ਸੰਖਨਾਦ

-ਮੁਨਸ਼ੀ ਪ੍ਰੇਮ ਚੰਦ
-ਪੰਜਾਬੀ ਰੂਪ- ਹਰੀ ਕ੍ਰਿਸ਼ਨ ਮਾਇਰ
ਭਾਨੂੰ ਚੌਧਰੀ ਪਿੰਡ ਦਾ ਮੁਖੀਆ ਸੀ। ਉਸ ਦਾ ਸਭ ਪਾਸੇ ਬੜਾ ਮਾਣ ਤਾਣ ਸੀ। ਦਰੋਗਾ ਜੀ ਆਉਂਦੇ ਤਾਂ ਉਸ ਨੂੰ ਬੋਰੀ ਵਿਛਾਏ ਬਿਨਾਂ ਭੁੰਜੇ ਨਾ ਬੈਠਣ ਦਿੰਦੇ। ਉਸ ਦੀ ਚੰਗੀ ਧਾਂਕ ਬਣੀ ਹੋਈ ਸੀ। ਭਾਨੂੰ ਚੌਧਰੀ ਦੀ ਮਰਜ਼ੀ ਤੋਂ ਬਗੈਰ ਪਿੰਡ ਵਿੱਚ ਪੱਤਾ ਵੀ ਨਾ ਹਿੱਲਦਾ। ਕੋਈ ਰੌਲਾ ਭਾਵੇਂ ਸੱਸ-ਨੂੰਹ ਦਾ ਬੋਲ ਬੁਲਾਰਾ ਹੋਇਆ ਹੁੰਦਾ, ਭਾਵੇਂ ਹੱਦਬੰਦੀ ਜਾਂ ਖੇਤ ਦਾ ਝਗੜਾ ਹੁੰਦਾ, ਚੌਧਰੀ ਘਟਨਾ ਵਾਲੀ ਥਾਂ ਝੱਟ ਪਹੁੰਚ ਜਾਂਦਾ ਸੀ। ਪੁੱਛ ਪੜਤਾਲ ਕੀਤੀ ਜਾਂਦੀ, ਸਬੂਤਾਂ ਤੇ ਗਵਾਹਾਂ ‘ਤੇ ਵਿਚਾਰ ਕੀਤੀ ਜਾਂਦੀ ਅਤੇ ਚੌਧਰੀ ਸਾਬ੍ਹ ਦੇ ਦਰਬਾਰ ‘ਚ ਫੈਸਲਾ ਹੋ ਜਾਂਦਾ ਸੀ। ਇਸ ਖੱਜਲ ਖੁਆਰੀ ਲਈ ਚੌਧਰੀ ਸਾਬ੍ਹ ਫੀਸ ਜ਼ਰੂਰ ਲੈਂਦੇ ਸਨ।
ਚੌਧਰੀ ਦੇ ਤਿੰਨ ਮੁੰਡੇ ਸਨ। ਵੱਡਾ ਬਿਤਾਨ ਪੜ੍ਹਿਆ ਲਿਖਿਆ, ਤਜਰਬੇਕਾਰ ਤੇ ਨੀਤੀਵਾਨ ਸੀ। ਉਸ ਦੇ ਅਧੀਨ ਕਾਨੂੰਨੀ ਅਤੇ ਅਦਾਲਤੀ ਮਾਮਲੇ ਸਨ। ਵਿਚਕਾਰਲਾ ਮੁੰਡੇ ਸਾਨ ਖੇਤੀਬਾੜੀ ਵਿਭਾਗ ਵਿੱਚ ਅਫਸਰ ਸੀ। ਬੁੱਧੀ ਪੱਖੋਂ ਘੱਟ ਅਤੇ ਸਰੀਰ ਪੱਖੋਂ ਮਿਹਨਤੀ। ਤੀਜਾ ਲੜਕਾ ਗੁਮਾਨ ਸੀ। ਉਹ ਦਿਲ ਦਾ ਸਾਫ, ਪਰ ਸੁਭਾਅ ਦਾ ਥੋੜ੍ਹਾ ਅੱਖੜ ਸੀ। ਡਫਲੀ ਵਜਾਉਂਦਾ, ਮਿੱਠੇ ਸੁਰ ਵਿੱਚ ਐਸਾ ਖਿਆਲ ਗਾਉਂਦਾ ਕਿ ਰੰਗ ਜੰਮਾ ਦਿੰਦਾ ਸੀ। ਉਸ ਨੂੰ ਕੁਸ਼ਤੀ ਦਾ ਸ਼ੌਕ ਵੀ ਸੀ, ਪਰ ਪਿਤਾ ਅਤੇ ਭਰਾਵਾਂ ਨੇ ਉਸ ਨੂੰ ਇਕ ਬੰਜਰ ਖੇਤ ਸਮਝਿਆ ਹੋਇਆ ਸੀ। ਉਸ ਉਪਰ ਝਿੜਕਣ ਝੰਬਣ, ਬੇਨਤੀ, ਪਿਆਰ ਤੇ ਸਮਝਾਉਣ ਦਾ ਕੋਈ ਅਸਰ ਨਹੀਂ ਹੁੰਦਾ ਸੀ, ਪਰ ਭਾਬੀਆਂ ਉਸ ਤੋਂ ਨਾਰਾਜ਼ ਨਹੀਂ ਸਨ। ਕੋਈ ਹੀ ਦਿਨ ਲੰਘਦਾ ਹੋਣਾ, ਜਦੋਂ ਗੁਮਾਨ ਨੂੰ ਭਾਈਆਂ ਦੇ ਕੌੜੇ ਬੋਲ ਨਾ ਸੁਣਨੇ ਪਏ ਹੋਣ। ਕੌੜੇ ਬੋਲ ਤੀਰ ਬਣ ਕੇ ਉਸ ਦੇ ਦਿਲ ਵਿੱਚ ਚੁਭ ਜਾਂਦੇ, ਪਰ ਇਹ ਜ਼ਖਮ ਰਾਤੋ-ਰਾਤ ਸਹੀ ਹੋ ਜਾਂਦੇ ਸਨ। ਉਸ ਨੂੰ ਰਾਹ ‘ਤੇ ਲਿਆਉਣ ਲਈ ਕਿਹੜੇ-ਕਿਹੜੇ ਉਪਾਅ ਨਹੀਂ ਕੀਤੇ ਗਏ। ਪਿਤਾ ਸਮਝਾਉਂਦਾ, ‘ਪੁੱਤ, ਅਜਿਹੇ ਕੰਮਕਾਰ ਕਰ, ਜਿਸ ਨਾਲ ਤੈਨੂੰ ਦੌਲਤ ਵੀ ਮਿਲੇ ਅਤੇ ਗ੍ਰਹਿਸਥੀ ਦਾ ਗੁਜ਼ਾਰਾ ਵੀ ਚਲੀ ਜਾਵੇ। ਭਾਈਆਂ ਦਾ ਆਸਰੇ ਕਦੋਂ ਤੀਕ ਬੈਠਾ ਰਹੇਂਗਾ? ਮੈਂ ਤਾਂ ਪੱਕਿਆ ਅੰਬ ਹਾਂ, ਅੱਜ ਡਿੱਗ ਪਵਾਂ ਜਾਂ ਭਲਕੇ। ਫਿਰ ਤੇਰਾ ਗੁਜ਼ਾਰਾ ਕਿਵੇਂ ਚੱਲੇਗਾ? ਆਪਣੇ ਜਵਾਨ ਮੁੰਡਿਆਂ ਦਾ ਭਾਰ ਕਿਵੇਂ ਚੁੱਕੇਂਗਾ?’
ਗੁਮਾਨ ਖੜਾ ਸੁਣਦਾ ਰਿਹਾ, ਪਰ ਪੱਥਰ ‘ਚੇ ਬੰਦੂ ਪਈ ਨਾ ਪਈ। ਉਸ ਦੀਆਂ ਆਦਤਾਂ ਦੀ ਸਜ਼ਾ ਉਸ ਦੀ ਪਤਨੀ ਨੂੰ ਭੁਗਤਣੀ ਪੈਂਦੀ। ਘਰ ਦੇ ਸਾਰੇ ਔਖੇ ਭਾਰੇ ਕੰਮ ਉਸ ਨੂੰ ਸੌਂਪ ਦਿੱਤੇ ਜਾਂਦੇ। ਇਕ ਵਾਰ ਉਹ ਆਪਣੇ ਪਤੀ ਨਾਲ ਕਈ ਦਿਨ ਰੁੱਸੀ ਰਹੀ ਤਾਂ ਕਿਤੇ ਗੁਮਾਨ ਥੋੜ੍ਹਾ ਢਿੱਲਾ ਪਿਆ। ਆਪਣੇ ਪਿਤਾ ਨੂੰ ਜਾ ਕੇ ਕਹਿਣ ਲੱਗਾ, ‘ਮੈਨੂੰ ਕੋਈ ਦੁਕਾਨ ਖੋਲ੍ਹ ਦਿਉ।’ ਚੌਧਰੀ ਨੇ ਮੋਟੇ ਪੈਸੇ ਲਾ ਕੇ ਕੱਪੜੇ ਦੀ ਦੁਕਾਨ ਖੋਲ੍ਹ ਦਿੱਤੀ। ਗੁਮਾਨ ਦੇ ਭਾਗ ਜਾਗ ਪਏ। ਜੇਬ ਲਾ ਕੇ ਸਿਲਵਟ ਵਾਲੇ ਕੁੜਤੇ ਤਿਆਰ ਕਰਵਾਏ, ਮਲਮਲ ਦਾ ਸਾਫ ਰੰਗਾਇਆ। ਦੁਕਾਨ ਖੁੱਲ੍ਹਦੀ ਤਾਂ ਪੰਜ ਸੱਤ ਮਿੱਤਰ ਆ ਬੈਠਦੇ। ਚਰਸ ਦੇ ਸੂਟੇ ਲੱਗਦੇ ਤੇ ਖਿਆਲਾਂ ਦੀਆਂ ਸੁਰਾਂ ਗੂੰਜਦੀਆਂ ‘ਚੱਲ ਝਪਟ ਰੀ, ਜਮੁਨਾ ਤੱਟ ਰੀ, ਖੜੋ ਨਟਖਟ ਰੀ।’ ਤਿੰਨ ਮਹੀਨੇ ਸੁਖ ਸਾਂਦ ਨਾਲ ਲੰਘੇ। ਗੁਮਾਨ ਨੇ ਦਿਲ ਖੋਲ੍ਹ ਕੇ ਇੱਛਾਵਾਂ ਪੂਰੀਆਂ ਕੀਤੀਆਂ। ਬੋਰੀ ਦੇ ਟੁਕੜੇ ਤੋਂ ਇਲਾਵਾ ਦੁਕਾਨ ਵਿੱਚ ਕੱਖ ਨਾ ਬਚਿਆ। ਬਜ਼ੁਰਗ ਚੌਧਰੀ ਚਲਿਆ, ਖੂਹ ‘ਚ ਛਾਲ ਮਾਰਨ। ਭਾਬੀਆਂ ਨੇ ਵੀ ਅੰਦੋਲਨ ਚਲਾਇਆ, ਪਰ ਗੁਮਾਨ ਦੇ ਵਿਹਾਰ ‘ਚ ਭੋਰਾ ਤਬਦੀਲੀ ਨਾ ਆਈ। ਮੁੜ ਪੁਰਾਣੇ ਤੌਰ ਤਰੀਕਿਆਂ ‘ਤੇ ਆਗਿਆ।
ਕਾਨੂੰਨਦਾਨ ਬਿਤਾਨ ਉਸ ਦੀ ਠਾਠ ਬਾਠ ਦੇਖ ਕੇ ਸੜ ਬਲ ਜਾਂਦਾ। ਕਹਿੰਦਾ, ‘ਮੈਂ ਦਿਨ ਭਰ ਪਸੀਨਾ ਵਹਾਉਂਦਾ ਹਾਂ, ਮੈਨੂੰ ਤਾਂ ਅਜਿਹਾ ਕੁੜਤਾ ਵੀ ਨਸੀਬ ਨਹੀਂ ਹੁੰਦਾ। ਇਹ ਵਿਹਲਾ ਮੰਜੀ ਤੋੜਦਾ ਤਾਂ ਬਣ ਠਣ ਕੇ ਨਿਕਲਦਾ ਹੈ।’ ਉਸ ਨੂੰ ਸ਼ਾਨ ਵੀ ਕੁਝ ਨਾ ਕੁਝ ਬੋਲਦਾ ਰਹਿੰਦਾ ਸੀ। ਆਖਿਰ ਅੱਗ ਭੜਕ ਪਈ। ਬਿਤਾਨ ਦੀ ਪਤਨੀ, ਗੁਮਾਨ ਦੇ ਸਾਰੇ ਕੱਪੜੇ ਚੁੱਕ ਲਿਆਈ। ਉਪਰ ਮਿੱਟੀ ਦਾ ਤੇਲ ਛਿੜਕ ਕੇ ਅੱਗੇ ਲਾਉਣ ਲੱਗੀ। ਗੁਮਾਨ ਰੋਂਦਾ ਰਿਹਾ। ਦੋਵੇਂ ਭਰਾ ਖੜੇ ਤਮਾਸ਼ਾ ਦੇਖੀ ਗਏ। ਬੁੱਢਾ ਚੌਧਰੀ ਇਹ ਦਿ੍ਰਸ਼ ਦੇਖ ਕੇ ਸਿਰ ਪਿੱਟਣ ਲੱਗਾ। ਇਹ ਅੱਗ ਥੋੜ੍ਹੀ ਦੇਰ ਪਿੱਛੋਂ ਸਾਂਤ ਹੋ ਗਈ, ਪਰ ਦਿਲ ਦੀ ਅੱਗ ਜਿਉਂ ਦੀ ਤਿਉਂ ਧੁਖਦੀ ਰਹੀ। ਆਖਰ ਚੌਧਰੀ ਨੇ ਘਰ ਦੇ ਸਭਨਾਂ ਮੈਂਬਰਾਂ ਨੂੰ ਇਕੱਠਾ ਕੀਤਾ ਤੇ ਬਿਤਾਨ ਨੂੰ ਕਹਿੰਦਾ, ‘ਬੇਟਾ, ਸੈਂਕੜੇ ਰੁਪਈਆਂ ‘ਤੇ ਪਾਣੀ ਫਿਰ ਚੁੱਕਾ ਹੈ। ਤੂੰ ਕੋਈ ਐਸਾ ਰਾਹ ਲੱਭ ਤਾਂ ਜੋ ਘਰ ਡੁੱਬਣੋ ਬਚ ਜਾਵੇ।’
ਬਿਤਾਨ ਅਜੇ ਸੋਚ ਹੀ ਰਿਹਾ ਸੀ ਕਿ ਉਸ ਦੀ ਪਤਨੀ ਬੋਲ ਪਈ, ‘ਹੁਣ ਸਮਝਾਉਣ ਬੁਝਾਉਣ ਨਾਲ ਕੰਮ ਨਹੀਂ ਚੱਲਣਾ। ਬਰਦਾਸ਼ਤ ਕਰਦਿਆਂ-ਕਰਦਿਆਂ ਅਸੀਂ ਸਾਰੇ ਅੱਕ ਚੁੱਕੇ ਹਾਂ। ਮੈਂ ਸਾਫ ਕਹਿੰਦੀ ਹਾਂ ਵੰਡ ਵੰਡਾਰਾ ਕਰਕੇ ਸਾਡਾ ਹਿੱਸਾ ਸਾਨੂੰ ਦੇ ਦਿਓ, ਇਸ ਦਾ ਇਸ ਨੂੰ। ਅਸੀਂ ਆਪਣੀ ਵੱਖਰੀ ਝੌਂਪੜੀ ਬਣਾ ਲਵਾਂਗੇ।’
ਘੱਟ ਬੁੱਧੀ ਵਾਲੇ ਸ਼ਾਨ ਨੇ ਕੀ ਬੋਲਣਾ ਸੀ। ਉਸ ਦੀ ਪਤਨੀ ਜਠਾਣੀ ਪਿੱਛੇ ਲੱਗ ਕੇ ਹੁੰਗਾਰਾ ਭਰਦੀ ਗਈ। ਸ਼ਾਨ ਤਾਂ ਬੱਸ ਚੁੱਪ ਕਰਕੇ ਉਸ ਦੀ ਕਹੀ ਗੱਲ ‘ਤੇ ਸਹਿਮਤੀ ਦਿਖਾਉਂਦਾ ਰਿਹਾ। ਬਜ਼ੁਰਗ ਚੌਧਰੀ, ਗੁਮਾਨ ਨੂੰ ਕਹਿਣ ਲੱਗਾ, ‘ਕਿਉਂ ਪੁੱਤਰਾ, ਤੈਨੂੰ ਇਹ ਮਨਜ਼ੂਰ ਹੈ? ਅਜੇ ਵੀ ਕੁਝ ਨਹੀਂ ਵਿਗੜਿਆ। ਕੰਮ ਪਿਆਰਾ ਹੁੰਦਾ ਹੈ, ਚੰਮ ਨਹੀਂ। ਬੋਲ, ਤੂੰ ਕੀ ਕਹਿੰਦਾ ਹੈ?’ ਗੁਮਾਨ ਵਿੱਚ ਹੌਸ਼ਲੇ ਦੀ ਘਾਟ ਨਹੀਂ ਸੀ, ਪਰ ਉਸ ਨੂੰ ਭਾਈਆਂ ਦੇ ਵਿਹਾਰ ‘ਤੇ ਗੁੱਸਾ ਆ ਗਿਆ। ਬੋਲਿਆਂ, ‘ਜਿਵੇਂ ਭਰਾ ਚਾਹੁੰਦੇ ਹਨ, ਮੈਨੂੰ ਠੀਕ ਹੈ। ਮੈ ਵੀ ਇਸ ਝੰਜਟ ਤੋਂ ਮੁਕਤੀ ਚਾਹੁੰਦਾ ਹੰ। ਮੈਂ ਕਿਸੇ ਨੂੰ ਕੰਮ ਕਰਨ ਨੂੰ ਨਹੀਂ ਕਹਿੰਦਾ। ਤੁਸੀਂ ਮੇਰੇ ਕਿਉਂ ਪਿੱਛੇ ਪਏ ਹੋ? ਆਪੋ ਆਪਣੀ ਚਿੰਤਾ ਕਰੋ। ਮੈਨੂੰ ਅੱਧਾ ਸੇਰ ਆਟੇ ਦੀ ਘਾਟ ਨਹੀਂ।’
ਇਸ ਤਰ੍ਹਾਂ ਦੇ ਇਕੱਠ ਬੜੀ ਵਾਰ ਹੋ ਚੁੱਕੇ ਸਨ, ਪਰ ਸਿੱਟਾ ਕੋਈ ਨਹੀਂ ਸੀ ਨਿਕਲਿਆ। ਗੁਮਾਨ ਦੇ ਦੋ ਤਿੰਨ ਦਿਨ ਘਰ ਖਾਣਾ ਨਾ ਖਾਧਾ। ਆਖਰ ਬੁੱਢਾ ਚੌਧਰੀ ਉਸ ਨੂੰ ਮਨਾ ਕੇ ਲਿਆਇਆ ਸੀ। ਚੌਧਰੀ ਦੇ ਘਰ ਦੇ ਜੁਆਕ ਵੀ ਸਿਆਣੇ ਸਨ। ਉਨ੍ਹਾਂ ਲਈ ਘੋੜੇ ਮਿੱਟੀ ਦੇ ਘੋੜੇ ਸਨ ਅਤੇ ਕਿਸ਼ਤੀਆਂ ਕਾਗਜ਼ ਦੀਆਂ ਕਿਸ਼ਤੀਆਂ। ਫੁੱਲਾਂ ਬਾਰੇ ਉਨ੍ਹਾਂ ਕੋਲ ਅਸੀਮ ਗਿਆਨ ਸੀ। ਪਿੱਪਲ ਦੀਆਂ ਗੋਲਾਂ, ਜੰਗਲੀ ਬੇਰਾਂ ਤੇ ਹੋਰ ਕਿੰਨੇ ਹੀ ਫਲ ਸਨ, ਜਿਨ੍ਹਾਂ ਨੂੰ ਉਹ ਰੋਗਾਂ ਦਾ ਘਰ ਮੰਨਦੇ ਸਨ। ਪਰ ਜਦੋਂ ਗੁਰਦੀਨ ਗਲੀ ਵਿੱਚ ਹੋਕਾ ਦਿੰਦਾ ਤਾਂ ਬੱਚੇ ਜਾਗ ਪੈਂਦੇ ਸਨ। ਪਿੰਡਾਂ ਵਿੱਚ ਉਹ ਹਫਤੇ ਪਿੱਛੋਂ ਗੇੜਾ ਮਾਰਦਾ ਸੀ। ਗੁਰਦੀਨ ਦੇਖਣ ਨੂੰ ਬੁੱਢਾ ਤੇ ਮੈਲਾ ਕੁਚੈਲਾ ਦਿਸਦਾ ਸੀ, ਪਰ ਬੱਚਿਆਂ ਲਈ ਉਹ ਕਿਸੇ ਦੈਵੀ ਮੰਤਰ ਨਾਲੋਂ ਘੱਟ ਨਹੀਂ ਸੀ। ਉਹ ਬੱਚਿਆਂ ਨੂੰ ਮਠਿਆਈਆਂ ਵੇਚਦਾ ਅਤੇ ਮਾਵਾਂ ਨੂੰ ਮਿੱਠੀਆਂ ਗੱਲਾਂ। ਬੱਚੇ-ਬੱਚੇ ਦੇ ਹੱਥ ‘ਤੇ ਭੋਰਾ ਮਠਿਆਈ ਰੱਖ ਹੀ ਦਿੰਦਾ। ਪੂਰੀ ਅਪਣੱਤ ਨਾਲ ਕਹਿੰਦਾ, ‘ਬਹੂ ਜੀ, ਪੈਸੇ ਦੀ ਚਿੰਤਾ ਨਾ ਕਰੋ, ਆ ਜਾਣਗੇ ਫੇਰ, ਭੱਜ ਨ੍ਹੀਂ ਚੱਲੇ।’
ਮੰਗਲਵਾਰ ਦਾ ਦਿਨ ਸੀ। ਬੱਚੇ ਬੇਸਬਰੀ ਨਾਲ ਬੂਹਿਆਂ ‘ਤੇ ਖੜੇ ਗੁਰਦੀਨ ਨੂੰ ਉਡੀਕ ਰਹੇ ਸਨ। ਸੂਰਜ ਪੱਛਮ ਵਿੱਚ ਪਹੁੰਚ ਗਿਆ ਸੀ। ਉਹ ਆਇਆ ਤਾਂ ਬੱਚੇ ਉਸ ਵੱਲ ਦੌੜੇ। ਗੁਰਦੀਨ ਨੇ ਆਪਣੀ ਸੰਦੂਕੜੀ ਉਤਾਰ ਲਈ। ਲੱਗਾ ਭੋਰਾ-ਭੋਰਾ ਮਠਿਆਈ ਵੰਡਣ। ਪਹਿਲਾ ਘਰ ਚੌਧਰੀ ਦਾ ਸੀ। ਬਿਤਾਨ ਦੀ ਪਤਨੀ ਆਪਣੇ ਤਿੰਨ ਮੁੰਡਿਆਂ ਨਾਲ ਅਤੇ ਸ਼ਾਨ ਦੀ ਪਤਨੀ ਦੋਵਾਂ ਮੁੰਡਿਆਂ ਨਾਲ ਉਸ ਕੋਲ ਆ ਗਈਆਂ। ਗੁਰਦੀਨ ਮਿੱਠੀਆਂ ਗੱਲਾਂ ਕਰਨ ਲੱਗਿਆ। ਪੈਸੇ ਝੋਲੇ ਵਿੱਚ ਰੱਖ ਕੇ ਧੇਲੇ ਦੀ ਮਠਿਆਈ ਦਿੱਤੀ ਤੇ ਧੇਲੇ ਦੀ ਆਸ਼ੀਰਵਾਦ। ਪਿੰਡ ਵਿੱਚ ਕੋਈ ਅਜਿਹਾ ਬੱਚਾ ਨਹੀਂ ਸੀ, ਜਿਸ ਨੇ ਗੁਰਦੀਨ ਦੀ ਦਿਆਲਤਾ ਦਾ ਫਾਇਦਾ ਨਾ ਉਠਾਇਆ ਹੋਵੇ। ਹਾਂ, ਇਕ ਬੱਚਾ ਸੀ ਅਜਿਹਾ। ਉਸ ਸੀ ਗੁਮਾਨ ਦਾ ਮੁੰਡਾ ਧਾਨ।
ਧਾਨ ਆਪਣੇ ਭੈਣਾਂ ਭਰਾਵਾਂ ਨੂੰ ਮਠਿਆਈਆਂ ਲੈਂਦਿਆਂ ਦੇਖਦਾ ਤਾਂ ਉਸ ਦਾ ਮਨ ਵੀ ਲਲਚਾਉਂਦਾ। ਮਾਂ ਦਾ ਪੱਲਾ ਫੜ ਕੇ ਦਰਵਾਜ਼ੇ ਵੱਲ ਨੂੰ ਖਿੱਚਣ ਲੱਗਦਾ, ਪਰ ਉਹ ਵਿਚਾਰੀ ਔਰਤ ਕੀ ਕਰਦੀ? ਉਹ ਆਪਣੇ ਨਖੱਟੂ ਪਤੀ ‘ਤੇ ਬੁੜਬੁੜ ਕਰਦੀ। ਆਦਮੀ ਨਿਕੰਮਾ ਨਾ ਹੁੰਦਾ ਤਾਂ ਉਸ ਨੂੰ ਦੂਜਿਆਂ ਦੇ ਮੂੰਹ ਵੱਲ ਨਾ ਦੇਖਣਾ ਪੈਂਦਾ। ਉਸ ਨੇ ਮੁੰਡੇ ਨੂੰ ਗੋਦੀ ਚੁੱਕ ਲਿਆ ਅਤੇ ਪਿਆਰ ਨਾਲ ਦਿਲਾਸਾ ਦੇਣ ਲੱਗੀ, ‘ਰੋ ਨਾ ਪੁੱਤਰ, ਹੁਣ ਜਦੋਂ ਗੁਰਦੀਨ ਆਵੇਗਾ ਤਾਂ ਤੈਨੂੰ ਬਹੁਤ ਸਾਰੀ ਮਠਿਆਈ ਲੈ ਕੇ ਦਿਆਂਗੀ।’ ਇਹ ਕਹਿ ਕੇ ਉਸ ਦੀਆਂ ਅੱਖਾਂ ਛਲਕ ਗਈਆਂ। ਉਹ ਮੰਗਲਵਾਰ ਨੂੰ ਕੋਸਣ ਲੱਗੀ। ‘ਮੰਗਲਵਾਰ ਦਾ ਮਨਹੂਸ ਦਿਨ ਆਉਂਦਾ ਹੈ ਤਾਂ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਾਉਣੇ ਪੈਂਦੇ ਹਨ।’ ਉਹ ਵਿਚਾਰੀ ਫਿਕਰਾਂ ਵਿੱਚ ਡੁੱਬੀ ਹੋਈ ਸੀ। ਮੁੰਡਾ ਕਿਸੇ ਤਰੀਕੇ ਚੁੱਪ ਹੀ ਨਹੀਂ ਕਰ ਰਿਹਾ ਸੀ। ਉਸ ਨੂੰ ਗੁੱਸਾ ਚੜ੍ਹ ਗਿਆ। ਉਸ ਨੇ ਦੋ ਤਿੰਨ ਚਪੇੜਾਂ ਉਪਰੋਂ ਥਲੀ, ਜੁਆਕ ਦੇ ਜੜ੍ਹ ਦਿੱਤੀਆਂ। ਬੋਲੀ, ‘ਨਿਕਰਮਿਆ, ਚੁੱਪ ਕਰ। ਤੇਰਾ ਮੂੰਹ ਹੈ ਮਠਿਆਈ ਖਾਣ ਵਾਲਾ?’
ਗੁਮਾਨ ਕੋਠੀ ਦੇ ਦਰਵਾਜ਼ੇ ਕੋਲ ਬੈਠਾ, ਇਹ ਸਾਰਾ ਕੁਝ ਗਹੁ ਨਾਲ ਦੇਖ ਰਿਹਾ ਸੀ। ਉਹ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦਾ ਸੀ। ਬੱਚੇ ਨੂੰ ਪਏ ਥੱਪੜ ਉਸ ਦੀ ਰੂਹ ਨੂੰ ਝੰਜੋੜ ਗਏ। ਗੁਮਾਨ ਦੀਆਂ ਅੱਖਾਂ ਦੇ ਅੱਥਰੂ ਉਸ ਦੇ ਦਿਲ ਦੀ ਮੈਲ ਨੂੰ ਧੋ ਗਏ ਸਨ। ਉਸ ਨੇ ਬੱਚੇ ਨੂੰ ਗੋਦੀ ਚੁੱਕ ਲਿਆ ਅਤੇ ਪਤਨੀ ਨੂੰ ਕਹਿਣ ਲੱਗਿਆ, ‘ਬੱਚੇ ਨੂੰ ਐਨਾ ਗੁੱਸੇ ਕਿਉਂ ਹੁੰਦੀ ਹੈ? ਤੇਰਾ ਦੋਸ਼ੀ ਮੈਂ ਹਾਂ, ਮੈਨੂੰ ਜੋ ਮਰਜ਼ੀ ਸਜ਼ਾ ਦੇ। ਰੱਬ ਨੇ ਚਾਹਿਆ ਤਾਂਇਸ ਘਰ ਵਿੱਚ ਕੱਲ੍ਹ ਤੋਂ ਲੋਕ, ਮੇਰਾ ਤੇ ਮੇਰੇ ਬੱਚਿਆਂ ਦਾ ਆਦਰ ਕਰਿਆ ਕਰਨਗੇ। ਅੱਜ ਤੂੰ ਮੈਨੂੰ ਜਗਾ ਦਿੱਤਾ ਹੈ। ਏਨਾ ਜਗਾ ਦਿੱਤਾ ਹੈ ਕਿ ਮੇਰੇ ਕੰਨਾਂ ਵਿੱਚ ਸੰਖਨਾਦ ਵੱਜ ਗਿਆ ਹੈ ਜੋ ਮੈਨੂੰ ਕਰਮ ਦੇ ਰਾਹ ‘ਤੇ ਤੁਰਨ ਦੀ ਪ੍ਰੇਰਨਾ ਦੇ ਗਿਆ ਹੈ।’

ਬਿਊਟੀ ਟਿਪਸ
ਇਸ ਤਰ੍ਹਾਂ ਲਗਾਓ ਆਈਲਾਈਨਰ
ਹਰ ਖਾਸ ਮੌਕੇ ‘ਤੇ ਆਈਲਾਈਨਰ ਦਾ ਤਰੀਕਾ ਬਦਲ ਜਾਂਦਾ ਹੈ। ਪਾਰਟੀਜ਼, ਫੰਕਸ਼ਨਸ ਤੋਂ ਲੈ ਕੇ ਕਾਲਜ ਵਿੱਚ ਲਾਈਨਰ ਲਗਾਉਣ ਦੇ ਤਰੀਕੇ ਬਦਲ ਜਾਂਦੇ ਹਨ, ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਜਿਸ ਤਰੀਕੇ ਨਾਲ ਲਾਈਨਰ ਲਗਾ ਰਹੇ ਹੈ ਉਸ ਦਾ ਨਾਂਅ ਪਤੇ ਨਹੀਂ ਹੁੰਦਾ ਹੈ। ਇਸ ਵਾਰ ਇਸ ਤਰ੍ਹਾਂ ਦੇ ਹੀ ਕੁਝ ਖਾਸ ਆਈਲਾਈਨਰ ਦੇ ਡਿਜ਼ਾਈਨਸ ਅਤੇ ਉਨ੍ਹਾਂ ਦੇ ਨਾਂਅ ਅਸੀਂ ਤੁਹਾਨੂੰ ਦੱਸ ਰਹੇ ਹਾਂ :
ਕੈਟ ਆਈਲਾਈਨਰ
ਕਾਲਜ ਜਾਣ ਵਾਲੀਆਂ ਲੜਕੀਆਂ ਵਿੱਚ ਇਹ ਲਾਈਨਰ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਨੂੰ ਲਗਾਉਣ ਦਾ ਤਰੀਕਾ ਬੇਹੱਦ ਆਸਾਨ ਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਸਾਧਾਰਣ ਆਈਲਾਈਨਰ ਲਾਉਂਦੇ ਹੋ। ਉਸ ਲਾਈਨਰ ਨੂੰ ਉਪਰਲੀਆਂ ਪਲਕਾਂ ਦੇ ਕਿਨਾਰੇ ਤੋਂ ਉਪਰ ਵੱਲ ਲਿਜਾਕੇ ਥੋੜ੍ਹਾ ਡਾਰਕ ਲਗਾਓ।
ਦੋ ਖੰਭਾਂ ਦਾ ਲਾਈਨਰ
ਇਸ ਆਈਲਾਈਨਰ ਨੂੰ ਲਗਾਉਣ ਦਾ ਤਰੀਕਾ ਕੈਟ ਆਈਲਾਈਨਰ ਨਾਲ ਕਾਫੀ ਮਿਲਦਾ ਜੁਲਦਾ ਹੈ। ਕੈਟ ਆਈਲਾਈਨਰ ਲਗਾਉਣ ਦੇ ਬਾਅਦ ਹੇਠਲੀਆਂ ਪਲਕਾਂ ਤੋਂ ਉਪਰ ਵੱਲ ਇੱਕ ਰੇਖਾ ਖਿੱਚੋ। ਦੋਵੇਂ ਰੇਖਾਵਾਂ ਆਪਸ ਵਿੱਚ ਨਾ ਮਿਲਣ ਇਸ ਗੱਲ ਦਾ ਖਿਆਲ ਰੱਖੋ।
ਗਲਿਟਰੀ ਆਈਲਾਈਨਰ
ਇਸ ਆਈਲਾਈਨਰ ਨੂੰ ਵਿਆਹ/ਪਾਰਟੀਆਂ ਵਿੱਚ ਲਗਾਇਆ ਜਾਂਦਾ ਹੈ। ਇਹ ਬਹੁਤ ਸੁੰਦਰ ਦਿਸਦਾ ਹੈ। ਇਸ ਨੂੰ ਲਗਾਉਣ ਦੇ ਲਈ ਸਾਧਾਰਣ ਆਈਲਾਈਨਰ ਨੂੰ ਲਗਾਓ। ਇਸ ਦੇ ਬਾਅਦ ਆਈਲਾਈਨਰ ਦੇ ਉਪਰ ਵਾਲੇ ਹਿੱਸੇ ਵੱਲ ਗਲਿਟਰ ਲਾਈਨਰਦੀ ਪਤਲੀ ਜਿਹੀ ਰੇਖਾ ਖਿੱਚੋ।
ਬੋਲਡ ਆਈਲਾਈਨਰ
ਇਹ ਆਈਲਾਈਨਰ ਜ਼ਿਆਦਾਤਰ ਸ਼ਾਮ ਵੇਲੇ ਪਾਰਟੀਜ਼ ਵਿੱਚ ਲਗਾਇਆ ਜਾਂਦਾ ਹੈ। ਇਸ ਨੂੰ ਲਗਾਉਣ ਦੇ ਲਈ ਉਪਰਲੀਆਂ ਪਲਕਾਂ ‘ਤੇ ਲਾਈਨਰ ਦੀਆਂ ਦੋ ਰੇਖਾਵਾਂ ਖਿੱਚੋ। ਇਸ ਦੇ ਬਾਅਦ ਵਿਚਕਾਰ ਲਾਈਨਰ ਨੂੰ ਡਾਰਕ ਕਰ ਦਿਓ।
ਫਿਸ਼ੀ ਟੇਲ ਆਈਲਾਈਨਰ
ਇਸ ਆਈਲਾਈਨਰ ਦਾ ਰਿਵਾਜ ਤੇਜ਼ੀ ਨਾਲ ਵਧ ਰਿਹਾ ਹੈ। ਇਸ ਨੂੰ ਲਗਾਉਣ ਲਈ ਦੋਵਾਂ ਪਲਕਾਂ ਦੇ ਕਿਨਾਰੇ ਤੋਂ ਦੋ ਰੇਖਾਵਾਂ ਖਿੱਚੋ ਅਤੇ ਉਨ੍ਹਾਂ ਨੂੰ ਥੋੜ੍ਹਾ ਉਪਰ ਵੱਲ ਲਿਜਾ ਕੇ ਡਾਰਕ ਕਰੋ।