ਸੱਚੇ ਸੌਦੇ ਵਾਲੇ ਡੇਰਾ ਸਲਾਬਤਪੁਰਾ ਦੇ ਮੁਖੀ ਜ਼ੋਰਾ ਸਿੰਘ ਉੱਤੇ ਅਸਲ੍ਹਾ ਐਕਟ ਦਾ ਕੇਸ ਦਰਜ

dera slabatpura
ਬਠਿੰਡਾ, 6 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਪੰਜਾਬ ਰਾਜ ਲਈ ਮੁੱਖ ਕੇਂਦਰ ਮੰਨੇ ਜਾਂਦੇ ਡੇਰਾ ਸਲਾਬਤਪੁਰਾ ਜ਼ਿਲਾ ਬਠਿੰਡਾ ਦੇ ਇੰਚਾਰਜ ਜ਼ੋਰਾ ਸਿੰਘ ਅਤੇ ਉਸ ਦੇ ਸਹਾਇਕ ਸੁਖਦੇਵ ਸਿੰਘ ਵਿਰੁੱਧ ਦਿਆਲਪੁਰਾ ਥਾਣਾ ਪੁਲਸ ਨੇ ਅਸਲ੍ਹਾ ਐਕਟ ਦਾ ਕੇਸ ਦਰਜ ਕੀਤਾ ਹੈ। ਚਾਰ ਸਤੰਬਰ 2017 ਨੂੰ ਦਰਜ ਕੀਤੀ ਗਏ ਗਏ ਇਸ ਕੇਸ ਨੂੰ ਬਠਿੰਡਾ ਪੁਲਸ ਨੇ ਆਪਣੀ ਵੈਬਸਾਈਟ ‘ਤੇ ਜਾਰੀ ਕੀਤੀ ਡੇਲੀ ਕਰਾਈਮ ਰਿਪੋਰਟ ਤੋਂ ਬਾਹਰ ਰੱਖਿਆ ਹੈ।
ਪੁਲਸ ਵੱਲੋਂ ਦਰਜ ਕੇਸ ਅਨੁਸਾਰ ਡੇਰਾ ਸਲਾਬਤਪੁਰਾ ਦੇ ਰਿਹਾਇਸ਼ੀ ਕਮਰਿਆਂ ਦੀ ਜਾਂਚ ਕੀਤੀ ਗਈ ਤਾਂ ਇਸ ਦੌਰਾਨ ਜ਼ੋਰਾ ਸਿੰਘ ਪੁੱਤਰ ਬਖਸ਼ੀ ਸਿੰਘ ਵਾਸੀ ਆਦਮਪੁਰਾ, ਜੋ ਡੇਰਾ ਸਲਾਬਤਪੁਰਾ ਦਾ ਮੁੱਖ ਪ੍ਰਬੰਧਕ ਹੈ, ਦੇ ਕਮਰੇ ‘ਚੋਂ ਗੱਦੇ ਹੇਠੋ 315 ਬੋਰ ਰਾਈਫਲ, ਜੋ ਮੋਡੀਫਾਈ ਕੀਤੀ ਹੋਈ ਹੈ, ਤੇ 66 ਜ਼ਿੰਦਾ ਰੌਂਦ ਬਰਾਮਦ ਹੋਏ ਸਨ। ਪੁਲਸ ਨੂੰ ਇਸ ਰਾਈਫਲ ਦਾ ਕੋਈ ਲਾਇਸੰਸ ਜਾਂ ਦਸਤਾਵੇਜ਼ ਨਹੀਂ ਮਿਲਿਆ। ਪੁਲਸ ਦਾ ਦਾਅਵਾ ਹੈ ਕਿ ਸੁਖਦੇਵ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪੱਖੋਕੇ ਜ਼ਿਲਾ ਸਿਰਸਾ (ਹਰਿਆਣਾ), ਜਿਸ ਨੂੰ ਡੇਰਾ ਸਿਰਸਾ ਨੇ ਇਥੇ ਸਾਧੂ ਜਦੋਂ ਤਾਇਨਾਤ ਕੀਤਾ ਹੋਇਆ ਹੈ, ਨੇ ਇਹ ਰਾਈਫਲ ਸਿਰਸਾ ਤੋਂ ਲਿਆ ਕੇ ਜ਼ੋਰਾ ਸਿੰਘ ਨੂੰ ਦਿੱਤੀ ਸੀ। ਅਸਲ੍ਹਾ ਐਕਟ ਦੀ ਉਲੰਘਣਾ ਕਰਨ ‘ਤੇ ਉਕਤ ਦੋਵਾਂ ਜਣਿਆਂ ਵਿਰੁੱਧ ਅਸਲ੍ਹਾ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਸ ਇਸ ਰਾਈਫਲ ਨੂੰ ਨਾਜਾਇਜ਼ ਦੱਸ ਰਹੀ ਹੈ ਤੇ ਜ਼ੋਰ ਸਿੰਘ ਨੇ ਪੱਤਰਕਾਰਾਂ ਨਾਲ ਫੋਨ ‘ਤੇ ਹੋਈ ਗੱਲਬਾਤ ‘ਚ ਦਾਅਵਾ ਕੀਤਾ ਕਿ ਪੁਲਸ ਵੱਲੋਂ ਜ਼ਬਤ ਕੀਤੀ ਗਈ ਰਾਈਫਲ ਲਾਇਸੰਸੀ ਹੈ, ਜੋ ਸੁਖਦੇਵ ਸਿੰਘ ਪੱਖੋਕੇ ਦੇ ਨਾਂਅ ਉੱਤੇ ਹੈ ਅਤੇ ਉਨ੍ਹਾਂ ਨੇ ਇਸ ਦਾ ਲਾਇਸੰਸ ਥਾਣਾ ਸਦਰ ਸਿਰਸਾ ਤੋਂ ਕਢਵਾ ਕੇ ਥਾਣੇਦਾਰ ਜਸਕਰਨ ਸਿੰਘ ਰਾਹੀਂ ਥਾਣਾ ਦਿਆਲਪੁਰਾ ਵਿਖੇ ਜਮ੍ਹਾਂ ਵੀ ਕਰਵਾ ਦਿੱਤਾ ਹੈ।
ਇੰਸਪੈਕਟਰ ਇੰਦਰਜੀਤ ਸਿੰਘ ਨੇ ਇਸ ਕੇਸ ਦੀ ਪੁਸ਼ਟੀ ਕਰਦਿਆਂ ਜਬਤ ਕੀਤੀ ਰਾਈਫਲ ਦਾ ਲਾਇਸੰਸ ਥਾਣੇ ਵਿੱਚ ਪਹੁੰਚਣ ਤੋਂ ਇਨਕਾਰ ਕੀਤਾ। ਜਾਣਕਾਰ ਸੂਤਰਾਂ ਮੁਤਾਬਕ ਜ਼ੋਰਾ ਸਿੰਘ ਤੇ ਇਲਾਕੇ ਦੇ ਹੋਰ ਡੇਰਾ ਪ੍ਰੇਮੀਆਂ ਨੇ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਹਮਾਇਤ ਕੀਤੀ ਸੀ, ਜਿਸ ਕਾਰਨ ਹੁਣ ਡੇਰਾ ਵਿਵਾਦ ਦੀ ਆੜ ‘ਚ ਸਿਆਸੀ ਕਿੜ ਕੱਢੀ ਜਾ ਰਹੀ ਹੈ। ਉਂਜ ਅਸਲ੍ਹਾ ਐਕਟ ਦੇ ਕੇਸ ‘ਚ ਸ਼ਾਮਲ ਦੋਵੇਂ ਜਣੇ ਜ਼ੋਰਾ ਸਿੰਘ ਅਤੇ ਸਾਧੂ ਸੁਖਦੇਵ ਸਿੰਘ ਹਾਲੇ ਡੇਰਾ ਸਲਾਬਤਪੁਰਾ ਵਿੱਚ ਹਨ, ਜਿਨ੍ਹਾਂ ਨਾਲ ਇਕ ਥਾਣੇਦਾਰ ਵੱਲੋਂ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਵੀ ਚਰਚਾ ਵਿੱਚ ਹਨ।