ਸੰਘ ਦਾ ਦਬਦਬਾ ਬਨਾਮ ਘੱਟ ਗਿਣਤੀਆਂ ਦੇ ਤੌਖਲੇ

-ਸੁਖਪਾਲ ਸਿੰਘ ਹੁੰਦਲ
ਭਾਰਤੀ ਲੋਕ ਅੱਜ ਇਕ ਗੰਭੀਰ ਤੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੇ ਹਨ। ਇਸ ਦੀਆਂ ਤਿੰਨ ਚਿੰਤਾਵਾਂ ਉਭਰਵੀਆਂ ਹਨ। ਇਕ ਚਿੰਤਾ ਇਸ ਦੀ ਸਿਆਸਤ, ਦੂਜੀ ਸਿਆਸੀ ਆਰਥਿਕਤਾ ਤੇ ਤੀਜੀ ਵਿਦੇਸ਼ ਨੀਤੀ ਵਿੱਚ ਗੁੱਟ ਨਿਰਲੇਪਤਾ ਨੂੰ ਤਿਆਗ ਕੇ ਅਮਰੀਕੀ ਸਾਮਰਾਜ ਦੀ ਝੋਲੀ ਵਿੱਚ ਡਿੱਗਣ ਬਾਰੇ ਹੈ। ਦੇਸ਼ ਦੀ ਰਾਜ ਸੱਤਾ ਅਜਿਹੇ ਸਿਆਸੀ ਦਲ ਦੇ ਹੱਥ ਆਈ ਹੈ ਜੋ ਦੇਸ਼ ਦੀਆਂ ਅਤਿ ਕੱਟੜਪੰਥੀ ਅਤੇ ਫਿਰਕੇਦਾਰਾਨਾ ਅਤੇ ਵੇਲਾ ਵਿਹਾ ਚੁੱਕੀ ਵਿਚਾਰਧਾਰਾ ਵਾਲੀਆਂ ਸਮਾਜਿਕ ਸ਼ਕਤੀਆਂ ਦੀ ਨੁਮਾਇੰਦਗੀ ਕਰਦਾ ਹੈ। ਸੱਤਾ ‘ਤੇ ਕਾਬਜ਼ ਅਖੌਤੀ ਜਮਹੂਰੀ ਗੱਠਜੋੜ ਵਿੱਚ ਭਾਜਪਾ ਅਤੇ ਆਰ ਐਸ ਐਸ ਦਾ ਦਬਦਬਾ ਪਸਰਿਆ ਹੋਇਆ ਹੈ। ਸਰਕਾਰ ਦੀ ਹਕੀਕੀ ਚਾਲਕ ਸ਼ਕਤੀ ਆਰ ਐਸ ਐਸ ਹੈ, ਜੋ ਹੁਣ ਸਭ ਪਰਦਿਆਂ ਤੋਂ ਬਾਹਰ ਨਿਕਲ ਕੇ ਅਮਲੀ ਸਿਆਸਤ ਚਲਾ ਰਹੀ ਹੈ। ਇਹ ਸਮੇਂ-ਸਮੇਂ ‘ਤੇ ਹਰ ਤਰ੍ਹਾਂ ਦੀ ਸਥਿਤੀ ਦੀ ਪੜਚੋਲ ਕਰਦੀ ਹੈ ਤੇ ਸਰਕਾਰ ਲਈ ਦਿਸ਼ਾ ਨਿਰਦੇਸ਼ ਤੈਅ ਕਰਦੀ ਹੈ। ਭਾਜਪਾ ਕੇਵਲ ਆਰ ਐਸ ਐਸ ਦਾ ਸਿਆਸੀ ਵਿੰਗ ਹੈ। ਇਹ ਕੇਂਦਰੀ ਤੇ ਭਾਜਪਾ ਦੀ ਅਗਵਾਈ ਵਿੱਚ ਚੱਲਣ ਵਾਲੀ ਹਰ ਸੂਬਾਈ ਸਰਕਾਰ ਦੇ ਨੀਤੀਗਤ ਢਾਂਚਿਆਂ ‘ਤੇ ਭਾਰੂ ਹੈ। ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਇਸੇ ਨੇ ਕੀਤਾ ਸੀ। ਦੇਸ਼ ਦਾ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਭਾਜਪਾ ਦੇ ਸੂਬਿਆਂ ਦੇ ਮੁੱਖ ਮੰਤਰੀ, ਰਾਜਾਂ ਦੇ ਗਵਰਨਰ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਵੱਖ-ਵੱਖ ਬੌਧਿਕ, ਅਕਾਦਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੁਖੀ ਇਸ ਦੇ ਕਾਰਕੁੰਨ ਹਨ। ਭਾਜਪਾ ਦੇ ਪੂਰੇ ਸੰਗਠਨ ਕੇਂਦਰ ਤੋਂ ਲੈ ਕੇ ਹੇਠਾਂ ਬੂਥ ਪੱਥਰ ਤੱਕ ਜਥੇਬੰਦਕ ਨਿਗਰਾਨ ਆਰ ਐਸ ਐਸ ਦੇ ਲਗਾ ਦਿੱਤੇ ਹਨ।
ਪਿਛਲੇ ਤਿੰਨ ਸਾਲਾਂ ਅੰਦਰ ਦੇਸ਼ ਦੀ ਪੂਰੀ ਸਿਆਸੀ ਫਿਜ਼ਾ ਫਿਰਕੂ ਵਰਤਾਰੇ ਨੇ ਮੱਲ ਲਈ ਹੈ। ਲੋਕਾਂ ਦੀ ਆਮ ਤੇ ਰੋਜ਼ਾਨਾ ਜੀਵਨ ਸੋਝੀ ਨੂੰ ਅਤੇ ਲੋਕ ਸੱਭਿਆਚਾਰਕ ਮੁਹਾਂਦਰੇ ਨੂੰ ਹਿੰਦੂਤਵ ਦੇ ਫਾਸ਼ੀਵਾਦੀ ਜਾਲ ਵਿੱਚ ਜਕੜਿਆ ਜਾ ਰਿਹਾ ਹੈ। ਕਾਰਪੋਰੇਟ ਚੈਨਲਾਂ ਤੋਂ ਹਰ ਸਮੇਂ ਹਿੰਦੂ ਮੁਸਲਿਮ ਮੁੱਦਿਆਂ ‘ਤੇ ਬਹਿਸ ਕਰਵਾ ਕੇ ਧਾਰਮਿਕ ਆਧਾਰ ‘ਤੇ ਧਰੁਵੀਕਰਨ ਕੀਤਾ ਜਾ ਰਿਹਾ ਹੈ। ਦੇਸ਼ ਦੀ ਵਿਲੱਖਣ ਸਮਾਜਿਕ ਬਹੁਲਤਾ, ਅਨੇਕਤਾ ਵਿੱਚ ਏਕਤਾ ਦੀ ਪ੍ਰਤੀਕ ਸੱਭਿਅਤਾ ਦੇ ਅਰਥ ਤੇ ਪਰਿਭਾਸ਼ਾ ਬਦਲੀ ਜਾ ਰਹੀ ਹੈ। ਪ੍ਰਾਇਮਰੀ ਸਕੂਲਾਂ ਦੇ ਪਾਠਕ੍ਰਮ ਤੋਂ ਲੈ ਕੇ ਯੂਨੀਵਰਸਿਟੀਆਂ ਤੇ ਹੋਰ ਉਚ ਅਕਾਦਮਿਕ ਤੇ ਖੋਜ ਸੰਸਥਾਵਾਂ ਤੱਕ ਦੇ ਪਾਠਕ੍ਰਮਾਂ ਵਿੱਚ ਵਿਗਿਆਨਕ ਪਹੁੰਚ ਹਟਾ ਕੇ ਹਿੰਦੂਤਵ ਦੇ ਪੁਰਾਤਨ ਵਿਚਾਰਤੰਤਰ ਨੂੰ ਜੋੜਿਆ ਜਾ ਰਿਹਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਮੇਤ ਹੋਰ ਕਈ ਯੂਨੀਵਰਸਿਟੀਆਂ ਅੰਦਰ ਦਖਲ ਅੰਦਾਜ਼ੀ ਕਰਕੇ ਗੈਰ ਅਕਾਦਮਿਕ ਤੇ ਗੈਰ ਬੌਧਿਕ ਆਧਾਰ ਸਿਰਜਿਆ ਜਾ ਰਿਹਾ ਹੈ। ਬੀਤੇ ਤਿੰਨ ਸਾਲਾਂ ਤੋਂ ਲਗਾਤਾਰ ਘੱਟ ਗਿਣਤੀ ਲੋਕਾਂ ‘ਤੇ ਹਮਲੇ ਤੇਜ਼ ਕੀਤੇ ਜਾ ਰਹੇ ਹਨ। ਗਊ ਰਾਖੀ ਦੇ ਨਾਂ ‘ਤੇ ਪੂਰੇ ਦੇਸ਼ ਅੰਦਰ ਕਾਤਲ ਟੋਲੇ ਖੂਨੀ ਹੋਲੀ ਖੇਡ ਰਹੇ ਹਨ। ਇਸ ਸਬੰਧੀ ਮੁਸਲਮਾਨਾਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਨਾਲ ਘੱਟ ਗਿਣਤੀਆਂ ਦੇ ਮਨਾਂ ਅੰਦਰ ਡਰ ਅਤੇ ਸਹਿਮ ਦਾ ਵਾਤਾਵਰਣ ਸਿਰਜਿਆ ਗਿਆ ਹੈ।
ਸਰਕਾਰ ਵੱਲੋਂ ਸਿਰਜੇ ਗਏ ਉਕਤ ਮਾਹੌਲ ਵਿੱਚੋਂ ਤਿੱਖੇ ਵਿਰੋਧ ਦੀ ਆਵਾਜ਼ ਉਠ ਰਹੀ ਹੈ। ਹਿੰਦੂਤਵ ਪ੍ਰਭਾਵਿਤ ਵਿਚਾਰਧਾਰਾ ਨਾਲ ਲੈਸ ਪ੍ਰਚਾਰ ਸਾਧਨਾਂ, ਸਰਕਾਰੀ ਤੰਤਰ, ਕਾਰਪੋਰੇਟ ਇਲੈਕਟ੍ਰਾਨਿਕ ਮਾਧਿਅਮ ਚੈਨਲਾਂ ਅਤੇ ਸੋਸ਼ਲ ਮੀਡੀਆ ਅੰਦਰ ਇਸ ਆਵਾਜ਼ ਨੂੰ ਦਬਾਇਆ ਅਤੇ ਛੁਪਾਇਆ ਵੀ ਗਿਆ ਹੈ, ਪਰ ਫਿਰ ਵੀ ਵਿਰੋਧ ਉਠ ਰਿਹਾ ਹੈ।
ਇਸ ਵਿਰੋਧ ਅਤੇ ਪ੍ਰਤੀਰੋਧ ਨੂੰ ਦਬਾਉਣ ਲਈ ਇਨ੍ਹਾਂ ਦੇ ਕਤਲ ਕਰਵਾਏ ਜਾ ਰਹੇ ਹਨ। ਡਾ. ਨਰਿੰਦਰ ਦਬੋਲਕਰ ਦੇ ਕਤਲ ਤੋਂ ਬਾਅਦ 2015 ਵਿੱਚ ਕਾਮਰੇਡ ਗੋਬਿੰਦ ਪੰਸਾਰੇ, 2016 ਵਿੱਚ ਡਾ. ਐਮ ਕੁਲਬਰਗੀ ਅਤੇ ਹੁਣ ਬੰਗਲੁਰੂ ਦੀ ਉਘੀ ਤੇ ਨਿਧੜਕ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਇਕ ਘਿਨਾਉਣਾ ਵਰਤਾਰਾ ਹੈ। ਗੌਰੀ ਦਾ ਕਤਲ ਤੈਅਸ਼ੁਦਾ ਸਾਜ਼ਿਸ਼ ਅਧੀਨ ਕੀਤਾ ਗਿਆ ਹੈ। ਇਹ ਕਤਲ ਗੌਰੀ ਦੀ ਵਿਚਾਰਧਾਰਾ ਅਤੇ ਹਿੰਦੂਤਵ ਦੇ ਵਿਰੁੱਧ ਲਿਖਣ ਤੇ ਬੋਲਣ ਕਰਕੇ ਕੀਤਾ ਗਿਆ ਹੈ।
ਬਹੁਤ ਸਾਰੇ ਲੇਖਕਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਵੱਲੋਂ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ ਕਿ ਇਹ ਰੁਝਾਨ ਘੱਟ ਗਿਣਤੀਆਂ ਦੀ ਹੋਂਦ ਲਈ ਖਤਰਨਾਕ ਹੈ। ਇਸ ਤੱਥ ‘ਤੇ ਜਦੋਂ ਗੰਭੀਰਤਾ ਨਾਲ ਵਿਚਾਰ ਕਰੀਏ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਇਹ ਰੁਝਾਨ ਸ਼ਾਇਦ ਘੱਟ ਗਿਣਤੀਆਂ ਲਈ ਇੰਨਾ ਖਤਰਨਾਕ ਨਾ ਹੋਵੇ, ਪਰ ਇਹ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਬਹੁਤ ਜ਼ਿਆਦਾ ਘਾਤਕ ਹੋ ਸਕਦਾ ਹੈ। ਜਦੋਂ ਘੱਟ ਗਿਣਤੀਆਂ ਦੀ ਗੱਲ ਕੀਤੀ ਜਾਵੇ ਤਾਂ ਮੁਸਲਿਮ, ਸਿੱਖ ਤੇ ਇਸਾਈ ਭਾਈਚਾਰਿਆਂ ਦੀ ਤਸਵੀਰ ਮੁੱਖ ਤੌਰ ‘ਤੇ ਉਭਰਦੀ ਹੈ। ਦੇਸ਼ ਵਿੱਚ ਮੁਸਲਿਮ ਭਾਈਚਾਰੇ ਦੀ ਗਿਣਤੀ 20 ਕਰੋੜ ਦੇ ਲਗਭਗ ਹੈ ਤੇ 20 ਕਰੋੜ ਲੋਕਾਂ ਨੂੰ ਘੱਟ ਗਿਣਤੀ ਤਸੱਵਰ ਕਰਨਾ ਉਚਿਤ ਨਹੀਂ ਹੈ। ਇਸ ਲਈ ਸੰਘ ਦੀ ਸੋਚ ਉਨ੍ਹਾਂ ਦੇ ਭਾਈਚਾਰੇ ਨੂੰ ਢਾਹ ਨਹੀਂ ਲਾ ਸਕਦੀ। ਇਸੇ ਤਰ੍ਹਾਂ ਸਿੱਖ ਭਾਈਚਾਰਾ ਭਾਰਤੀ ਸਮਾਜ ਦਾ ਮੁਹਰੈਲ ਜੱਥਾ ਹੈ। ਸਿੱਖ ਪੱਥ ਦਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਵਿਕਾਸ ਦਾ ਸ਼ਾਨਾਮੱਤਾ ਇਤਿਹਾਸ ਹੈ। ਸਿੱਖ ਪੱਖ ਨਾਦਿਰ ਤੇ ਅਬਦਾਲੀ ਵਰਗੇ ਧਾੜਵੀਆਂ ਨਾਲ ਲੋਹਾ ਲੈਂਦਾ ਹੋਇਆ ਜਵਾਨ ਹੋਇਆ ਅਤੇ ਪ੍ਰਵਾਨ ਚੜ੍ਹਿਆ ਹੈ। ਇਸ ਲਈ ਸੰਘ ਦੀ ਸੋਚ ਸਿੱਖਾਂ ਨੂੰ ਕੋਈ ਢਾਹ ਨਹੀਂ ਲਾ ਸਕਦੀ। ਇਹ ਵੱਖਰੀ ਗੱਲ ਹੈ ਕਿ ਸਿੱਖਾਂ ਦੀ ਰਵਾਇਤੀ ਲੀਡਰਸ਼ਿਪ ਇਸ ਸੰਘੀ ਲਾਣੇ ਦੀ ਪਿਛਲੱਗ ਬਣੀ ਹੋਈ ਹੈ, ਪਰ ਇਹ ਉਨ੍ਹਾਂ ਦਾ ਹਮੇਸ਼ਾ ਦਾ ਵਰਤਾਰਾ ਰਿਹਾ ਹੈ ਕਿ ਸਿੱਖ ਲੀਡਰਸ਼ਿਪ ਨੇ ਕਿਸੇ ਵੀ ਸਮਾਜਿਕ ਤੇ ਸਿਆਸੀ ਮਸਲੇ ਬਾਰੇ ਸਾਫ ਪਹੁੰਚ ਨਹੀਂ ਅਪਣਾਉਣੀ ਹੁੰਦੀ। ਜਿਥੋਂ ਤੱਕ ਇਸਾਈ ਭਾਈਚਾਰੇ ਦਾ ਸਬੰਧ ਹੈ, ਜੇ ਉਨ੍ਹਾਂ ਨੂੰ ਕੋਈ ਵੱਡਾ ਖਤਰਾ ਪੇਸ਼ ਆਵੇਗਾ ਤਾਂ ਇਸ ਸੰਘੀ ਲਾਣੇ ਨੂੰ ਘੁਰਕੀ ਮਾਰਨ ਲਈ ਇਨ੍ਹਾਂ ਦੇ ਅਮਰੀਕੀ ਪ੍ਰਭੂ ਅਤੇ ਉਨ੍ਹਾਂ ਦੀ ਜੁੰਡਲੀ ਮੌਜੂਦ ਹੈ, ਜਿਸ ਦੀ ਘੁਰਕੀ ਅੱਗੇ ਇਹ ਟਿਕ ਨਹੀਂ ਸਕਦੇ।
ਅਸਲ ਵਿੱਚ ਜੋ ਖਤਰਾ ਮੌਜੂਦਾ ਹੈ, ਉਹ ਮੁਲਕ ਦੇ ਬਹੁਲਤਾਵਾਦੀ ਧਰਮ ਨਿਰਪੱਖ ਢਾਂਚੇ ਨੂੰ ਹੈ ਅਤੇ ਅੰਦੂਰਨੀ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਹੈ। ਤਸੱਲੀ ਵਾਲੀ ਗੱਲ ਇਹ ਹੈ ਕਿ ਸਾਡੇ ਦੇਸ਼ ਵਿੱਚ ਸਮਰੱਥ ਫੌਜ ਮੌਜੂਦ ਹੈ ਤੇ ਸੰਵਿਧਾਨ ਅਤੇ ਕਾਨੂੰਨ ਦੀ ਰੱਖਿਆ ਕਰਨ ਲਈ ਨਿਆਂ ਪਾਲਿਕਾ ਮੌਜੂਦ ਹੈ। ਦੂਜੀ ਵੱਡੀ ਤਸੱਲੀ ਭਾਰਤੀ ਸਮਾਜ ਦਾ ਬਹੁਗਿਣਤੀ ਹਿੱਸਾ ਇਸ ਤਰ੍ਹਾਂ ਦੀ ਫਿਰਕੂ ਧਰੁਵੀਕਰਨ ਦੀ ਸੋਚ ਦਾ ਸਮਰਥਨ ਨਹੀਂ ਕਰਦਾ। ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਸੰਘੀ ਲਾਣੇ ਦਾ ਸੂਰਜ ਅਸਤ ਹੋਣਾ ਸ਼ੁਰੂ ਹੋ ਗਿਆ ਹੈ, ਜੇ ਇਨ੍ਹਾਂ ਦੀ ਚੜ੍ਹਦੀ ਕਲਾ ਹੁੰਦੀ ਅਤੇ ਜਨ ਆਧਾਰ ਮੌਜੂਦ ਹੁੰਦਾ ਤਾਂ ਇਹ ਦੂਜੀਆਂ ਰਾਜਨੀਤਕ ਪਾਰਟੀਆਂ ਵਿੱਚ ਜੋੜ ਤੋੜ ਕਰਵਾ ਕੇ ਆਪਣੀ ਰਾਜਨੀਤੀ ਨਾ ਚਲਾਉਂਦੇ, ਬਲਕਿ ਦੂਜੀਆਂ ਪਾਰਟੀਆਂ ਦੇ ਲੋਕਾਂ ਲਈ ਆਪਣੀ ਪਾਰਟੀ ਦੇ ਦਰਵਾਜ਼ੇ ਬੰਦ ਕਰ ਦਿੰਦੇ।