ਸੱਚਾ ਸੌਦਾ ਦੇ ਪੰਜਾਬ ਵਿਚਲੇ ਮੁੱਖ ਕੇਂਦਰ ਸਲਾਬਤਪੁਰਾ ਦਾ ਮੁਖੀ ਜ਼ੋਰਾ ਸਿੰਘ ਗ੍ਰਿਫਤਾਰ

zora singh
ਬਠਿੰਡਾ, 7 ਸਤੰਬਰ, (ਪੋਸਟ ਬਿਊਰੋ)- ਸਿਰਸਾ ਦੇ ਡੇਰਾ ਸੱਚਾ ਸੌਦਾ ਨਾਲ ਸੰਬੰਧਤ ਪੰਜਾਬ ਵਿਚਲੇ ਹੈੱਡ ਕੁਆਰਟਰ ਡੇਰਾ ਸਲਾਬਤਪੁਰਾ (ਬਠਿੰਡਾ) ਦੇ ਮੁੱਖ ਪ੍ਰਬੰਧਕ ਜ਼ੋਰਾ ਸਿੰਘ ਆਦਮਪੁਰਾ ਨੂੰ ਅੱਜ ਸ਼ਾਮ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ੋਰਾ ਸਿੰਘ ਨੂੰ ਦਿਆਲਪੁਰਾ ਪੁਲਿਸ ਨੇ 28 ਅਗੱਸਤ ਨੂੰ ਪਿੰਡ ਭਾਈ ਰੂਪਾ ਦਾ ਸੇਵਾ ਕੇਂਦਰ ਸਾੜਨ ਦੀ ਸਾਜ਼ਸ਼ ਰਚਣ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ। ਨਜਾਇਜ਼ ਹਥਿਆਰਾਂ ਵਾਲੇ ਕੇਸ ਵਿੱਚ ਜ਼ੋਰਾ ਸਿੰਘ ਤੇ ਉਸ ਦੇ ਇਕ ਸਾਥੀ ਸੁਖਦੇਵ ਸਿੰਘ ਵਿਰੁਧ ਤਿੰਨ ਦਿਨ ਪਹਿਲਾਂ ਦਿਆਲਪੁਰਾ ਪੁਲਿਸ ਨੇ ਆਰਮਜ਼ ਐਕਟ ਦਾ ਕੇਸ ਵੀ ਦਰਜ਼ ਕੀਤਾ ਸੀ, ਜਿਸ ਵਿਚ ਵੀ ਉਨ੍ਹਾਂ ਦੀ ਗ੍ਰਿਫ਼ਤਾਰੀ ਬਾਅਦ ਵਿੱਚ ਪਾਈ ਜਾਵੇਗੀ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ ਖਾਸ ਨੇੜਲੇ ਸਾਥੀਆਂ ਵਿਚ ਸ਼ਾਮਲ ਮੰਨਿਆ ਜਾਣ ਵਾਲਾ ਜ਼ੋਰਾ ਸਿੰਘ ਆਦਮਪੁਰਾ ਪਿਛਲੇ ਕਰੀਬ ਡੇਢ ਦਹਾਕੇ ਤੋਂ ਪੰਜਾਬ ਦੇ ਇਸ ਸਭ ਤੋਂ ਵੱਡੇ ਡੇਰੇ ਦਾ ਮੁੱਖ ਪ੍ਰਬੰਧਕ ਥਾਪਿਆ ਹੋਇਆ ਸੀ। ਇਸ ਦੀ ਖਾਸ ਗੱਲ ਇਹ ਵੀ ਹੈ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਇਸ ਹਲਕੇ ਦੇ ਵੱਡੇ ਅਕਾਲੀ ਆਗੂ ਤੇ ਜ਼ਿਲ੍ਹੇ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਇਸੇ ਜ਼ੋਰਾ ਸਿੰਘ ਨਾਲ ਤਾਲਮੇਲ ਰੱਖਦਾ ਰਿਹਾ ਹੈ। ਹਾਲੇ ਕੁਝ ਦਿਨ ਪਹਿਲਾਂ ਹਲਕਾ ਫੂਲ ਤੇ ਆਸ ਪਾਸ ਦੇ ਕਈ ਵੱਡੇ ਅਕਾਲੀ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਕੇ ਸਲਾਬਤਪੁਰਾ ਦੇ ਇਸ ਡੇਰੇ ਵਿੱਚ ਜ਼ੋਰਾ ਸਿੰਘ ਦੀ ਅਗਵਾਈ ਹੇਠ ਡੇਰਾ ਮੁਖੀ ਰਾਮ ਰਹੀਮ ਸਿੰਘ ਦੀ ਹਮਾਇਤ ਕਰਨ ਗਏ ਸਨ।
ਬੀਤੀ 28 ਅਗਸਤ ਨੂੰ ਹਰਿਆਣਾ ਵਾਸਤੇ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਜਦੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾ ਕੇ ਜੇਲ੍ਹ ਭੇਜਿਆ ਸੀ ਤਾਂ ਇਸ ਤੋਂ ਬਾਅਦ ਭੜਕੇ ਡੇਰਾ ਪ੍ਰੇਮੀਆਂ ਨੇ ਕਈ ਥਾਂ ਸਰਕਾਰੀ ਜਾਇਦਾਦਾਂ ਨੂੰ ਅੱਗ ਲਾ ਦਿਤੀ ਸੀ, ਜਿਸ ਵਿਚ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਵਿਚਲਾ ਸੇਵਾ ਕੇਂਦਰ ਵੀ ਸਾੜ ਦਿੱਤਾ ਗਿਆ ਸੀ। ਇਸ ਦੌਰਾਨ ਕੇਂਦਰ ਦਾ ਕੰਪਿਊਟਰ, ਸਕੈਨਰ, ਪ੍ਰਿੰਟਰ, ਏ ਸੀ, ਰਿਕਾਰਡ ਅਤੇ ਕੁਰਸੀਆਂ ਵੀ ਸੜ ਗਈਆਂ ਸਨ। ਫੂਲ ਦੀ ਪੁਲਿਸ ਨੇ 28 ਅਗਸਤ ਨੂੰ ਕੇਂਦਰ ਦੇ ਸੁਰੱਖਿਆ ਮੁਲਾਜ਼ਮ ਸੁਖਵਿੰਦਰ ਸਿੰਘ ਦੇ ਬਿਆਨਾਂ ਉੱਤੇ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਲਈ ਭਾਈਰੂਪਾ ਦੇ ਜਗਜੀਵਨ ਸਿੰਘ ਅਤੇ ਅਣਪਛਾਤੇ ਲੋਕਾਂ ਵਿਰੁਧ ਕੇਸ ਦਰਜ ਕੀਤਾ ਸੀ। ਪੁਲਿਸ ਦੇ ਮੁਤਾਬਕ ਬਾਅਦ ਵਿਚ ਕੀਤੀ ਜਾਂਚ ਤੋਂ ਸਾਹਮਣੇ ਆਇਆ ਕਿ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਸ਼ ਜ਼ੋਰਾ ਸਿੰਘ ਦੀ ਅਗਵਾਈ ਹੇਠ ਰਚੀ ਗਈ ਸੀ।
ਵਰਨਣ ਯੋਗ ਹੈ ਕਿ ਇਸ ਡੇਰੇ ਦੀ ਮੁੜ ਲਈ ਗਈ ਤਲਾਸ਼ੀ ਮੌਕੇ ਮੁੱਖ ਪ੍ਰਬੰਧਕ ਜ਼ੋਰਾ ਸਿੰਘ ਦੇ ਬਿਸਤਰੇ ਹੇਠਾਂ ਇਕ ਮੋਡੀਫ਼ਾਈ ਕੀਤੀ ਹੋਈ 315 ਬੋਰ ਦੀ ਰਾਈਫ਼ਲ ਬਰਾਮਦ ਹੋਈ ਸੀ, ਜਿਹੜੀ ਹਰਿਆਣਾ ਵਿਚਲੇ ਸਿਰਸਾ ਜ਼ਿਲ੍ਹੇ ਦੇ ਪਿੰਡ ਪੱਖੋ ਦੇ ਸੁਖਦੇਵ ਸਿੰਘ ਨੇ ਲਿਆ ਕੇ ਦਿਤੀ ਸੀ ਤੇ ਜਿਸ ਨੂੰ ਨਿਯਮਾਂ ਤੋਂ ਉਲਟ ਮੋਡੀਫਾਈ ਕੀਤਾ ਗਿਆ ਸੀ।