ਸੰਘਰਸ਼ ਕਦੇ ਖਤਮ ਨਹੀਂ ਹੁੰਦਾ : ਸਨਾ

sna khan
ਕਈ ਵਿਗਿਆਪਨ ਫਿਲਮਾਂ ਕਰਨ ਤੋਂ ਬਾਅਦ ਸਨਾ ਨੇ ਦੱਖਣ ਭਾਰਤ ‘ਚ ਲਗਭਗ ਪੰਦਰਾਂ ਫਿਲਮਾਂ ‘ਚ ਅਭਿਨੈ ਕਰ ਕੇ ਜ਼ਬਰਦਸਤ ਸ਼ੋਹਰਤ ਖੱਟੀ। ਇਸ ਦੌਰਾਨ ਉਸ ਨੇ ਹਿੰਦੀ ਫਿਲਮ ‘ਹੱਲਾ ਬੋਲ’ ਦਾ ਛੋਟਾ ਜਿਹਾ ਕਿਰਦਾਰ ਕੀਤਾ, ਪਰ ਜਦੋਂ ਉਹ ‘ਬਿੱਗ ਬੌਸ’ ਪਹੁੰਚੀ ਤਾਂ ਸਲਮਾਨ ਖਾਨ ਨਾਲ ਉਸ ਦੇ ਚੰਗੇ ਸੰਬੰਧ ਬਣ ਗਏ, ਜਿਸ ਕਾਰਨ ਫਿਲਮ ‘ਜੈ ਹੋ’ ਵਿੱਚ ਸਨਾ ਖਾਨ ਨੂੰ ਇੱਕ ਛੋਟਾ ਜਿਹਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਉਸ ਤੋਂ ਕਾਫੀ ਸਮੇਂ ਬਾਅਦ ਉਹ ਟੀ-ਸੀਰੀਜ਼ ਨਿਰਮਿਤ ਤੇ ਲੇਖਕ-ਨਿਰਦੇਸ਼ਕ ਵਿਸ਼ਾਲ ਪੰਡਯਾ ਦੀ ਫਿਲਮ ‘ਵਜ੍ਹਾ ਤੁਮ ਹੋ’ ਵਿੱਚ ਨਜ਼ਰ ਆਈ। ਹਾਲਾਂਕਿ ਇਹ ਫਿਲਮ ਢੇਰ ਹੋ ਗਈ, ਪਰ ਇਸ ‘ਚ ਆਪਣੇ ਚੰਗੇ ਅਭਿਨੈ ਨਾਲ ਉਹ ਚਰਚਾ ਖੱਟਣ ‘ਚ ਕਾਮਯਾਬ ਰਹੀ। ਹੁਣ ਉਹ ਫਿਲਮ ‘ਟਾਇਲਟ : ਏਕ ਪ੍ਰੇਮਕਥਾ’ ਵਿੱਚ ਨਜ਼ਰ ਆਉਣ ਵਾਲੀ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ਆਪਣੇ ਕੁਝ ਅਨੁਭਵ ਦੱਸੋ?
– ਕੋਈ ਵੀ ਚੀਜ਼ ਤੁਹਾਨੂੰ ਕਦੇ ਆਸਾਨੀ ਨਾਲ ਨਹੀਂ ਮਿਲਦੀ। ਹਰ ਕੰਮ ‘ਚ ਮਿਹਨਤ ਹੁੰਦੀ ਹੈ। ਮੈਂ ਮਾਡਲਿੰਗ ਦੇ ਨਾਲ-ਨਾਲ ਰਿਐਲਿਟੀ ਸ਼ੋਅ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਫਿਲਮਾਂ ਵੱਲ ਆਈ। ਮੈਂ ਦੱਖਣ ਭਾਰਤੀ ਫਿਲਮਾਂ ਵੀ ਕਰ ਚੁੱਕੀ ਹਾਂ। ਜੇ ਅੱਗੇ ਵੀ ਇਥੇ ਕੁਝ ਚੰਗਾ ਕੰਮ ਮਿਲੇਗਾ ਤਾਂ ਫਿਰ ਕਰਨਾ ਚਾਹਾਂਗੀ।
* ਗੌਡਫਾਦਰ ਨਾ ਹੋਣ ਕਾਰਨ ਫਿਲਮ ਨਗਰੀ ‘ਚ ਕੰਮ ਮਿਲਣਾ ਕਿੰਨਾ ਮੁਸ਼ਕਲ ਹੁੰਦਾ ਹੈ?
– ਫਿਲਮ ਨਗਰੀ ਤੋਂ ਬਾਹਰ ਦੇ ਲੋਕਾਂ ਨੂੰ ਇਥੇ ਕੰਮ ਮਿਲਣਾ ਬਹੁਤ ਮੁਸ਼ਕਲ ਹੁੰਦਾ ਹੈ, ਫਿਲਮੀ ਸਿਤਾਰਿਆਂ ਦੇ ਬੱਚਿਆਂ ਦੇ ਕੰਮ ਨੂੰ ਦਰਸ਼ਕ ਦੇਖਣਾ ਚਾਹੁੰਦੇ ਹਨ। ਉਨ੍ਹਾਂ ਦੀਆਂ ਦੋ-ਚਾਰ ਫਿਲਮਾਂ ਫਲਾਪ ਹੋ ਵੀ ਜਾਣ ਤਾਂ ਉਨ੍ਹਾਂ ਨੂੰ ਮੌਕਾ ਮਿਲਦਾ ਹੈ, ਜੋ ਬਾਹਰ ਵਾਲਿਆਂ ਨੂੰ ਨਹੀਂ ਮਿਲਦਾ।
* ਤੁਹਾਨੂੰ ਵੀ ਫਿਲਮ ਨਗਰੀ ‘ਚ ਕਿਸੇ ਤਰ੍ਹਾਂ ਦੀ ਜੱਦੋਜਹਿਦ ਕਰਨੀ ਪਈ?
– ਬਿਲਕੁਲ ਕਰਨੀ ਪਈ। ਦਰਅਸਲ ਪਹਿਲਾਂ ਇਥੇ ਕੰਮ ਮਿਲਣਾ ਮੁਸ਼ਕਲ ਹੁੰਦਾ ਹੈ, ਫਿਰ ਚੰਗੇ ਰੋਲ ਦੀ ਚਾਹਤ ਹੁੰਦੀ ਹੈ। ਕਈ ਵਾਰ ਅਜਿਹੇ ‘ਚ ਜੋ ਕੰਮ ਮਿਲਦਾ ਹੈ, ਉਸ ਵਿੱਚ ਸੰਤੁਸ਼ਟ ਹੋਣਾ ਪੈਂਦਾ ਹੈ ਕਿਉਂਕਿ ਪਰਦੇ ‘ਤੇ ਆਉਣਾ, ਦਿਸਣਾ ਵੀ ਜ਼ਰੂਰੀ ਹੈ। ਇੱਕ ਕੰਮ ਨਾਲ ਹੀ ਦੂਜਾ ਕੰਮ ਮਿਲਦਾ ਹੈ।
* ਫਿਲਮਾਂ ‘ਚ ਤੁਹਾਡਾ ਆਉਣਾ ਇਤਫਾਕ ਸੀ ਜਾਂ…?
– ਬਿਲਕੁਲ ਇਤਫਾਕ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਫਿਲਮਾਂ ਵਿੱਚ ਕੰਮ ਕਰਾਂਗੀ। ਮੈਂ ਪੜ੍ਹ-ਲਿਖ ਕੇ ਇੱਕ ਚੰਗੀ ਨੌਕਰੀ ਕਰ ਕੇ ਸੈਟਲ ਹੋਣਾ ਚਾਹੁੰਦੀ ਸੀ, ਪਰ 17 ਸਾਲ ਦੀ ਘੱਟ ਉਮਰ ਵਿੱਚ ਜਦੋਂ ਮੈਨੂੰ ਐਡ ਫਿਲਮ ਮਿਲੀ ਤੇ ਉਸ ਨੂੰ ਬਹੁਤ ਤਾਰੀਫ ਮਿਲੀ ਤਾਂ ਫਿਰ ਇਹ ਫੀਲਡ ਮੈਨੂੰ ਰਾਸ ਆਉਣ ਲੱਗਾ। ਦਰਅਸਲ ਕਾਲਜ ਦੌਰਾਨ ਮੈਂ ਟਾਈਮ ਪਾਸ ਲਈ ਮਾਡਲਿੰਗ ਸ਼ੁਰੂ ਕੀਤੀ ਸੀ ਤੇ ਕਦੋਂ ਇਹ ਮੇਰਾ ਜਨੂੰਨ ਬਣ ਗਿਆ, ਪਤਾ ਹੀ ਨਹੀਂ ਲੱਗਾ। ਐਡ ਤੋਂ ਹੀ ਮੈਨੂੰ ਦੱਖਣ ਭਾਰਤ ਦੀਆਂ ਫਿਲਮਾਂ ਦੇ ਆਫਰ ਮਿਲਣੇ ਸ਼ੁਰੂ ਹੋਏ ਅਤੇ ਅੱਜ ਐਕਟਿੰਗ ਹੀ ਮੇਰਾ ਕਰੀਅਰ ਹੈ।
* ਦੱਖਣ ਭਾਰਤ ਵਿੱਚ ਕਈ ਸਫਲ ਫਿਲਮਾਂ ਕਰਨ ਤੋਂ ਬਾਅਦ ਤੁਸੀਂ ‘ਜੈ ਹੋ’ ਵਿੱਚ ਮੰਤਰੀ ਦੀ ਬੇਟੀ ਦਾ ਛੋਟਾ ਜਿਹਾ ਕਿਰਦਾਰ ਕਿਉਂ ਨਿਭਾਇਆ?
– ਤੁਹਾਨੂੰ ਲੱਗਦਾ ਹੈ ਕਿ ਉਹ ਛੋਟਾ ਜਿਹਾ ਕਿਰਦਾਰ ਸੀ, ਪਰ ਹਰ ਇਨਸਾਨ ਜਾਂ ਇੰਝ ਕਹੀਏ ਕਿ ਕਲਾਕਾਰ ਦੀ ਆਪਣੀ ਪਸੰਦ ਹੁੰਦੀ ਹੈ। ਕਈ ਵੱਡੀਆਂ-ਵੱਡੀਆਂ ਫਿਲਮਾਂ ਵਿੱਚ ਵੱਡੇ ਕਲਾਕਾਰ ਵੀ ਗੈਸਟ ਅਪੀਅਰੈਂਸ ਜਾਂ ਛੋਟਾ ਕਿਰਦਾਰ ਕਰਨ ਆ ਜਾਂਦੇ ਹਨ। ਅਸੀਂ ਇਸ ਤਰ੍ਹਾਂ ਦੇ ਛੋਟੇ ਕਿਰਦਾਰ ਨਿਰਦੇਸ਼ਕ ਜਾਂ ਉਸ ਫਿਲਮ ਨਾਲ ਜੁੜੇ ਕਿਸੇ ਕਲਾਕਾਰ ਨਾਲ ਆਪਣੇ ਰਿਸ਼ਤੇਜਾਂ ਦੋਸਤੀ ਨਿਭਾਉਣ ਲਈ ਕਰਦੇ ਹਾਂ। ‘ਬਿੱਗ ਬੌਸ’ ਕਰਦਿਆਂ ਮੇਰੀ ਤੇ ਸਲਮਾਨ ਖਾਨ ਦੀ ਜੋ ਟਿਊਨਿੰਗ ਬਣੀ ਸੀ, ਉਸ ਕਾਰਨ ਉਨ੍ਹਾਂ ਦੇ ਕਹਿਣ ‘ਤੇ ਮੈਂ ਫਿਲਮ ‘ਜੈ ਹੋ’ ਕੀਤੀ ਸੀ। ਉਹ ਹੀਰੋਇਨ ਵਾਲੀ ਫਿਲਮ ਨਹੀਂ ਸੀ। ਮੈਨੂੰ ਇਹ ਗੱਲ ਪਹਿਲਾਂ ਤੋਂ ਪਤਾ ਸੀ। ਮੈਂ ਸਲਮਾਨ ਨਾਲ ਆਪਣੇ ਚੰਗੇ ਸੰਬੰਧਾਂ ਨੂੰ ਨਿਭਾਇਆ ਸੀ।
* ‘ਟਾਇਲਟ : ਏਕ ਪ੍ਰੇਮਕਥਾ’ ਬਾਰੇ ਕੁਝ ਦੱਸੋ।
– ਨੀਰਜ ਪਾਂਡੇ ਵੱਲੋਂ ਬਣਾਈ ਇਸ ਫਿਲਮ ਦਾ ਨਿਰਦੇਸ਼ਨ ਨਾਰਾਇਣ ਸਿੰਘ ਨੇ ਕੀਤਾ ਹੈ। ਫਿਲਮ ਵਿੱਚ ਅਕਸ਼ੈ ਕੁਮਾਰ ਤੇ ਭੂਮੀ ਪੇਡਨੇਕਰ ਦੀ ਲੀਡ ਭੂਮਿਕਾ ਹੈ, ਇਸ ਵਿੱਚ ਮੈਂ ਅਕਸ਼ੈ ਕੁਮਾਰ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾਈ ਹੈ। ਪ੍ਰੇਮ ਤਿਕੋਣ ‘ਤੇ ਆਧਾਰਤ ਕਾਮੇਡੀ ਜਾਨਰ ਦੀ ਇਸ ਫਿਲਮ ਵਿੱਚ ਅਨੁਪਮ ਖੇਰ ਵੀ ਮਹੱਤਵ ਪੂਰਨ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇੱਕ ਕਾਮੇਡੀ ਫਿਲਮ ‘ਟਾਮ ਡਿਕ ਐਂਡ ਹੈਰੀ’ ਵੀ ਕਰ ਰਹੀ ਹਾਂ, ਜਿਸ ਦੀ ਸ਼ੂਟਿੰਗ ਆਖਰੀ ਦੌਰ ‘ਚ ਹੈ।