮੁੰਡਾ ਸੋਹਣਾ ਸੁਨੱਖਾ ਤੇ ਜਵਾਨ ਸੀ। ਚਾਹ ਪਾਣੀ ਪੀਣ ਤੋਂ ਬਾਅਦ ਅਸੀਂ ਮੁੜ ਕੇ ਫੇਰ ਖਮਾਣੋਂ ਆਏ ਤਾਂ ਮੇਰਾ ਦੋਸਤ ਕਹਿਣ ਲੱਗਾ, ‘ਆ ਯਾਰ ਮੈਂ ਤੈਨੂੰ ਇਕ ਬਾਬੇ ਕੋਲ ਲੈ ਚੱਲਾਂ। ਉਹ ਸੱਟਾ ਦੱਸਦਾ ਹੈ। ਮੈਂ ਕਈ ਵਾਰ ਉਸ ਕੋਲ ਜਾ ਕੇ ਆਇਆ ਹਾਂ। ਉਸ ਦਾ ਦੱਸਿਆ ਨੰਬਰ ਨਿਕਲ ਆਉਂਦਾ ਹੈ।’ ਮੈਂ ਉਸ ਨੂੰ ਕਿਹਾ, ‘ਯਾਰ ਕਮਾਲ ਹੋ ਗਈ। ਤੂੰ ਬੀ ਏ ਤੱਕ ਪੜ੍ਹਿਆਂ ਏਂ। ਬੈਂਕ ਵਿੱਚ ਨੌਕਰੀ ਕਰਦਾ ਹੈ, ਤੂੰ ਅਜੇ ਵੀ ਜੂਆ ਦੱਸਣ ਵਾਲਿਆਂ ਕੋਲ ਜਾਂਦਾ ਏਂ। ਹੁਣ ਤਾਂ ਤਨਖਾਹਾਂ ਹੀ ਬਹੁਤ ਹਨ।’ ਉਹ ਕਹਿੰਦਾ, ‘ਜੇ ਇਕ ਰੁਪਏ ਦੇ ਸੌ ਬਣ ਜਾਣ ਤਾਂ ਕੀ ਹਰਜ ਹੈ।’
ਮੈਂ ਬਹਿਸ ਕਰਨ ਦੀ ਬਜਾਏ ਚੁੱਪ ਕਰ ਗਿਆ। ਉਸ ਨੇ ਗਲੀਆਂ ਦੇ ਕਈ ਮੋੜ ਮੁੜ ਕੇ ਇਕ ਮਕਾਨ ਕੋਲ ਜਾ ਕੇ ਸਕੂਟਰ ਰੋਕ ਲਿਆ। ਸਕੂਟਰ ਗਲੀ ਦੇ ਇਕ ਪਾਸੇ ਖੜਾ ਕਰ ਕੇ ਅਸੀਂ ਅੰਦਰ ਚਲੇ ਗਏ। ਮਕਾਨ ਦੇ ਪਿਛਲੇ ਪਾਸੇ ਉਹ ਬਾਬਾ ਧੂਣੀ ਧੁਖਾਈ ਬੈਠਾ ਸੀ। ਇਕ ਆਮ ਜਿਹੇ ਵਰਾਂਡੇ ਵਿੱਚ ਉਸ ਨੇ ਕਈ ਸਾਧੂਆਂ ਤੇ ਜੋਗੀਆਂ ਦੀਆਂ ਫੋਟੋਆਂ ਲਾ ਰੱਖੀਆਂ ਸਨ। ਫੋਟੋ ਅੱਗੇ ਧੂਫਾਂ ਵੀ ਲਾਈਆਂ ਹੋਈਆਂ ਸਨ।
ਬਾਬਾ ਸਾਨੂੰ ਵੇਖ ਕੇ ਬੜਾ ਖੁਸ਼ ਹੋਇਆ, ਜਿਵੇਂ ਦੁਕਾਨਦਾਰ ਗਾਹਕ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਮੇਰੇ ਦੋਸਤ ਨੇ ਜੇਬ ‘ਚੋਂ ਬਟੂਆ ਕੱਢ ਕੇ ਪੰਜਾਹ ਦੇ ਨੋਟ ਦਾ ਮੱਥਾ ਟੇਕ ਦਿੱਤਾ। ਨਾ ਚਾਹੁੰਦਿਆਂ ਮਜਬੂਰੀ ‘ਚ ਮੈਨੂੰ ਵੀ ਦਸ ਰੁਪਏ ਦਾ ਮੱਥਾ ਟੇਕਣਾ ਪਿਆ। ਬਾਬੇ ਦੇ ਸਿਰ ਤੇ ਜਟਾਂ ਦਾ ਟੋਕਰਾ ਸੀ। ਲਾਲ ਰੰਗ ਦਾ ਲੰਗੋਟ ਪਾਈ ਉਹ ਬਿਨਾਂ ਕੱਪੜਿਆਂ ਤੋਂ ਬੈਠਾ ਸੀ। ਉਹ ਕਦੇ ਸਿਗਰਟ ਤੇ ਕਦੇ ਚਿਲਮ ਪੀਣ ਲੱਗ ਜਾਂਦਾ। ਮੱਥਾ ਟੇਕਣ ਪਿੱਛੋਂ ਮੇਰਾ ਸਰੀਰ ਭਾਰਾ-ਭਾਰਾ ਜਿਹਾ ਹੋਣ ਲੱਗ ਗਿਆ। ਮੈਂ ਬਾਬੇ ਨੂੰ ਕਿਹਾ ਕਿ ਬਾਬਾ ਮੇਰਾ ਸਰੀਰ ਭਾਰਾ-ਭਾਰਾ ਜਿਹਾ ਹੋਣ ਲੱਗ ਗਿਆ ਹੈ। ਉਹ ਕਹਿੰਦਾ, ‘ਤੂੰ ਬਾਣੀ ਪੜ੍ਹਦਾ ਹੋਵੇਗਾ। ਗੁਰਬਾਣੀ ਪੜ੍ਹਨ ਵਾਲਿਆਂ ਨਾਲ ਹੋ ਹੀ ਜਾਂਦਾ ਹੈ।’ ਇਹ ਗੱਲ ਸੱਚ ਹੈ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਜਗ੍ਹਾ ‘ਤੇ ਮੱਥਾ ਨਹੀਂ ਟੇਕ ਸਕਦਾ। ਉਹ ਬਾਬਾ ਮੇਰੇ ਦੋਸਤ ਨੂੰ ਕਹਿਣ ਲੱਗਾ, ‘ਮੈਂ ਤੈਨੂੰ ਇਕ ਦਿਨ ਕਾਰ ਵਾਲਾ ਬਣਾ ਦੇਣਾ ਹੈ।’ ਮੇਰਾ ਦੋਸਤ ਵੀ ਕਾਰ ਵਾਲੀ ਗੱਲ ਸੁਣ ਕੇ ਖੁਸ਼ ਹੋ ਗਿਆ।
ਉਹ ਆਪਸ ਵਿੱਚ ਗੱਲਾਂ ਕਰੀ ਜਾਂਦੇ ਸਨ। ਮੈਂ ਚੁੱਪ ਕਰਕੇ ਸੁਣੀ ਜਾਂਦਾ ਸਾਂ। ਸਿਗਰਟ ਦੇ ਧੂੰਏਂ ਵਿੱਚ ਬੈਠਣਾ ਮੈਨੂੰ ਬਹੁਤ ਔਖਾ ਹੋ ਗਿਆ। ਮੈਂ ਆਪਣੇ ਦੋਸਤ ਨੂੰ ਚੱਲਣ ਦਾ ਇਸ਼ਾਰਾ ਕੀਤਾ। ਉਹ ਬਾਬੇ ਨੂੰ ਕਹਿਣ ਲੱਗਾ, ‘ਚੰਗਾ ਬਾਬਾ ਦਸ ਫੇਰ ਨੰਬਰ ਕਿੰਨੇ ‘ਤੇ ਲਾਈਏ ਅਤੇ ਨਾਲ ਮੇਰਾ ਵੀ ਜ਼ਿਕਰ ਕਰ ਕੇ ਕਿਹਾ ਕਿ ਬਾਬਾ ਜੀ ਏਹ ਮੇਰਾ ਦੋਸਤ ਹੈ, ਇਸ ਨੇ ਵੀ ਲਾਉਣਾ ਹੈ। ਪੱਕਾ ਨੰਬਰ ਦੱਸੀਂ। ਮੋਟੀ ਰਕਮ ਆ ਜਾਵੇ।’
ਬਾਬਾ ਕਹਿੰਦਾ, ‘ਤੂੰ ਲਾ ਲਵੀ, ਏਹਦੇ ਕਰਮਾਂ ਵਿੱਚ ਹੈ ਨਹੀਂ। ਜੇ ਏਹਨੇ ਲਾਇਆ ਤਾਂ ਨੰਬਰ ਨਹੀਂ ਆਉਣਾ। ਮੇਰਾ ਦੋਸਤ ਜ਼ਿੱਦ ਕਰਦਾ ਕਹਿਣ ਲੱਗਾ, ਫੇਰ ਮੈਂ ਵੀ ਨਹੀਂ ਲਾਉਣਾ, ਮੇਰਾ ਦੋਸਤ ਕੀ ਕਹੂ, ਮੈਂ ਏਹਨੂੰ ਨਾਲ ਲੈ ਕੇ ਆਇਆ ਹਾਂ।’ਮੈਂ ਕਿਹਾ, ‘ਕੋਈ ਨਾ ਯਾਰ, ਬਾਬੇ ਦੀ ਗੱਲ ਮੰਨ ਲੈ, ਸ਼ਾਇਦ ਬਾਬਾ ਠੀਕ ਕਹਿੰਦਾ ਹੋਵੇ।’Ḕ
ਨਾ ਚਾਹੁੰਦਿਆਂ ਵੀ ਬਾਬੇ ਨੇ ਮੱਲਵੀਂ ਜੀਭ ਨਾਲ ਕਹਿ ਦਿੱਤਾ ਸੀ, ‘ਚੱਲ ਏਹ ਵੀ ਲਾ ਲਵੇ।’ ਉਸ ਨੇ ਸਾਨੂੰ ਨੱਬੇ ਨੰਬਰ ਦੱਸਿਆ।Ḕ ਮੈਂ ਤਾਂ ਸੱਟੇ ਜੂਏ ਬਾਰੇ ਕੁਝ ਪਤਾ ਨਹੀਂ ਸੀ, ਪਰ ਮੇਰਾ ਦੋਸਤ ਸੱਟਾ ਲਾਉਣ ਵਾਲੇ ਨੂੰ ਜਾਣਦਾ ਸੀ। ਸਮਰਾਲੇ ਆ ਕੇ ਉਸ ਨੇ ਇਕ ਬਾਬੇ ਕੋਲ ਲਿਜਾ ਕੇ ਸਕੂਟਰ ਰੋਕਿਆ। ਜੋ ਸੜਕ ਦੇ ਇਕ ਪਾਸੇ ਫੱਟੇ ਉਤੇ ਸਿਲਾਈ ਮਸ਼ੀਨ ਰੱਖੀ ਬੈਠਾ ਸੀ। ਮੇਰੇ ਦੋਸਤ ਨੂੰ ਉਹ ਪਹਿਲਾਂ ਹੀ ਜਾਣਦਾ ਸੀ। ਆਸੇ ਪਾਸੇ ਵੇਖ ਦੋਸਤ ਨੇ ਬਾਬੇ ਨੂੰ ਢਾਈ ਸੌ ਰੁਪਏ ਫੜਾਉਂਦੇ ਹੋਏ ਨੱਬੇ ਨੰਬਰ ਲਾਉਣ ਲਈ ਕਿਹਾ ਤੇ ਨਾਲ ਮੈਨੂੰ ਵੀ ਕਹਿ ਦਿੱਤਾ ਕਿ ਤੂੰ ਇਕ ਵਾਰੀ ਲਾ ਕੇ ਤਾਂ ਵੇਖ। ਮੇਰੇ ਕੋਲ ਡੇਢ ਸੌ ਰੁਪਿਆ ਸੀ। ਮੈਂ ਮਗਰ ਲੱਗ ਕੇ ਬਾਬੇ ਦੇ ਹੱਥ Ḕਤੇ ਡੇਢ ਸੌ ਰੁਪਏ ਧਰ ਦਿੱਤੇ। ਮੇਰਾ ਦੋਸਤ ਫੇਰ ਖੁਸ਼ ਹੁੰਦਾ ਕਹਿਣ ਲੱਗਾ, ‘ਇਕ ਰੁਪੈ ਦਾ ਸੌ ਰੁਪਿਆ ਦਿੰਦੇ ਨੇ, ਜੇ ਨੰਬਰ ਲੱਗ ਗਿਆ, ਵਾਰੇ ਨਿਆਰੇ ਹੋ ਜਾਣਗੇ।Ḕ ਬਟੂਆ ਭਰਨ ਦੀ ਆਸ ਨਾਲ ਮੈਂ ਖਾਲੀ ਬਟੂਆ ਲੈ ਕੇ ਘਰ ਆ ਗਿਆ। ਮੈਂ ਡਰਦੇ ਨੇ ਪਤਨੀ ਨਾਲ ਵੀ ਗੱਲ ਨਾ ਕੀਤੀ। ਦੂਸਰੇ ਦਿਨ ਸਵੇਰੇ ਐਤਵਾਰ ਨੂੰ ਨੰਬਰ ਆ ਜਾਣਾ ਸੀ।
ਮੇਰੇ ਦੋਸਤ ਦਾ ਤਾਂ ਪਤਾ ਨਹੀਂ ਕਦੋਂ ਗਿਆ ਹੋਵੇਗਾ, ਪਰ ਮੈਂ ਸੋਮਵਾਰ ਨੂੰ ਬਾਬੇ ਕੋਲ ਗਿਆ। ਬਾਬੇ ਨੂੰ ਵੇਖਣ ਤੋਂ ਇੰਜ ਲੱਗਦਾ ਸੀ ਜਿਵੇਂ ਉਹ ਜਵਾਨੀ ਵੇਲੇ ਚੰਗੀ ਦਿੱਖ ਵਾਲਾ ਸੋਹਣਾ ਸਨੁੱਖਾ ਤੇ ਪੂਰਾ ਜਵਾਨ ਹੋਵੇਗਾ। ਲੰਮਾ ਕੱਦ, ਤਿੱਖਾ ਨੱਕ, ਗੋਰਾ ਨਿਸ਼ੋਹ ਰੰਗ, ਲੰਮੀ ਦਾਹੜੀ, ਗਰੀਬੀ ਹਾਲਤ ਦੇ ਪਿੱਛੇ ਅਜੇ ਚੰਗੀ ਝਲਕ ਰਹੀ ਸੀ। ਮੈਂ ਸਕੂਟਰ ਸਟੈਂਡ Ḕਤੇ ਲਾ ਕੇ ਬਾਬੇ ਕੋਲ ਜਾ ਕੇ ਖੜ ਗਿਆ। ਬਾਬੇ ਨੇ ਪੁੱਛਿਆ, ‘ਪੁੱਤ ਕਿਵੇਂ ਆਉਣਾ ਹੋਇਆ।Ḕ ਮੈਂ ਦੱਸਿਆ, ‘ਬਾਬਾ ਜੀ, ਅਸੀਂ ਪਰਸੋਂ ਨੱਬੇ ਨੰਬਰ ਲਾ ਕੇ ਲੈ ਗਏ ਸਾਂ। ਨੰਬਰ ਆਇਆ ਕਿ ਨਹੀਂ। ਬਾਬਾ ਮੇਰੇ ਮੋਢੇ Ḕਤੇ ਹੱਥ ਰੱਖ ਕੇ ਬੜਾ ਦੁਖੀ ਜਿਹਾ ਹੋ ਕੇ ਬੋਲਿਆ, ‘ਪੁੱਤ ਤੂੰ ਅੱਗੇ ਵੀ ਨੰਬਰ ਲਾਇਆ?Ḕ ਮੈਂ ਕਿਹਾ, ‘ਨਹੀਂ ਬਾਬਾ, ਪਹਿਲੀ ਵਾਰੀ ਲਾਇਆ ਸੀ।Ḕ ਉਹ ਕਹਿਣ ਲੱਗਾ, ‘ਪੁੱਤ ਮੈਂ ਤਾਂ ਸੋਚਿਆ ਸੀ ਕਿ ਤੁਸੀਂ ਕਿਸੇ ਤੋਂ ਪੱਕਾ ਨੰਬਰ ਪੁੱਛ ਕੇ ਆਏ ਹੋਵੋਗੇ। ਤੁਹਾਡੇ ਮਗਰ ਲੱਗ ਕੇ ਮੈਂ ਵੀ ਤਿੰਨ ਸੌ ਰੁਪਿਆ ਫੂਕ ਦਿੱਤਾ। ਕੱਲ੍ਹ ਨਹੀਂ, ਨੱਬੇ ਨੰਬਰ ਅੱਜ ਆਇਆ ਹੈ।’
ਫੇਰ ਉਹ ਪੁੱਛਣ ਲੱਗਾ, ‘ਪੁੱਤਰ ਤੂੰ ਕੰਮ ਕੀ ਕਰਦਾ ਹੈ।’ ਮੈਂ ਕਿਹਾ, ‘ਬਾਬਾ ਸਰਕਾਰੀ ਮੁਲਾਜ਼ਮ ਹਾਂ।’ ਉਸ ਨੇ ਕਿਹਾ, ‘ਪੁੱਤ, ਮੈਂ ਤੇਰੇ ਮੂਹਰੇ ਦੋਵੇਂ ਹੱਥ ਜੋੜਦਾਂ, ਵੇਖ ਤੂੰ ਨੌਕਰੀ ਕਰਦਾ, ਤਨਖਾਹ ਮਿਲਦੀ ਹੈ। ਮੈਂ ਵੀ ਤੇਰੀ ਉਮਰ ਦਾ ਸੀ, ਬੱਸ ਕਿਸੇ ਦੇ ਮਗਰ ਲੱਗ ਕੇ ਨੰਬਰ ਲਾਉਣ ਲੱਗ ਗਿਆ। ਇਸ ਜੂਏ ਦੀ ਮਾਰ ਨਾਲ ਮੈਂ ਬਰਬਾਦ ਹੋ ਗਿਆਂ। ਮੇਰਾ ਮਕਾਨ ਵੀ ਵਿਕ ਗਿਆ। ਮੈਂ ਕਿਰਾਏ ‘ਤੇ ਰਹਿੰਦਾ ਹਾਂ। ਮੇਰਾ ਦਰਜੀ ਦਾ ਕੰਮ ਪੂਰਾ ਚੱਲਦਾ ਸੀ। ਆਹ ਵੇਖ ਲੈ, ਹੁਣ ਸੜਕ Ḕਤੇ ਬੈਠਾ ਕੱਛੇ, ਕਛਿਹਰੇ ਬਣਾ ਕੇ ਮਾੜਾ ਮੋਟਾ ਰੋਟੀ ਜੋਗਾ ਕੰਮ ਕਰਦਾ ਹਾਂ। ਭੁੱਖ ਨੰਗ ਨਾਲ ਘੁਲਦਾ ਹਾਂ। ਦੋਵੇਂ ਮੁੰਡੇ ਸਾਥ ਛੱਡ ਗਏ। ਪਤਨੀ ਇਲਾਜ ਤੋਂ ਬਿਨਾਂ ਮਰ ਗਈ, ਪਰ ਜੂਆ ਨਾ ਛੱਡਿਆ। ਇਹ ਲਲ੍ਹਕ ਇਕ ਵਾਰੀ ਪੈ ਜਾਵੇ, ਇਸ ਤੋਂ ਖਹਿੜਾ ਛੁਡਾਉਣਾ ਔਖਾ। ਸਿਆਣੇ ਕਹਿੰਦੇ ਨੇ ‘ਜੂਆ ਕਿਸੇ ਕਾ ਨਾ ਹੂਆ।’ ਪੁੱਤ ਮੇਰੀ ਹਾਲਤ ਵੇਖ ਲੈ। ਅੱਜ ਤੋਂ ਬਾਅਦ ਨੰਬਰ ਨਾ ਲਾਈਂ। ਪੁੱਤ ਬਣ ਕੇ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਲਿਖਾ। ਇਹ ਆਦਤ ਪਾ ਕੇ ਆਪਣੀ ਤੇ ਆਪਣੇ ਪਰਵਾਰ ਦੀ ਜ਼ਿੰਦਗੀ ਬਰਬਾਦ ਨਾ ਕਰ, ਹੋਰ ਨਾ ਮੇਰੇ ਵਾਂਗੂੰ ਤੈਨੂੰ ਵੀ ਰੁਲਣਾ ਪਵੇ।’
ਬਾਬੇ ਦੇ ਮੂੰਹੋਂ ਸੱਚੀ ਕਹਾਣੀ ਸੁਣ ਕੇ ਮੈਂ ਡਰ ਨਾਲ ਕੰਬਣ ਲੱਗ ਗਿਆਂ। ਮੈਂ ਕਿਹਾ ਬਾਬਾ ਜੀ, ‘ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ।Ḕ