ਸੰਸਦੀ ਨਿਯਮਾਂ ਵਿੱਚ ਤਬਦੀਲੀ ਦੀ ਲਿਬਰਲਾਂ ਵੱਲੋਂ ਕੀਤੀ ਜਾ ਰਹੀ ਕੋਸਿ਼ਸ਼ ਖਿਲਾਫ ਵਿਰੋਧੀ ਧਿਰਾਂ ਨੇ ਮੋਰਚਾ ਖੋਲ੍ਹਿਆ

Fullscreen capture 462017 81241 AMਓਟਵਾ, 5 ਅਪਰੈਲ (ਪੋਸਟ ਬਿਊਰੋ) : ਹਾਊਸ ਆਫ ਕਾਮਨਜ਼ ਦੇ ਨਿਯਮਾਂ ਵਿੱਚ ਸੰਭਾਵੀ ਤਬਦੀਲੀ ਦੇ ਸੰਕੇਤ ਤੋਂ ਬਾਅਦ ਆਈ ਖੜੋਤ ਨੂੰ ਖਤਮ ਕਰਨ ਲਈ ਫੈਡਰਲ ਕੰਜ਼ਰਵੇਟਿਜ਼ ਤੇ ਐਨਡੀਪੀ ਵੱਲੋਂ ਵਿਸੇ਼ਸ਼ ਕਮੇਟੀ ਕਾਇਮ ਕੀਤੇ ਜਾਣ ਦਾ ਪ੍ਰਸਤਾਵ ਪੇਸ਼ ਕੀਤਾ ਜਾ ਰਿਹਾ ਹੈ।

ਗਵਰਮੈਂਟ ਹਾਊਸ ਲੀਡਰ ਬਰਦੀਸ਼ ਚੱਗੜ ਨੂੰ ਭੇਜੀ ਇੱਕ ਖੁੱਲ੍ਹੀ ਚਿੱਠੀ ਵਿੱਚ ਵਿਰੋਧੀ ਧਿਰ ਦੇ ਹਾਊਸ ਲੀਡਰਜ਼ ਨੇ ਸਾਬਕਾ ਪ੍ਰਧਾਨ ਮੰਤਰੀ ਜੀਨ ਕ੍ਰੈਚੀਅਨ ਦੇ ਵੇਲਿਆਂ ਨੂੰ ਚੇਤੇ ਕਰਨ ਦਾ ਸੁਝਾਅ ਵੀ ਦਿੱਤਾ ਹੈ। ਕੰਜ਼ਰਵੇਟਿਵ ਕੈਂਡਿਸ ਬਰਜਨ ਤੇ ਐਨਡੀਪੀ ਦੇ ਮੁਰੇ ਰੈਨਕਿਨ ਨੇ ਚੱਗੜ ਨੂੰ ਲਿਖੀ ਚਿੱਠੀ ਵਿੱਚ ਆਖਿਆ ਹੈ ਕਿ ਜੀਨ ਕ੍ਰੈਚੀਅਨ ਨੇ ਆਪਣੇ ਕਾਰਜਕਾਲ ਵਿੱਚ ਹਾਊਸ ਆਫ ਕਾਮਨਜ਼ ਦੀ ਕਾਰਵਾਈ ਨੂੰ ਆਧੁਨਿਕ ਢੰਗ ਨਾਲ ਚਲਾਉਣ ਤੇ ਇਸ ਦੇ ਕੰਮਕਾਜ ਵਿੱਚ ਸੁਧਾਰ ਕਰਨ ਲਈ 2001-2003 ਤੱਕ ਇੱਕ ਵਿਸ਼ੇਸ਼ ਕਮੇਟੀ ਕਾਇਮ ਕੀਤੀ ਸੀ।
ਕਮੇਟੀ ਵਿੱਚ ਡਿਪਟੀ ਸਪੀਕਰ ਤੇ ਹਰੇਕ ਮਾਨਤਾ ਪ੍ਰਾਪਤ ਪਾਰਟੀ ਦਾ ਇੱਕ-ਇੱਕ ਮੈਂਬਰ ਲਿਆ ਗਿਆ ਸੀ। ਕਮੇਟੀ ਨੂੰ ਸਾਰੀਆਂ ਪਾਰਟੀਆਂ ਦੀ ਆਮ ਸਹਿਮਤੀ ਨਾਲ ਚਲਾਇਆ ਜਾਂਦਾ ਸੀ ਤੇ ਕਮੇਟੀ ਨੇ ਹਾਊਸ ਨੂੰ ਛੇ ਰਿਪੋਰਟਾਂ ਵੀ ਪੇਸ਼ ਕੀਤੀਆਂ ਸਨ। ਬਰਜਨ ਤੇ ਮੁਰੇ ਨੇ ਇਸ ਗੱਲ ਉੱਤੇ ਵੀ ਨਾਖੁਸ਼ੀ ਜ਼ਾਹਿਰ ਕੀਤੀ ਹੈ ਕਿ ਸਰਕਾਰ ਹਾਊਸ ਆਫ ਕਾਮਨਜ਼ ਦੇ ਨਿਯਮਾਂ ਵਿੱਚ ਦੂਜੀਆਂ ਪਾਰਟੀਆਂ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਤਬਦੀਲੀਆਂ ਕਰਨੀਆਂ ਚਾਹੁੰਦੀ ਹੈ।
ਉਨ੍ਹਾਂ ਚਿੱਠੀ ਵਿੱਚ ਲਿਖਿਆ ਹੈ ਕਿ ਹਾਊਸ ਆਫ ਕਾਮਨਜ਼ ਦੇ ਕੰਮਕਾਜ ਦੇ ਢੰਗ ਵਿੱਚ ਸੁਧਾਰ ਕਰਨ ਲਈ ਉਹ ਗੱਲਬਾਤ ਵਾਸਤੇ ਹਮੇਸ਼ਾਂ ਤਿਆਰ ਹਨ। ਉਨ੍ਹਾਂ ਇਹ ਵੀ ਆਖਿਆ ਕਿ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਹੋਰਨਾਂ ਪਾਰਟੀਆਂ ਦੀ ਸਹਿਮਤੀ ਮਗਰੋਂ ਹੀ ਲਿਆਂਦੀ ਜਾ ਸਕਦੀ ਹੈ। ਪਿਛਲੇ ਹਫਤੇ ਭਾਵੇਂ ਹਾਊਸ ਦੀ ਛੁੱਟੀ ਚੱਲ ਰਹੀ ਸੀ ਪਰ ਕਮੇਟੀ ਸੋਮਵਾਰ ਨੂੰ ਢੁੱਕੀ ਤਾਂ ਕਿ ਲਿਬਰਲ, ਕੰਜ਼ਰਵੇਟਿਵ ਤੇ ਐਨਡੀਪੀ ਹਾਊਸ ਲੀਡਰ ਖੜੋਤ ਨੂੰ ਖ਼ਤਮ ਕਰਨ ਲਈ ਗੱਲਬਾਤ ਕਰ ਸਕਣ।
ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਉੱਤੇ ਹਨ ਕਿ ਕੀ ਹਾਊਸ ਵਿੱਚ ਤਬਦੀਲੀਆਂ ਕਰਨ ਲਈ ਲਿਬਰਲ ਆਪਣੀ ਬਹੁਗਿਣਤੀ ਦਾ ਫਾਇਦਾ ਉਠਾਉਣਗੇ ਜਾਂ ਫਿਰ ਚਿਰਾਂ ਤੋਂ ਚੱਲਦੀ ਆ ਰਹੀ ਰਵਾਇਤ ਦੀ ਪਾਲਣਾ ਕਰਦੇ ਹੋਏ ਹੋਰਨਾਂ ਪਾਰਟੀਆਂ ਨਾਲ ਤਾਲਮੇਲ ਬਿਠਾ ਕੇ ਕੋਈ ਫੈਸਲਾ ਕਰਨਗੇ।