ਸੰਦੌੜ ਥਾਣੇ ਦੀ ਸਾਬਕਾ ਐਸ ਐਚ ਓ ਅਤੇ ਹੌਲਦਾਰ ਸਣੇ ਤਿੰਨਾਂ ਦੇ ਖਿਲਾਫ ਕੇਸ ਦਰਜ

sandhodh sho
ਸੰਗਰੂਰ, 18 ਮਈ (ਪੋਸਟ ਬਿਊਰੋ)- ਸਫਾਈ ਮਜ਼ਦੂਰ ਸੈਲ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਨੂੰ ਕਈ ਦਿਨ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਤੇ ਬੇਰਹਿਮੀ ਨਾਲ ਕੁੱਟਮਾਰ ਦੇ ਦੋਸ ਹੇਠ ਸੰਦੌੜ ਥਾਣੇ ਦੀ ਸਾਬਕਾ ਮਹਿਲਾ ਐਸ ਐਚ ਓ ਸਬ ਇੰਸਪੈਕਟਰ ਕੁਲਵੰਤ ਕੌਰ ਅਤੇ ਇਕ ਹੌਲਦਾਰ ਰਵਿੰਦਰ ਸਿੰਘ ਸਣੇ ਤਿੰਨ ਜਣਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਨਵੰਬਰ ਵਿੱਚ ਪੁਲਸ ਜਬਰ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਜਦੋਂ ਇਨਸਾਫ ਨਾ ਮਿਲਿਆ ਤਾਂ ਉਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ।
ਜ਼ਿਲਾ ਪੁਲਸ ਵੱਲੋਂ ਬਣਾਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ ਦੀ ਰਿਪੋਰਟ ਆਉਣ ਮਗਰੋਂ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਪੁਲਸ ਅਫਸਰ ਨੇ ਇਕ ਜ਼ਿੰਮੇਵਾਰ ਅਹੁਦੇ ਉੱਤੇ ਹੁੰਦੇ ਹੋਏ ਅਜਿਹਾ ਕਰਕੇ ਪੁਲਸ ਦੀ ਸਾਖ ਨੂੰ ਨੀਵਾਂ ਕੀਤਾ ਅਤੇ ਜਾਂਚ ਦੌਰਾਨ ਹੋਰ ਵੀ ਤੱਥ ਸਾਹਮਣੇ ਆ ਸਕਦੇ ਹਨ। ਪੀੜਤ ਬੂਟਾ ਸਿੰਘ ਦੇ ਅਨੁਸਾਰ ਜਦੋਂ ਜ਼ਿਲਾ ਪੁਲਸ ਤੋਂ ਇਨਸਾਫ ਨਾ ਮਿਲਿਆ ਤਾਂ ਉਸ ਨੇ ਇਨਸਾਫ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਪਾ ਦਿੱਤੀ ਸੀ। ਐਸ ਪੀ (ਡੀ) ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਜਾਂਚ ਟੀਮ ਦੀ ਸਿਫਾਰਸ਼ ਮਗਰੋਂ ਸੰਦੌੜ ਥਾਣੇ ਦੀ ਸਾਬਕਾ ਐਸ ਐਚ ਓ ਸਬ ਇੰਸਪੈਕਟਰ ਕੁਲਵੰਤ ਕੌਰ, ਹੌਲਦਾਰ ਰਵਿੰਦਰ ਸਿੰਘ ਅਤੇ ਇਕ ਵਿਅਕਤੀ ਨਰਿੰਦਰ ਸਿੰਘ ਉਰਫ ਹੈਰੀ ਦੇ ਖਿਲਾਫ ਥਾਣਾ ਸੰਦੌੜ ਵਿੱਚ ਕੇਸ ਦਰਜ ਕੀਤਾ ਗਿਆ ਹੈ।