ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਨਵੀਆਂ ਪਾਬੰਦੀਆਂ ਦਾ ਬਦਲਾ ਲੈਣ ਦਾ ਉੱਤਰੀ ਕੋਰੀਆ ਨੇ ਪ੍ਰਗਟਾਇਆ ਤਹੱਈਆ

1
ਸਿਓਲ, ਕੋਰੀਆ, 7 ਅਗਸਤ (ਪੋਸਟ ਬਿਊਰੋ) : ਇੱਕ ਮਹਾਦੀਪ ਤੋਂ ਦੂਜੇ ਮਹਾਦੀਪ ਤੱਕ ਮਾਰ ਕਰਨ ਵਾਲੀ ਬਾਲਿਸਟਿਕ ਮਿਜ਼ਾਈਲ ਦਾ ਪਰੀਖਣ ਕਰਨ ਮਗਰੋਂ ਅਮਰੀਕਾ ਵੱਲੋਂ ਲਾਈਆਂ ਪਾਬੰਦੀਆਂ ਤੋਂ ਉੱਤਰੀ ਕੋਰੀਆ ਕਾਫੀ ਔਖਾ ਭਾਰਾ ਹੋ ਰਿਹਾ ਹੈ। ਸੋਮਵਾਰ ਨੂੰ ਉੱਤਰੀ ਕੋਰੀਆ ਨੇ ਤਹੱਈਆ ਪ੍ਰਗਟਾਇਆ ਕਿ ਉਹ ਆਪਣੇ ਪ੍ਰਮਾਣੂ ਹਥਿਆਰਾਂ ਦੇ ਜ਼ਖੀਰੇ ਵਿੱਚ ਹੋਰ ਵਾਧਾ ਕਰੇਗਾ ਤੇ ਅਮਰੀਕਾ ਤੋਂ ਬਦਲਾ ਲਵੇਗਾ।
ਉੱਤਰੀ ਕੋਰੀਆ ਨੂੰ ਸਜ਼ਾ ਦੇਣ ਲਈ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਉਂਸਲ ਵੱਲੋਂ ਨਵੀਂ ਪਾਬੰਦੀਆਂ ਨੂੰ ਸਰਬਸੰਮਤੀ ਨਾਲ ਮਨਜੂ਼ਰੀ ਦਿੱਤੇ ਜਾਣ ਤੋਂ ਦੋ ਦਿਨ ਬਾਅਦ ਇਹ ਚੇਤਾਵਨੀ ਮਿਲੀ। ਜਿਨ੍ਹਾਂ ਚੀਜ਼ਾਂ ਉੱਤੇ ਪਾਬੰਦੀਆਂ ਲਾਈਆਂ ਜਾਣਗੀਆਂ ਉਨ੍ਹਾਂ ਵਿੱਚ ਕੋਇਲਾ ਤੇ ਅਮਰੀਕਾ ਵੱਲੋਂ ਬਰਾਮਦ ਕੀਤਾ ਜਾਂਦਾ ਇੱਕ ਬਿਲੀਅਨ ਡਾਲਰ ਦਾ ਹੋਰ ਸਮਾਨ ਸ਼ਾਮਲ ਹੈ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਫੀਰ ਨਿੱਕੀ ਹਾਲੇ ਨੇ ਆਖਿਆ ਕਿ ਅਮਰੀਕਾ ਵੱਲੋਂ ਉੱਤਰੀ ਕੋਰੀਆ ਖਿਲਾਫ ਲਾਈਆਂ ਇਹ ਸੱਭ ਤੋਂ ਵੱਡੀਆਂ ਆਰਥਿਕ ਪਾਬੰਦੀਆਂ ਹਨ।
ਉੱਤਰੀ ਕੋਰੀਆਈ ਸਰਕਾਰ ਵੱਲੋਂ ਚਲਾਈ ਜਾਂਦੀ ਖਬਰ ਏਜੰਸੀ ਵੱਲੋਂ ਨਸ਼ਰ ਕੀਤੇ ਇੱਕ ਬਿਆਨ ਅਨੁਸਾਰ ਉੱਤਰੀ ਕੋਰੀਆ ਦੀ ਸਰਕਾਰ ਦਾ ਕਹਿਣਾ ਹੈ ਕਿ ਇਹ ਪਾਬੰਦੀਆਂ ਉਨ੍ਹਾਂ ਦੀ ਖੁਦਮੁਖ਼ਤਿਆਰੀ ਦੀ ਹਿੰਸਕ ਉਲੰਘਣਾ ਹੈ। ਇਹ ਉੱਤਰੀ ਕੋਰੀਆ ਨੂੰ ਅਲੱਗ ਥਲੱਗ ਕਰਨ ਦੀ ਅਮਰੀਕਾ ਦੀ ਸਾਜਿ਼ਸ਼ ਹੈ। ਅਸੀਂ ਅਮਰੀਕਾ ਨੂੰ ਇਸ ਗੁਸਤਾਖ਼ੀ ਲਈ ਹਜ਼ਾਰ ਗੁਣਾਂ ਵੱਧ ਭੁਗਤਣ ਲਈ ਮਜਬੂਰ ਕਰਾਂਗੇ।
ਉੱਤਰੀ ਕੋਰੀਆ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਡਰ ਕੇ ਉਹ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਦਾ ਇਰਾਦਾ ਨਹੀਂ ਛੱਡੇਗਾ। ਖਾਸਤੌਰ ਉੱਤੇ ਜੇ ਅਮਰੀਕਾ ਇਸ ਤਰ੍ਹਾਂ ਹੀ ਉੱਤਰੀ ਕੋਰੀਆ ਉੱਤੇ ਦਬਾਅ ਪਾਉਂਦਾ ਰਿਹਾ ਤਾਂ ਅਸੀਂ ਪਿੱਛੇ ਹਟਣ ਵਾਲੇ ਨਹੀਂ। ਇਹੋ ਜਿਹੀਆਂ ਹੀ ਟਿੱਪਣੀਆਂ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੌਂਗ ਹੋ ਨੇ ਸੋਮਵਾਰ ਨੂੰ ਮਨੀਲਾ ਵਿੱਚ ਰੱਖੀ ਸਾਲਾਨਾ ਖੇਤਰੀ ਸਕਿਊਰਿਟੀ ਕਾਨਫਰੰਸ ਵਿੱਚ ਵੀ ਪ੍ਰਗਟਾਏ। ਦੂਜੇ ਪਾਸੇ ਦੱਖਣੀ ਕੋਰੀਆ ਨੇ ਵੀ ਇਹ ਆਖ ਦਿੱਤਾ ਹੈ ਕਿ ਜੇ ਉੱਤਰੀ ਕੋਰੀਆ ਨੇ ਆਪਣੇ ਪ੍ਰਮਾਣੂ ਤੇ ਮਿਜ਼ਾਈਲ ਪਰੀਖਣ ਬੰਦ ਨਾ ਕੀਤੇ ਤਾਂ ਉਸ ਨੂੰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਹੋਵੇਗਾ।