ਸੰਤਾਲੀ ਦਾ ਸੰਤਾਪ: ਜ਼ਖਮ ਅਜੇ ਵੀ ਅੱਲ੍ਹੇ ਨੇ..


-ਪ੍ਰੋ. ਦਵਿੰਦਰ ਕੌਰ ਸਿੱਧੂ ਦੌਧਰ
ਮੇਰੀ ਰਚਨਾ ‘ਸਾਂਝ ਦਿਲਾਂ ਦੀ’ ਜਿਸ ਦਿਨ ਅਖਬਾਰ ਵਿੱਚ ਛਪੀ, ਬਹੁਤ ਸਾਰੇ ਫੋਨ ਆਏ। ਸੰਤਾਲੀ ਦੀ ਵੰਡ ਦੇ ਜ਼ਖਮ ਇੰਨੇ ਗਹਿਰੇ ਹਨ ਕਿ ਅਜੇ ਵੀ ਚਸਕ ਪੈਂਦੀ ਹੈ। ਇਨ੍ਹਾਂ ਫੋਨਾਂ ਕਰਕੇ ਮੈਂ ਅਨੇਕਾਂ ਦਰਦ ਵਿੰਨ੍ਹੇ ਅਹਿਸਾਸ ਅਨੁਭਵ ਕੀਤੇ। ਸੁਣਦਿਆਂ ਰੂਹ ਕੁਰਲਾਈ, ਅੱਖਾਂ ਵਰ੍ਹੀਆਂ। ਇਹ ਦਿਲਾਂ ਦੀ ਸਾਂਝ ਹੀ ਤਾਂ ਹੈ ਕਿ ਅਸੀਂ ਜਿਨ੍ਹਾਂ ਪੱਛਮੀ ਪੰਜਾਬ ਵਿੱਚ ਜਾ ਕੇ ਬਾਰਾਂ ਆਬਾਦ ਕੀਤੀਆਂ ਸਨ, ਬਰਬਾਦ ਹੋ ਕੇ ਇਧਰ ਆ ਗਏ। ਸਾਡੇ ਦੁੱਖ ਸਾਂਝੇ ਨੇ, ਸਾਡੀ ਕਹਾਣੀ ਇਕ ਹੈ।
ਮੁੱਦਤ ਹੋ ਚੁੱਕੀ ਹੈ। ਏਧਰ ਆ ਕੇ ਅਸੀਂ ਬਹੁਤ ਤਰੱਕੀਆਂ ਕੀਤੀਆਂ ਹਨ। ਹੌਲੀ-ਹੌਲੀ ਦੁੱਖਾਂ ਦੀ ਦਾਸਤਾਨ ਖੰਡਰ ਬਣ ਗਈ। ਮੁੱਦਤਾਂ ਪਹਿਲਾਂ ਦੀ ਮਨ ਵਿੱਚ ਵੱਸੀ ਨਿਰਾਸ਼ਾ ਹੌਲ, ਉਦਾਸੀ, ਬੇਵਸੀ, ਬੇਪਤੀ ਅਤੇ ਬੇਵਤਨੀ ਜਦੋਂ ਕੂਕਦੀ ਹੈ ਤਾਂ ਮਨ ਆਤਮਾ ਦੇ ਅੰਬਰਾਂ ‘ਤੇ ਅੱਜ ਵੀ ਕੁਰਲਾਹਟ ਪੈਦਾ ਹੋ ਜਾਂਦੀ ਹੈ। ਡਾਢੇ ਭਾਰੇ ਦੁੱਖਾਂ ਦੀ ਮਾਰ ਅਵਚੇਤਨ ਵਿੱਚੋਂ ਹੜ੍ਹ ਲੈ ਆਉਂਦੀ ਹੈ। ਕਿਸੇ ਆਖਿਆ, “ਅੱਜ ਵੀ ਮੈਂ ਸੁਣ ਸਕਦਾ ਹਾਂ, ਮਾਵਾਂ ਭੈਣਾਂ ਦੀਆਂ ਦਹਿਲ ਵਾਲੀਆਂ ਚੀਕਾਂ ‘ਬਚਾ ਲਓ ਬਚਾ ਲਓ’! ਅੱਜ ਵੀ ਸੁਣਦੇ ਨੇ ਨਿੱਕੇ ਨਿਆਣੇ ਪਾਣੀ-ਪਾਣੀ ਕੂਕਦੇ।” ਕੋਈ ਬੋਲ ਰਿਹਾ ਸੀ, ‘ਮੈਂ ਪਾਕਿਸਤਾਨ ਗਿਆ। ਨਨਕਾਣਾ ਸਾਹਿਬ ਨਤ ਮਸਤਕ ਹੋਇਆ। ਪੁਰਾਣੀਆਂ ਯਾਦਾਂ ਦਿਲ ਵਲੂੰਧਰ ਗਈਆਂ। ਬੱਸ, ਫਿਰ ਲਾਇਲਪੁਰ ਜਾਣ ਦਾ ਹੌਸਲਾ ਨਹੀਂ ਪਿਆ।’
ਫਿਰਕੂਪੁਣੇ ਦੇ ਇਨ੍ਹਾਂ ਭਾਂਬੜਾਂ ਵਿੱਚੋਂ ਮਾਂ ਤੇ ਭਾਈ ਗੁਆ ਚੁੱਕਾ ਮੇਰਾ ਇਕ ਵਤਨੀ ਵੀਰ ਬੋਲਦਾ ਹੈ, ‘ਬੱਚਾ ਮਾਂ ਦਾ ਦੁੱਧ ਚੁੰਘਣ ਦਾ ਆਨੰਦ ਹਮੇਸ਼ਾ ਯਾਦ ਰੱਖਦਾ ਹੈ। ਮੈਨੂੰ ਵੀ ਯਾਦ ਹੈ। ਸੰਤਾਲੀ ਵੇਲੇ ਸੱਤ ਸਾਲ ਦਾ ਸੀ। ਤੌਬਾ-ਤੌਬਾ! ਜੋਂ ਮੇਰੇ ਦਿਲ ਦੀ ਫੱਟੀ ‘ਤੇ ਉਕਰਿਆ ਗਿਆ, ਮਿਟਾਇਆ ਨਹੀਂ ਮਿਟਦਾ। ਮਨ ਸੋਚਦਾ ਹੈ, ਕਿਹੜੇ ਗੁਨਾਹ ਦੀ ਸਜ਼ਾ ਮਿਲੀ ਸਾਨੂੰ। ਹਾਏ! ਕਿਤੇ ਬਾਲਾਂ ਨੂੰ ਬਖਸ਼ ਦਿੰਦਾ ਰੱਬ।’
ਕੋਈ ਘਟਨਾ ਯਾਦਾਂ ਨੂੰ ਝੰਜੋੜਦੀ ਹੈ, ਤੜਫਾਉਂਦੀ ਹੈ। ਇਸੇ ਤੜਫਾਹਟ ਵਿੱਚੋਂ ਇਕ ਸੇਵਾਮੁਕਤ ਡੀ ਐਸ ਪੀ ਵਿਲਕਦਾ ਹੈ ਤਾਂ ਨਿੱਕੇ ਨਿਆਣੇ ਦਾ ਚਿਹਰਾ ਅੱਖਾਂ ਅੱਗੇ ਆ ਜਾਂਦਾ ਹੈ, ਜਿਸ ਦੇ ਪਿਤਾ ਤੇ ਹੋਰ ਸਕੇ ਸਬੰਧੀ ਵੰਡ ਦੀ ਭੇਂਟ ਚੜ੍ਹ ਗਏ। ਛੇ ਮਹੀਨੇ ਦਾ ਇਹ ਬੱਚਾ ਆਪਣੀਆਂ ਵੱਡੀਆਂ ਦੋ ਭੈਣਾਂ ਸਮੇਤ ਭੁੱਖਾ ਤਿਹਾਇਆ ਤੇ ਸਹਿਮਿਆ ਆਪਣੀ ਮਾਂ ਦੀ ਬੁੱਕਲ ‘ਚ ਮੂੰਹ ਦੇ ਕੇ ਸਿਆਲਕੋਟ ਤੋਂ ਕਿਸੇ ਤਰ੍ਹਾਂ ਕਪੂਰਥਲਾ ਪਹੁੰਚ ਗਿਆ। ਫਿਰ ਸਾਲ ਕੁ ਪਿੱਛੋਂ ਮਾਂ ਸਦਮੇ ਵਿੱਚ ਹੀ ਗੁਜ਼ਰ ਗਈ। ਇਨ੍ਹਾਂ ਖਾਨਾਬਦੋਸ਼ਾਂ ਦੇ ਸਿਰ ਤੋਂ ਮਮਤਾ ਦੀ ਛੱਤ ਵੀ ਉਡ ਗਈ।
ਕਿਸੇ ਕਿਹਾ, ‘ਮਾਂ ਭੂਮੀ ਦਾ ਜਬਰਨ ਖੋਹਿਆ ਜਾਣਾ ਅਸਹਿ ਸੀ।’ ਇਹ ਸੁਣਦਿਆਂ ਮੈਨੂੰ ਮੇਰੇ ਚਾਚਾ ਜੀ ਯਾਦ ਆ ਗਏ। ਅੱਠ ਸਾਲ ਦੇ ਸਨ, ਜਦੋਂ ਵੰਡ ਹੋਈ। ਸਕੂਲ ਪੜ੍ਹਦਿਆਂ ਉਨ੍ਹਾਂ ਗੀਤ ਲਿਖਿਆ ਸੀ, ‘ਮੈਨੂੰ ਦੱਸੋ ਮੇਰੇ ਮਾਤਾ ਜੀ, ਕਦੋਂ ਵਤਨ ਆਪਣੇ ਜਾਵਾਂਗੇ।’ ਮਾਂ ਭਮੂੀ ਲੱਖ ਪਰਾਈ ਹੋ ਜਾਵੇ, ਮਾਂ ਭੂਮੀ ਹੀ ਰਹਿੰਦੀ ਹੈ। ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਵਾਰ ਵੀ ਲਾਇਲਪੁਰ ਨਾਲ ਸਬੰਧਤ ਹੈ। ਉਨ੍ਹਾਂ ਦਾ ਛੇ ਸਾਲ ਦਾ ਚਾਚਾ ਵੰਡ ਦੌਰਾਨ ਬਿਮਾਰ ਹੋ ਕੇ ਰਸਤੇ ਵਿੱਚ ਹੀ ਗੁਜ਼ਰ ਗਿਆ ਸੀ। ਉਸ ਬੱਚੇ ਦੇ ਵਿਛੋੜੇ ਦਾ ਦਰਦ ਅਜੇ ਵੀ ਅਗਲੀ ਪੀੜ੍ਹੀ ਉਤੇ ਹਾਵੀ ਹੈ। ਲਾਇਲਪੁਰ ਨਾਲ ਏਨਾ ਮੋਹ ਕਿ ਲਾਲਸਾ ਸੀ- ਲਾਇਲਪੁਰ ਖਾਲਸਾ ਕਾਲਜ ਦੀ ਪ੍ਰਿੰਸੀਪਲ ਦਾ ਅਹੁਦਾ ਲਵਾਂਗੀ। ਪਿਤਾ ਜੀ ਉਸ ਸਮੇਂ 10 ਸਾਲ ਦੇ ਸਨ, ਪਰ ਇਹ ਮਾਂ ਭੂਮੀ ਦਾ ਮੋਹ ਹੀ ਹੈ ਕਿ ਉਨ੍ਹਾਂ ਨੂੰ ਇਸ ਖੂਨੀ ਇਤਿਹਾਸ ਦਾ ਹਰ ਪੰਨਾ ਯਾਦ ਹੈ। ਤਾਰੀਖਾਂ, ਦਿਨ, ਮਹੀਨੇ, ਸਮਾਂ, ਸਥਾਨ, ਸਭ ਕੁਝ। ਵਰਕਾ-ਵਰਕਾ ਉਧੇੜਦੇ ਰਹਿੰਦੇ ਨੇ।
ਅੱਜ ਮੈਂ ਇਤਿਹਾਸ ਵਿੱਚ ਜੀ ਰਹੀ ਸੀ। ਅਜੀਬ ਦਿਲ ਦੇ ਹਾਲਾਤ ਸਨ। ਸ਼ਾਮ ਹੋ ਗਈ ਸੀ। ਫੋਨ ਫਿਰ ਵੀ ਆ ਰਹੇ ਸਨ। ਇਸ ਤਰ੍ਹਾਂ ਅਨੁਭਵ ਹੋ ਰਿਹਾ ਸੀ ਕਿ ਮੂੰਹ ਸੁੱਕੇ, ਲੁੱਟੇ ਪੁੱਟੇ, ਬੇਹਾਲ, ਲਹੂ ਲੁਹਾਨ ਕਾਫਲੇ ਅਜੇ ਵੀ ਚੱਲ ਰਹੇ ਹਨ। ਸ਼ਾਮ ਪਾਠ ਕਰਨ ਦਾ ਵੇਲਾ ਹੋ ਗਿਆ ਤਾਂ ਰੱਬ ਅੱਗੇ ਫਰਿਆਦ ਕੀਤੀ, ‘ਰੱਬਾ! ਇਹੋ ਜਿਹਾ ਸਮਾਂ ਦੁਨੀਆ ਦੇ ਕਿਸੇ ਵੀ ਦੇਸ਼ ਨੂੰ ਨਾ ਦਿਖਾਈਂ। ਸਾਰੀ ਦੁਨੀਆ ਵਿੱਚ ਅਮਨ ਤੇ ਸ਼ਾਂਤੀ ਬਰਕਰਾਰ ਰੱਖੀ।’