ਸੰਨੀ ਲਿਓਨ ਦੀ ਜ਼ਿੰਦਗੀ ‘ਤੇ ਬਣੀ ਵੈਬ ਸੀਰੀਜ਼ ਦੇ ਸਿਰਲੇਖ ‘ਚੋਂ ‘ਕੌਰ’ ਸ਼ਬਦ ਹਟਾਉਣ ਦੀ ਮੰਗ ਉੱਠੀ


ਨਵੀਂ ਦਿੱਲੀ, 11 ਜੁਲਾਈ (ਪੋਸਟ ਬਿਊਰੋ)- ਯੂਨਾਈਟਿਡ ਸਿੱਖ ਐਸੋਸੀਏਸ਼ਨ (ਯੂ ਐਸ ਏ) ਨੇ ਬਾਲੀਵੁੱਡ ਕਲਾਕਾਰ ਸੰਨੀ ਲਿਓਨ ਦੀ ਜ਼ਿੰਦਗੀ ‘ਤੇ ਬਣੀ ਵੈਬ ਸੀਰੀਜ਼ ‘ਕਰਨਜੀਤ ਕੌਰ-ਇਕ ਅਨਕਹੀ ਕਥਾ’ ਦੇ ਸਿਰਲੇਖ ‘ਚੋਂ ‘ਕੌਰ’ ਸ਼ਬਦ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਸੰਸਥਾ ਦੀ ਕਾਨੂੰਨੀ ਸੈਲ ਦੀ ਮੁਖੀ ਐਡਵੋਕੇਟ ਨਿਧੀ ਬਾਂਗਾ ਨੇ ਇਸ ਸਬੰਧ ਵਿੱਚ ਵੈਬ ਸੀਰੀਜ਼ ਜਾਰੀ ਕਰਨ ਵਾਲੀ ਕੰਪਨੀ ਆਈ ਕੈਂਡੀ ਫਿਲਮ ਪ੍ਰਾਈਵੇਟ ਲਿਮਟਿਡ ਅਤੇ ਸੀਰੀਜ਼ ਦੇ ਦੋਵੇਂ ਡਾਇਰੈਕਟਰਾਂ ਸ਼ਰੀਨ ਮੰਤਰੀ ਅਤੇ ਕਿਸ਼ੋਰ ਰਾਧਾਕ੍ਰਿਸ਼ਨ ਅਰੋੜਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਵਰਨਣ ਯੋਗ ਹੈ ਕਿ ਯੂ ਐਸ ਏ ਨੇ ‘ਕੌਰ’ ਸ਼ਬਦ ਦੀ ਵਰਤੋਂ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਦੀ ਦਲੀਲ ਦਿੰਦੇ ਹੋਏ ਉਕਤ ਸਿਰਲੇਖ ‘ਚ ਨਾਂਅ ਬਦਲਣ ਦਾ ਸੁਝਾਅ ਦਿੱਤਾ ਹੈ। ਬਾਲੀਵੁੱਡ ਤੋਂ ਪਹਿਲਾਂ ਅਡਲਟ ਫਿਲਮਾਂ ‘ਚ ਕੰਮ ਕਰਨ ਲਈ ਜਾਣੀ ਜਾਂਦੀ ਸੰਨੀ ਦਾ ਅਸਲੀ ਨਾਂਅ ਕਰਨਜੀਤ ਕੌਰ ਵੋਹਰਾ ਹੈ। ਸੰਸਥਾ ਵੱਲੋਂ ਭੇਜੇ ਕਾਨੂੰਨੀ ਨੋਟਿਸ ‘ਚ ਵੀ ਲਿਖਿਆ ਹੈ ਕਿ ਆਪਣੇ ਪੇਸ਼ੇ ਕਾਰਨ ਨਾਂਅ ਬਦਲਣ ਵਾਲੀ ਸੰਨੀ ਨੇ ਕਦੀ ਆਪਣੇ ਅਸਲੀ ਨਾਂਅ ਦੀ ਵਰਤੋਂ ਨਹੀਂ ਕੀਤੀ। ਨੋਟਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਉਕਤ ਨਾਂਅ ਦੇ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇਗੀ, ਇਸ ਲਈ ਵੈਬ ਸੀਰੀਜ਼ ਦੇ ਨਾਂਅ ਤੋਂ ‘ਕੌਰ’ ਸ਼ਬਦ ਨੂੰ ਛੇਤੀ ਤੋਂ ਛੇਤੀ ਹਟਾਇਆ ਜਾਵੇ।