ਸੰਵੇਦਨਸ਼ੀਲ ਪਹੁੰਚ ਦਾ ਹੱਕਦਾਰ ਹੈ ਕੈਨੇਡਾ ਦਾ ਸਿੱਖ ਭਾਈਚਾਰਾ

ਕਮਲ ਖੈਹਰਾ, ਮੈਂਬਰ ਪਾਰਲੀਮੈਂਟ ਬਰੈਂਪਟਨ ਵੈਸਟ ਅਤੇ ਪਾਰਲੀਮਾਨੀ ਸਕੱਤਰ, ਨੈਸ਼ਨਲ ਰੈਵੇਨਿਊ ਮੰਤਰੀ

ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਪਤਨੀ ਅਤੇ ਸਿਵਲ ਰਾਈਟਸ ਲੀਡਰ ਕੋਰੈਟਾ ਸਕਾਟ ਕਿੰਗ ਦਾ ਕਥਨ ਹੈ ਕਿ ਕਿਸੇ ਕਮਿਉਨਿਟੀ ਦੀ ਮਹਾਨਤਾ ਉਸਦੇ ਮੈਂਬਰਾਂ ਵੱਲੋਂ ਕੀਤੇ ਜਾਂਦੇ ਦਯਾ ਅਤੇ ਕਰੁਣਾ ਦੇ ਕਾਰਜਾਂ ਨੂੰ ਆਧਾਰ ਮੰਨ ਕੇ ਹੀ ਸਹੀ ਤਰੀਕੇ ਮਾਪੀ ਜਾ ਸਕਦੀ ਹੈ। ਜੇ ਕੈਨੇਡਾ ਵੱਸਦੇ ਸਿੱਖ ਭਾਈਚਾਰੇ ਦੇ ਸੰਦਰਭ ਵਿੱਚ ਗੱਲ ਕੀਤੀ ਜਾਵੇ ਤਾਂ ਕੋਰੈਟਾ ਸਕਾਟ ਕਿੰਗ ਦਾ ਕਥਨ ਪੂਰੇ ਦਾ ਪੂਰਾ ਲਾਗੂ ਹੁੰਦਾ ਹੈ। ਸਿੱਖ ਭਾਈਚਾਰੇ ਦੇ ਲੋਕ ਜਿੱਥੇ ਕਿਤੇ ਵੀ ਵੱਸਦੇ ਹਨ, ਉਹ ਆਪਣੀ ਦਯਾ ਅਤੇ ਕਰੁਣਾ ਲਈ ਜਾਣੇ ਹੀ ਨਹੀਂ ਜਾਂਦੇ ਸਗੋਂ ਚੰਗੀ ਤਰਾਂ ਪਹਿਚਾਣੇ ਜਾਂਦੇ ਹਨ।

ਇਸ ਬਹਾਦਰ ਕਮਿਉਨਿਟੀ ਆਪਣੀ ਵਿੱਲਖਣ ਦਿੱਖ ਕਾਰਣ ਨਸਲੀ ਵਿਤਕਰੇ ਦੀ ਮਾਰ ਦਾ ਬੋਝ ਕਾਮਾਗਾਟਾਮਾਰੂ ਦੇ ਦੁਖਾਂਤ ਤੋਂ ਲੈ ਕੇ ਹੁਣ ਝੱਲਦੀ ਆਈ ਹੈ। ਅੱਜ ਕੱਲ ਮੇਨ-ਸਟਰੀਮ ਮੀਡੀਆ ਵਿੱਚ ਚੱਲ ਰਿਹਾ ਨਾਂ-ਪੱਖੀ ਪ੍ਰਚਾਰ ਇਸਦੀ ਤਾਜ਼ੀ ਮਿਸਾਲ ਹੈ। ਸਿੱਖ ਭਾਈਚਾਰੇ ਨੂੰ ਸਿਹਰਾ ਜਾਂਦਾ ਹੈ ਕਿ ਇਸਨੇ ਹਰ ਕਿਸਮ ਦੀ ਸੱਟ ਨੂੰ ਹਲੀਮੀ ਅਤੇ ਹੌਸਲੇ ਨਾਲ ਬਰਦਾਸ਼ਤ ਹੀ ਨਹੀਂ ਕੀਤਾ ਸਗੋਂ ਹਰ ਵਾਰ ਹੋਰਾਂ ਲਈ ਮਿਸਾਲ ਬਣ ਕੇ ਉੱਭਰਿਆ ਹੈ। ਕੈਨੇਡਾ ਭਰ ਵਿੱਚ ਲੱਗਦੇ ਲੰਗਰ, ਖੂਨਦਾਨ ਕੈਂਪ, ਹਰ ਵਰਗ ਲਈ ਕੀਤੀਆਂ ਜਾਂਦੀਆਂ ਫੂਡ ਡਰਾਈਵਾਂ ਅਤੇ ਹੱਥੀਂ ਸੇਵਾ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਣਾ ਕਮਿਉਨਿਟੀ ਦੇ ਕਿਰਦਾਰ ਦਾ ਅਨਿੱਖੜਵਾਂ ਅੰਗ ਹੈ।

ਉਪਰੋਕਤ ਤੱਥ ਕੋਈ ਲੁਕੇ ਛਿਪੇ ਨਹੀਂ ਹਨ ਜਿਹਨਾਂ ਨੂੰ ਉਭਾਰਨ ਲਈ ਮੈਨੂੰ ਇਹ ਆਰਟੀਕਲ ਲਿਖਣ ਦੀ ਲੋੜ ਪੈਂਦੀ। ਲੋੜ ਬੀਤੇ ਦਿਨਾਂ ਵਿੱਚ ਨਾਂ-ਪੱਖੀ ਮੀਡੀਆ ਫੋਕਸ ਬਣੇ ਸਿੱਖ ਭਾਈਚਾਰੇ ਦੀ ਪੀੜਾ ਨੂੰ ਸਾਂਝਾ ਕਰਨ ਦੀ ਇੱਛਾ ਵਿੱਚੋਂ ਪੈਦਾ ਹੋਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ਦੌਰਾਨ ਜਸਪਾਲ ਅਟਵਾਲ ਦੀ ਹਾਜ਼ਰੀ, ਏਅਰ ਇੰਡੀਆ ਬੰਬ ਕਾਂਡ ਦੇ ਦੋਸ਼ੀ ਤਲਵਿੰਦਰ ਸਿੰਘ ਪਰਮਾਰ ਦੇ ਪੋਸਟਰਾਂ ਆਦਿ ਨੂੰ ਲੈ ਕੇ ਜੋ ਖਬਰਾਂ ਆਈਆਂ, ਮੇਰਾ ਉਹਨਾਂ ਪਿੱਛੇ ਚੱਲਦੀ ਸਿਆਸਤ ਬਾਰੇ ਜਿ਼ਕਰ ਕਰਨ ਦਾ ਵੀ ਕੋਈ ਇਰਾਦਾ ਨਹੀਂ ਹੈ। ਮੇਰਾ ਦਰਦ ਸਿਰਫ਼ ਉਸ ਸਾਧਾਰਨ, ਸਾਊ, ਇਮਾਨਦਾਰ, ਮਿਹਨਤਕਸ਼ ਅਤੇ ਕੈਨੇਡਾ ਦੀ ਵਿਭਿੰਨਤਾ ਦੇ ਬਿੰਬ ਸਿੱਖ ਭਾਈਚਾਰੇ ਪ੍ਰਤੀ ਹੈ ਜੋ ਬਿਨਾ ਕਸੂਰ ਇਹਨਾਂ ਕਿਰਿਆਵਾਂ ਦੇ ਪ੍ਰਤੀਕਰਮ ਦਾ ਸਿ਼ਕਾਰ ਹੋ ਕੇ ਰਹਿ ਗਿਆ ਹੈ।

ਮੇਰਾ ਦਰਦ ਉਸ ਪਰਿਵਾਰ ਲਈ ਹੈ ਜਿਸਦਾ ਸਕੂਲ ਵਿੱਚ ਪੜਦਾ ਬੱਚਾ ਮਾਪਿਆਂ ਨੂੰ ਸੁਆਲ ਕਰਦਾ ਹੈ ਕਿ ਖ਼ਬਰਾਂ ਦੇ ਆਧਾਰ ਉੱਤੇ ਉਸਦੀ ਪਹਿਚਾਣ ਨੂੰ ਅਤਿਵਾਦ ਨਾਲ ਜੋੜ ਕੇ ਕਿਉਂ ਵੇਖਿਆ ਜਾ ਰਿਹਾ ਹੈ? ਮੇਰਾ ਦਰਦ ਉਸ ਸਿੱਖ ਸੇਵਾਦਾਰ ਪ੍ਰਤੀ ਹੈ ਜੋ ਡਾਊਨ ਟਾਊਨ ਟੋਰਾਂਟੋ, ਵੈਨਕੂਵਰ ਜਾਂ ਹੋਰ ਥਾਵਾਂ ਉੱਤੇ ਲੋੜਵੰਦਾਂ ਲਈ ਨਿਰਸੁਆਰਥ ਭੋਜਨ ਦੀ ਸੇਵਾ ਕਰਦਾ ਹੈ ਪਰ ਖੁਦ ਨੂੰ ਇੱਕ ਦੋਸ਼ੀ ਕਮਿਉਨਿਟੀ ਦਾ ਮੈਂਬਰ ਖਿਆਲ ਕਰਦਾ ਹੈ। ਅਜਿਹਾ ਹੀ ਸੰਤਾਪ ਫੈਕਟਰੀਆਂ, ਦਫ਼ਤਰਾਂ, ਬਿਜਨਸਾਂ ਵਿੱਚ ਕੰਮ ਕਰਦੇ ਲੱਖਾਂ ਸਿੱਖ ਭਾਈਚਾਰੇ ਦੇ ਲੋਕ ਭੋਗ ਰਹੇ ਹਨ? ਇਹ ਸਹੀ ਨਹੀਂ ਹੈ ਕਿਉਂਕਿ ਉਹ ਇਸਦੇ ਹੱਕਦਾਰ ਨਹੀਂ ਹਨ।

ਮੇਰੀ ਕਿਸੇ ਵੀ ਕਿਸਮ ਦੀ ਹਿੰਸਾ ਦੇ ਦੋਸ਼ੀ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਹਿੰਸਾ ਦਾ ਕੈਨੇਡੀਅਨ ਸਮਾਜ ਵਿੱਚ ਕੋਈ ਸਥਾਨ ਨਹੀਂ ਹੈ। ਮੈਂਬਰ ਪਾਰਲੀਮੈਂਟ ਅਤੇ ਪਾਰਲੀਮਾਨੀ ਸਕੱਤਰ ਹੋਣ ਦੇ ਨਾਤੇ ਮੈਨੂੰ ਆਪਣੀ ਰਾਈਡਿੰਗ ਵਿੱਚ ਅਤੇ ਕੈਨੇਡਾ ਭਰ ਵਿੱਚ ਹਰ ਵਰਗ ਦੇ ਲੋਕਾਂ ਨੂੰ ਸਿਆਸੀ ਲਕੀਰਾਂ ਤੋਂ ਉੱਪਰ ਉੱਠ ਕੇ ਮਿਲਣ ਦਾ ਨਿੱਤ ਦਿਨ ਸੁਭਾਗ ਹਾਸਲ ਹੁੰਦਾ ਹੈ। ਮੈਂ ਡੂੰਘਾਈ ਨਾਲ ਮਹਿਸੂਸ ਕੀਤਾ ਹੈ ਕਿ ਹਰੇਕ ਕਮਿਉਨਿਟੀ ਦਾ ਇੱਕ ਵਿਸ਼ੇਸ਼ ਕਰੈਕਟਰ ਹੁੰਦਾ ਹੈ ਜੋ ਉਹਨਾਂ ਨੂੰ ਸੰਪੂਰਣ ਰੂਪ ਵਿੱਚ ਕੈਨੇਡੀਅਨ ਬਣਾਉਂਦਾ ਹੈ ਅਤੇ ਨਾਲ ਹੀ ਇੱਕ ਵਿੱਲਖਣ ਰੂਪ ਪ੍ਰਦਾਨ ਕਰਦਾ ਹੈ। ਇਹ ਗੱਲ ਸਿੱਖ ਭਾਈਚਾਰੇ ਉੱਤੇ ਉੱਨੀ ਹੀ ਸਹੀ ਢੁੱਕਦੀ ਹੈ ਜਿੰਨੀ ਕਿ ਹੋਰਾਂ ਕਮਿਉਨਿਟੀਆਂ ਉੱਤੇ। ਖੁਦ ਸਿੱਖ ਹੋਣ ਦੇ ਨਾਤੇ ਮੈਨੂੰ ਆਪਣੇ ਭਾਈਚਾਰੇ ਦੇ ਸੇਵਾ ਦੇ ਸੰਕਲਪ ਉੱਤੇ ਖਾਸ ਕਰਕੇ ਮਾਣ ਹੈ।

ਸਿੱਖ ਭਾਈਚਾਰੇ ਵਿੱਚ 1984 ਦੀ ਹਿੰਸਾ ਨੂੰ ਲੈ ਕੇ ਇੱਕ ਚੀਸ ਹੈ। ਜੇ ਕਿਸੇ ਵਿਅਕਤੀ, ਗਰੁੱਪ ਜਾਂ ਗੁੱਟ ਵੱਲੋਂ ਇਸ ਚੀਸ ਨੂੰ ਧਰਮ ਨਾਲ ਜੋੜ ਕੇ ਵੇਖਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ ਤਾਂ ਉਹ ਗਲਤ ਹੈ। ਇਸ ਚੀਸ ਨੂੰ ਅਤਿਵਾਦ ਨਾਲ ਜੋੜ ਕੇ ਵੇਖਣਾ ਹੋਰ ਵੀ ਗਲਤ ਹੈ। ਪੀੜਤ ਨੂੰ ਇਨਸਾਫ਼ ਦੁਆਉਣ ਲਈ ਆਵਾਜ਼ ਚੁੱਕਣਾ ਅਤਿਵਾਦ ਨਹੀਂ ਸਗੋਂ ਮਨੁੱਖੀ ਧਰਮ ਹੈ। ਜੇ ਅਜਿਹਾ ਨਾ ਹੁੰਦਾ ਤਾਂ 1984 ਦੀ ਹਿੰਸਾ ਵਾਸਤੇ ਇਨਸਾਫ਼ ਦੀ ਗੁਹਾਰ ਸਿਰਫ਼ ਅਤੇ ਸਿਰਫ਼ ਸਿੱਖ ਕਰ ਰਹੇ ਹੁੰਦੇ। ਪਰ ਸੱਚ ਇਹ ਹੈ ਕਿ 1984 ਦੀ ਹਿੰਸਾ ਦੇ ਪੀੜਤਾਂ ਲਈ ਇਨਸਾਫ ਵਾਸਤੇ ਹਰ ਵਰਗ ਦੇ ਲੋਕਾਂ ਨੇ ਆਵਾਜ਼ ਚੁੱਕੀ ਹੈ, ਖਾਸ-ਕਰਕੇ ਕੈਨੇਡਾ ਅਤੇ ਭਾਰਤ ਦੇ ਹਿੰਦੂ ਭਾਈਚਾਰੇ ਨੇ। ਇਹ ਗੱਲ ਮੈਂ ਕੈਨੇਡਾ ਵਿੱਚ ਤਾਂ ਪਿਛਲੇ ਕਈ ਸਾਲਾਂ ਤੋਂ ਮਹਿਸੂਸ ਕਰਦੀ ਆ ਹੀ ਰਹੀ ਸੀ ਪਰ ਮੈਂ ਹਾਲ ਵਿੱਚ ਕੀਤੀ ਭਾਰਤ ਯਾਤਰਾ ਦੌਰਾਨ ਦਿੱਲੀ ਵਿੱਚ ਖਾਸ ਕਰਕੇ ਮਹਿਸੂਸ ਕੀਤੀ। ਇਹੀ ਮਨੁੱਖੀ ਧਰਮ ਹੈ।

ਜਦੋਂ ਪੰਜਾਬ ਵਿੱਚ ਅਤਿਵਾਦ ਬਾਰੇ ਗੱਲ ਚੱਲਦੀ ਹੈ ਤਾਂ ਕੌੜਾ ਸੱਚ ਇਹ ਹੈ ਕਿ ਇਸਦਾ ਸੱਭ ਤੋਂ ਵੱਧ ਸੰਤਾਪ ਪੰਜਾਬੀਆਂ ਨੇ ਹੰਢਾਇਆ। ਇਹ ਗੱਲਾਂ ਮੈਂ ਆਪਣੇ ਪਰਿਵਾਰ ਵਿੱਚ ਸੁਣਦੀ ਵੱਡੀ ਹੋਈ ਹਾਂ ਕਿ ਪੰਜਾਬ ਵਿੱਚ ਚੱਲੇ ਅਤਿਵਾਦ ਦੇ ਦੌਰ ਦੀ ਸੱਭ ਤੋਂ ਕੀਮਤ ਕਿਸੇ ਹੋਰ ਨੇ ਨਹੀਂ ਸਗੋਂ ਪੰਜਾਬੀਆਂ ਨੇ ਭਰੀ।

ਇੱਕ ਸਿੱਖ ਵਜੋਂ ਮੈਂ ਸਦਾ ਹੀ ਕੈਨੇਡੀਅਨ ਕਦਰਾਂ ਕੀਮਤਾਂ ਦੀ ਕਾਇਲ ਰਹੀ ਹਾਂ ਜਿਸ ਤਹਿਤ ਅਸੀਂ ਅਮਨ-ਪੂਰਵਕ ਜੀਵਨ ਜਿਉਣ ਨੂੰ ਤਰਜੀਹ ਦੇਂਦੇ ਹਾਂ। ਕੈਨੇਡਾ ਇੱਕ ਮਜ਼ਬੂਤ ਲੋਕਤੰਤਰ ਹੋਣ ਦੇ ਨਾਲ 2 ਵਿਸ਼ਵ ਅਮਨ ਦਾ ਵੱਡਾ ਮੁਦਈ ਹੈ। ਕੈਨੇਡਾ ਵੱਲੋਂ ਸਮੇਂ ਸਮੇਂ ਉੱਤੇ ਵਿਸ਼ਵ ਸ਼ਾਂਤੀ ਲਈ ਨਿਭਾਏ ਜਾਂਦੇ ਰੋਲ ਦੀ ਸਾਰਥਕਤਾ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ।

ਮੇਰਾ ਮੰਤਵ ਕਿਸੇ ਵਿਕਅਤੀ ਜਾਂ ਵਰਗ ਨੂੰ ਕੋਈ ਦਿਸ਼ਾ ਨਿਰਦੇਸ਼ ਜਾਂ ਮੱਤ ਦੇਣਾ ਨਹੀਂ ਸਗੋਂ ਕੈਨੇਡਾ ਵੱਸਦੇ ਅਮਨ-ਪਸੰਦ, ਮਿਹਨਤਕਸ਼ ਸਿੱਖ ਭਾਈਚਾਰੇ ਦੇ ਦਰਦ ਨਾਲ ਹਮਦਰਦੀ ਦਾ ਇਜ਼ਹਾਰ ਕਰਨਾ ਹੈ ਜਿਸਦਾ ਮੈਂ ਖੁਦ ਇੱਕ ਹਿੱਸਾ ਹਾਂ। ਮੈਂ ਆਪਣੀ ਗੱਲ ਨੂੰ ਐਂਡਰੀਆ ਗਿਬਸਨ ਦੇ ਇਸ ਕਥਨ ਨਾਲ ਬੰਦ ਕਰਾਂਗੀ, “ਤੁਹਾਡੇ ਅੰਦਰ ਇੱਕ ਠੰਡੀ ਜੰਗ ਉਸ ਵੇਲੇ ਵੀ ਚੱਲਦੀ ਹੋ ਸਕਦੀ ਹੈ, ਜਦੋਂ ਸਿਰ ਗਰਮੀ ਦੀ ਰੁੱਤ ਹੋਵੇ’

ਬੀਬੀ ਕਮਲ ਖੈਹਰਾ ਬਾਰੇ- ਬੀਬੀ ਕਮਲ ਖੈਹਰਾ ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਅਤੇ ਸਿਹਤ ਮੰਤਰੀ ਦੀ ਪਾਰਲੀਮਾਨੀ ਸਕੱਤਰ ਹੈ। ਉਹ ਇੱਕ ਰਜਿਸਟਰਡ ਨਰਸ, ਕਮਿਊਨਿਟੀ ਵਾਲੰਟੀਅਰ ਅਤੇ ਸਿਆਸੀ ਕਾਰਜਕਰਤਾ ਹੈ। ਬੀਬੀ ਖੈਹਰਾ ਨੈਸ਼ਨਲ ਫਾਈਨਾਂਸ ਕਮੇਟੀ ਉੱਤੇ ਇੱਕ ਗੈਰ-ਵੋਟਿੰਗ ਮੈਂਬਰ ਵਜੋਂ ਰੋਲ ਅਦਾ ਕਰਦੀ ਹੈ।