ਸੜਕ ਹਾਦਸੇ ਵਿੱਚ ਸਾਬਕਾ ਵਿਧਾਇਕ ਅਤੇ ਗਾਇਕ ਮੁਹੰਮਦ ਸਦੀਕ ਜ਼ਖਮੀ


ਜੈਤੋ, 14 ਨਵੰਬਰ, (ਪੋਸਟ ਬਿਊਰੋ)- ਨੇੜਲੇ ਪਿੰਡ ਚੈਨਾ ਵਿਖੇ ਅੱਜ ਸਾਬਕਾ ਵਿਧਾਇਕ ਤੇ ਜੈਤੋ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਮੁਹੰਮਦ ਸਦੀਕ ਦੀ ਇਨੋਵਾ ਕਰਿਸਟਾ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਸਦੀਕ ਨੂੰ ਵੀ ਸੱਟਾਂ ਲੱਗੀਆਂ ਤੇ ਉਨ੍ਹਾਂ ਦੇ ਗੰਨਮੈਨ ਤੇ ਡਰਾਈਵਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਲੁਧਿਆਣਾ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਸਦੀਕ ਦਾ ਜਬਾੜ੍ਹਾ ਟੁੱਟਣ ਦੀ ਪੁਸ਼ਟੀ ਹੋਈ ਹੈ ਅਤੇ ਮੁਹੰਮਦ ਸਦੀਕ ਦੀ ਛਾਤੀ ਵਿਚ ਦਰਦ ਅਤੇ ਲੱਤਾਂ ਉੱਤੇ ਸੋਜ਼ ਆਉਣ ਬਾਰੇ ਵੀ ਪਤਾ ਲੱਗਾ ਹੈ।
ਮਿਲੀ ਜਾਣਕਾਰੀ ਅਨੁਸਾਰ ਮੁਹੰਮਦ ਸਦੀਕ ਡੇਲਿਆਂ ਵਾਲੀ ਪਿੰਡ ਤੋਂ ਭਗਤੂਆਣਾ ਜਾ ਰਹੇ ਸਨ ਤਾਂ ਰਸਤੇ ਵਿਚ ਪਿੰਡ ਚੈਨਾ ਦੀ ਫਿਰਨੀ ਉੱਤੇ ਉਨ੍ਹਾਂ ਦੀ ਗੱਡੀ ਦਾ ਟਾਇਰ ਫੱਟ ਗਿਆ। ਇਸ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਇਕ ਇਮਾਰਤ ਨਾਲ ਜਾ ਵੱਜੀ। ਇਸ ਹਾਦਸੇ ਵਿੱਚ ਗੱਡੀ ਦੇ ਏਅਰ ਬੈਗ ਵੀ ਮੌਕੇ ਉੱਤੇ ਖੁੱਲ੍ਹ ਗਏ, ਪਰ ਇਸ ਦੇ ਬਾਵਜੂਦ ਅਗਲੀਆਂ ਸੀਟਾਂ ਉੱਤੇ ਬੈਠੇ ਗੰਨਮੈਨ ਤੇ ਡਰਾਈਵਰ ਜ਼ਖ਼ਮੀ ਹੋ ਗਏ। ਮੁਹੰਮਦ ਸਦੀਕ, ਜੋ ਪਿਛਲੀ ਸੀਟ ਉੱਤੇ ਬੈਠੇ ਹੋਏ ਸਨ, ਦੇ ਵੀ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ ਤੇ ਉਹ ਹਸਪਤਾਲ ਦਾਖਲ ਹਨ।