ਸੱਜਣ-ਕੈਪਟਨ ਕੇਸ ‘ਚ ਪੰਜਾਬੀ ਸਿੱਖਾਂ ਦਾ ਨੁਕਸਾਨ

zzzzzzzz-300x1111ਪੰਜਾਬੀ ਸਿੱਖ ਕਮਿਉਨਿਟੀ ਨਾਲ ਸਬੰਧਿਤ ਦੋ ਫੌਜੀ ਸਿੱਖਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਕਾਰਣ ਸਮੂਹ ਸਿੱਖ ਭਾਈਚਾਰਾ ਖਾਂਸ ਕਰਕੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਕਾਫੀ ਪਰੇਸ਼ਾਨ ਹਨ। ਅਮਰਿੰਦਰ ਸਿੰਘ ਅਤੇ ਉਸਦੇ ਸਮੂਹ ਮੰਤਰੀ ਮੰਡਲ ਵੱਲੋਂ ਹਰਜੀਤ ਸਿੰਘ ਸੱਜਣ ਦੇ ਪੰਜਾਬ ਦੌਰੇ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਪੰਜਾਬ ਸਰਕਾਰ ਵੱਲੋਂ ਹਰਜੀਤ ਸੱਜਣ ਦੇ ਰੁਤਬੇ ਅਨੁਸਾਰ ਪੰਜਾਬ ਵਿੱਚ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਈ/ਜੂਨ 2016 ਵਿੱਚ ਆਪਣਾ ਕੈਨੇਡਾ ਦੌਰਾ ਇਸ ਲਈ ਰੱਦ ਕਰਨਾ ਪਿਆ ਸੀ ਕਿਉਂਕਿ ਸਿੱਖਜ਼ ਫਾਰ ਜਸਟਿਸ ਨੇ ਉਸਦੀ ਸਿਆਸੀ ਸਰਗਰਮੀਆਂ ਰੋਕਣ ਲਈ ਕਨੂੰਨੀ ਘੁਣਤਰਾਂ ਦਾ ਸਹਾਰਾ ਲੈ ਲਿਆ ਸੀ। ਪੰਜਾਬ ਦੇ ਹੋਰ ਸਿਆਸੀ ਆਗੂਆਂ ਵਾਗੂੰ ਉਸਨੇ ਕੈਨੇਡਾ ਵਿੱਚ ਸਿਆਸੀ ਸਮਰੱਥਨ ਹਾਸਲ ਕਰਨ ਲਈ ਆਉਣਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਨਾ ਆ ਸੱਕਣ ਦੀ ਗੱਲ ਨੂੰ ਖਾਲਿਸਤਾਨੀ ਗਰੁੱਪਾਂ ਦੀ ਜਿੱਤ ਸਮਝ ਕੇ ਨਮੋਸ਼ੀ ਦਾ ਘੁੱਟ ਪੀਤਾ। ਜਿਵੇਂ ਆਖਦੇ ਹਨ ਕਿ ਸਾਵਣ ਦੇ ਅੰਨੇ ਨੂੰ ਹਰਾ ਹੀ ਹਰਾ ਵਿਖਾਈ ਦੇਂਦਾ ਹੈ, ਅਮਰਿੰਦਰ ਸਿੰਘ ਲਈ ਕੈਨੇਡਾ ਦੀ ਸਰਕਾਰ ਨਾਲ ਜੁੜਿਆ ਹਰ ਸਿਆਸੀ ਸਿੱਖ ਖਾਲਸਤਾਨੀ ਬਣ ਗਿਆ। ਉਸਦੀ ਇਹ ਸੋਚ ਸਹੀ ਨਹੀਂ ਹੈ।

ਹਰਜੀਤ ਸਿੰਘ ਸੱਜਣ ਦਾ ਐਨਾ ਕਸੂਰ ਜਰੂਰ ਹੈ ਕਿ ਉਹ ਉਸ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਹੈ ਜਿਸਨੇ ਭਾਰਤ ਜਿਹੇ ਵੱਡੇ ਦੀ ਇੱਕ ਸਿਆਸੀ ਪਾਰਟੀ ਦੇ ਆਗੂ ਨਾਲ ਹੋਏ ਵਤੀਰੇ ਉੱਤੇ ਚੁੱਪ ਧਾਰਨ ਕਰ ਰੱਖੀ। ਪਰ ਹਰਜੀਤ ਸੱਜਣ ਨਿੱਜੀ ਰੂਪ ਵਿੱਚ ਕਿਸੇ ਖਾਲਸਤਾਨੀ ਸੋਚ ਨਾਲ ਜੁੜੇ ਹੋਏ ਹਨ, ਕੈਪਟਨ ਦਾ ਇਹ ਦੋਸ਼ ਰਾਈ ਦਾ ਪਹਾੜ ਬਣਾਉਣ ਬਰਾਬਰ ਹੋਵੇਗਾ। ਸਹੀ ਹੈ ਕਿ ਸੱਜਣ ਦੇ ਪਰਿਵਾਰ ਦੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨਾਲ ਸਬੰਧ ਜੁੜੇ ਰਹੇ ਹਨ ਜੋ ਕਿਸੇ ਵੇਲੇ ਸਿੱਖਾਂ ਲਈ ਵੱਖਰੇ ਦੇਸ਼ ਦੀ ਮੰਗ ਦਾ ਸਾਥ ਦੇਂਦੀ ਰਹੀ ਹੈ। ਪਰ ਸੱਚ ਇਹ ਵੀ ਹੈ ਕਿ ਅੱਜ ਇਸ ਸੰਸਥਾ ਦੇ ਜਨਤਕ ਅਕਸ ਵਿੱਚ ਬਹੁਤ ਬਦਲਾਅ ਆ ਚੁੱਕਾ ਹੈ। ਇਸ ਪੱਖ ਤੋਂ ਵੇਖਿਆਂ ਤਾਂ ਕੈਬਨਟ ਮੰਤਰੀ ਨਵਦੀਪ ਸਿੰਘ ਬੈਂਸ ਦਾ ਪਰਿਵਾਰ ਵੀ ਕਿਸੇ ਵੇਲੇ ਖਾਲਸਤਾਨੀ ਮੂਵਮੈਂਟ ਨਾਲ ਜੁੜਿਆ ਰਿਹਾ ਹੈ ਲੇਕਿਨ ਹੁਣ ਗੱਲ ਹੋਰ ਹੈ। ਨਵਦੀਪ ਬੈਂਸ ਦੋ ਵਾਰ ਬਿਨਾ ਕਿਸੇ ਰੋਕ ਟੋਕ ਤੋਂ ਦੋ ਵਾਰ ਭਾਰਤ ਦਾ ਸਫ਼ਲ ਦੌਰਾ ਕਰ ਚੁੱਕਿਆ ਹੈ।

ਕੈਪਟਨ ਅਮਰਿੰਦਰ ਦਾ ਵਿਰੋਧ ਪੰਜਾਬੀ ਸਿੱਖਾਂ ਲਈ ਹਾਨੀਕਾਰਕ ਹੈ। ਕੈਨੇਡੀਅਨ ਸਿਆਸਤਦਾਨਾਂ ਉੱਤੇ ਤਾਂ ਪਹਿਲਾਂ ਹੀ ਦੋਸ਼ ਲੱਗਦੇ ਰਹੇ ਹਨ ਕਿ ਭਾਰਤ ਫੇਰੀ ਦੌਰਾਨ ਉਹ ਪੰਜਾਬ ਵਿੱਚ ਸਿਰਫ਼ ਸਿੱਖ ਵੋਟਾਂ ਵਾਸਤੇ (ਦਰਬਾਰ ਸਾਹਿਬ ਮੱਥਾ ਦੇਕਣਾ ਆਦਿ) ਜਾਂਦੇ ਹਨ ਜਦੋਂ ਕਿ ਬਿਜਸਨ ਦਾ ਗੁਣੀਆ ਉਹ ਭਾਰਤ ਦੇ ਹੋਰ ਖਾਸਕਰਕੇ ਸਾਊਥ ਦੇ ਸੂਬਿਆਂ ਵਿੱਚ ਵੱਲ ਰੱਖਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੌੜੇ ਰਵਈਏ ਨਾਲ ਪੰਜਾਬ ਵਿੱਚ ਕੈਨੇਡੀਅਨ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਹੋਰ ਮੱਧਮ ਕਰ ਦਿੱਤਾ ਹੈ।

ਚੰਗਾ ਹੁੰਦਾ ਕਿ ਭਾਰਤ ਦੇ ਸਰਕਾਰੀ ਦੌਰੇ ਉੱਤੇ ਜਾਣ ਦੀ ਤਿਆਰੀ ਵਜੋਂ ਹਰਜੀਤ ਸਿੰਘ ਸੱਜਣ ਵੱਲੋਂ ਕੈਨੇਡਾ ਵਿੱਚ ਚਾਰਟਰ ਤਹਿਤ ਬੋਲਣ ਦੀ ਅਜ਼ਾਦੀ ਤੋਂ ਲੈ ਕੇ ਖਾਲਸਤਾਨ ਨਾਲ ਸਬੰਧਾਂ ਬਾਰੇ ਆਪਣੇ ਅਤੇ ਕੈਨੇਡਾ ਦੇ ਸਟੈਂਡ ਨੂੰ ਹੋਰ ਵਧੇਰੇ ਸਪੱਸ਼ਟ ਕੀਤਾ ਜਾਂਦਾ। ਇਸੇ ਤਰਾਂ ਅਮਰਿੰਦਰ ਸਿੰਘ ਨੂੰ ਨਿੱਜੀ ਕਿੜ ਵਿੱਚੋਂ ਉਪਜੇ ਲੋੜੋਂ ਵੱਧ ਸਖ਼ਤ ਸਟੈਂਡ ਦੀ ਥਾਂ ਹਮ-ਧਰਮੀ ਹਰਜੀਤ ਸੱਜਣ ਦਾ ਸੁਆਗਤ ਕਰਕੇ ਖੁੱਲ ਦਿਲੀ ਵਿਖਾਉਣ ਚਾਹੀਦੀ ਸੀ। ਬਦਲੇ ਦੀ ਭਾਵਨਾ ਥੋੜ ਚਿਰੀ ਜਿੱਤ ਪ੍ਰਦਾਨ ਕਰਦੀ ਹੈ ਜਦੋਂ ਕਿ ਮੁਆਫੀ ਦਾ ਜ਼ਜਬਾ ਚਿਰਸਥਾਈ ਨਤੀਜੇ ਦੇਂਦਾ ਹੈ।

ਅਮਰਿੰਦਰ ਸਿੰਘ ਦੀ ਸਖਸਿ਼ਅਤ ਵਿੱਚ ਕੜਵਾਹਟ ਵਾਲੀ ਰਾਜਨੀਤੀ ਦਾ ਮਾਦਾ ਮੌਜੂਦ ਹੈ। ਹਾਲ ਵਿੱਚ ਹੋਈਆਂ ਪੰਜਾਬ ਚੋਣਾਂ ਦੌਰਾਨ ਉਸਨੇ ਕੈਨੇਡਾ ਸਮੇਤ ਹੋਰ ਮੁਲਕਾਂ ਤੋਂ ਗਏ ਹਜ਼ਾਰਾਂ ਦੀ ਗਿਣਤੀ ਵਿੱਚ ਗਏ ਸਿਆਸੀ ਵਾਲੰਟੀਅਰਾਂ ਨੂੰ ਕੈਦ ਵਿੱਚ ਸੁੱਟਣ ਦੀ ਗੱਲ ਕੀਤੀ ਸੀ। ਕਾਰਣ ਕਿ ਉਹ ਸ਼ਾਇਦ ਕੈਪਟਨ ਦੀ ਕਾਂਗਰਸ ਦਾ ਸਾਥ ਨਹੀਂ ਸੀ ਦੇ ਰਹੇ। ਨਾ ਕੈਪਟਨ ਦੀ ਮੁੱਖ ਮੰਤਰੀ ਦੀ ਕੁਰਸੀ ਸਥਾਈ ਹੈ ਅਤੇ ਨਾ ਹੀ ਉਸਦੇ ਸਿਆਸੀ ਵਿਰੋਧੀਆਂ ਦੀ ਹਾਰ ਸਥਾਈ ਹੈ। ਨਿੱਤ ਬਦਲ ਰਹੇ ਸਿਆਸੀ ਸਮੀਕਰਣਾਂ ਵਿੱਚ ਭਾਈਚਾਰੇ ਦੇ ਵੱਡੇ ਹਿੱਤਾਂ ਨੂੰ ਨੁਕਸਾਨ ਕਰਨ ਨੂੰ ਕਦੇ ਵੀ ਸਹੀ ਨਹੀਂ ਆਖਿਆ ਜਾ ਸਕਦਾ। ਬੇਸ਼ੱਕ ਮਜਬੂਰੀ ਵਿੱਚ ਹੀ ਸਹੀ, ਜਿਵੇਂ ਕੈਨੇਡਾ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੈਨੇਡਾ ਆਉਣ ਉੱਤੇ ਸੁਆਗਤ ਕਰਨ ਦਾ ਜਜ਼ਬਾ ਵਿਖਾਇਆ ਹੈ, ਉਵੇਂ ਹੀ ਕੈਪਟਨ ਅਮਰਿੰਦਰ ਸਿੰਘ ਆਪਣੀ ਸੌੜੀ ਪਹੁੰਚ ਤੋਂ ਕਿਨਾਰਾਕਸ਼ੀ ਕਰਕੇ ਬਹੁਤ ਵੱਡਾ ਬਣ ਸਕਦਾ ਸੀ ਅਤੇ ਸਮੁੱਚੀ ਕਮਿਉਨਿਟੀ ਲਈ ਨਮੋਸ਼ੀ ਬਣਨ ਤੋਂ ਬਚ ਸਕਦਾ ਸੀ।