ਸੜਕ ਹਾਦਸੇ ਵਿੱਚ ਇੱਕੋ ਪਰਵਾਰ ਦੇ ਚਾਰ ਜੀਅ ਹਲਾਕ


ਚੰਡੀਗੜ੍ਹ, 31 ਮਾਰਚ (ਪੋਸਟ ਬਿਊਰੋ)- ਰਾਜਪੁਰਾ, ਖੰਨਾ ਤੇ ਫਗਵਾੜਾ ਵਿੱਚ ਵਾਪਰੇ ਤਿੰਨ ਵੱਖੋ-ਵੱਖਰੇ ਹਾਦਸਿਆਂ ‘ਚ 9 ਵਿਅਕਤੀ ਹਲਾਕ ਹੋ ਗਏ। ਇਨ੍ਹਾਂ ਵਿੱਚ ਦੋ ਬੱਚੇ, ਦੋ ਜੋੜੇ ਅਤੇ ਤਿੰਨ ਨੌਜਵਾਨ ਸ਼ਾਮਲ ਹਨ।
ਬਾਬਾ ਬੰਦਾ ਸਿੰਘ ਬਹਾਦਰ ਮਾਰਗ ਦੇ ਪਿੰਡ ਤੇਪਲਾ ਨੇੜੇ ਇਕ ਕਾਰ ਦੀ ਮੋਟਰ ਸਾਈਕਲ ਨਾਲ ਟੱਕਰ ਹੋਣ ਕਾਰਨ ਮੋਟਰ ਸਾਈਕਲ ਉਤੇ ਸਵਾਰ ਪਤੀ, ਪਤਨੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਪਿੰਡ ਸੋਗਲਪੁਰ ਥਾਣਾ ਘਨੌਰ ਦਾ ਦਵਿੰਦਰ ਕੁਮਾਰ ਸ਼ਰਮਾ (30), ਜਿਹੜਾ ਹਿੰਦੁਸਤਾਨ ਲੀਵਰ ਫੈਕਟਰੀ ਵਿੱਚ ਕੰਮ ਕਰਦਾ ਸੀ, ਕੱਲ੍ਹ ਸਵੇਰੇ ਆਪਣੀ ਪਤਨੀ ਸ਼ਿਵਾਨੀ (28), ਲੜਕੀ ਮੀਨਾਕਸ਼ੀ (2) ਅਤੇ ਪੁੱਤਰ ਸੁਮਿਤ ਸ਼ਰਮਾ (ਅੱਠ ਮਹੀਨੇ), ਮਨਸਾ ਦੇਵੀ (ਪੰਚਕੂਲਾ) ਮੱਥਾ ਟੇਕਣ ਜਾ ਰਹੇ ਸਨ। ਪਿੰਡ ਤੇਪਲਾ ਨੇੜੇ ਸਾਹਮਣੇ ਤੋਂ ਆਈ ਤੇਜ਼ ਰਫਤਾਰ ਕਾਰ ਦੇ ਚਾਲਕ ਨੇ ਅੱਗੇ ਜਾਂਦੇ ਵਾਹਨ ਨੂੰ ਓਵਰ ਟੇਕ ਕਰਨ ਦੀ ਕੋਸ਼ਿਸ਼ ਵਿੱਚ ਦਵਿੰਦਰ ਕੁਮਾਰ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਤਿੰਨ ਜੀਆਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਗੰਭੀਰ ਜ਼ਖਮੀ ਬੱਚੀ ਮੀਨਾਕਸ਼ੀ ਨੇ ਸੈਕਟਰ 32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜਿਆ। ਥਾਣਾ ਸ਼ੰਭੂ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਸੁਖਵਿੰਦਰ ਸਿੰਘ ਵਾਸੀ ਸੋਹਾਣਾ ਉੱਤੇ ਕੇਸ ਦਰਜ ਕਰਕੇ ਉਸ ਨੂੰ ਫੜ ਲਿਆ ਹੈ। ਮ੍ਰਿਤਕ ਦਵਿੰਤਰ ਕੁਮਾਰ ਦੀ ਪੰਜ ਸਾਲਾ ਲੜਕੀ, ਜੋ ਕੱਲ੍ਹ ਦਾਦਾ-ਦਾਦੀ ਕੋਲ ਘਰ ਰਹਿ ਗਈ ਸੀ, ਬਚ ਗਈ ਹੈ।
ਮਾਡਲ ਟਾਊਨ ਰਾਜਪੁਰਾ ਦੇ ਅਮਰੀਕ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਜਦੋਂ ਸਕੂਟਰ ‘ਤੇ ਮਾਡਲ ਟਾਊਨ ਜਾ ਰਹੇ ਸਨ ਤਾਂ ਪਿੱਛੋਂ ਆਏ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੂੰ ਹਸਪਤਾਲ ਪੁਚਾਇਆ ਗਿਆ, ਜਿਥੇ ਉਨ੍ਹਾਂ ਦਮ ਤੋੜ ਦਿੱਤਾ।
ਬੀਤੀ ਰਾਤ ਪਿੰਡ ਚੱਕ ਹਕੀਮ ਲਾਗੇ ਦੋ ਮੋਟਰ ਸਾਈਕਲ ਸਵਾਰਾਂ ਦੀ ਆਪਸੀ ਟੱਕਰ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਚੌਥਾ ਗੰਭੀਰ ਜ਼ਖਮੀ ਹੋ ਗਿਆ। ਜਾਂਚ ਅਧਿਕਾਰੀ ਜਸਬੀਰ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਪੁੱਤਰ ਨਿਰਮਲ ਦਾਸ ਵਾਸੀ ਚੱਕ ਹਕੀਮ ਫਗਵਾੜਾ ਤੋਂ ਮੋਟਰ ਸਾਈਕਲ ‘ਤੇ ਦੁੱਧ ਲੈ ਕੇ ਆਪਣੇ ਘਰ ਜਾ ਰਿਹਾ ਸੀ ਤਾਂ ਦੂਸਰੇ ਪਾਸਿਉਂ ਆਏ ਮੋਟਰ ਸਾਈਕਲ ਨਾਲ ਟੱਕਰ ਹੋ ਗਈ। ਉਸ ‘ਤੇ ਤਿੰਨ ਨੌਜਵਾਨ ਸਵਾਰ ਸਨ। ਟੱਕਰ ਮਗਰੋਂ ਉਨ੍ਹਾਂ ‘ਟੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਮੁਕੇਸ਼ ਕੁਮਾਰ (28) ਪੁੱਤਰ ਲਾਲ ਬਹਾਦੁਰ ਵਾਸੀ ਖੋਥੜਾ ਅਤੇ ਅਜੈ ਕੁਮਾਰ ਪੁੱਤਰ ਪਿਆਰਾ ਰਾਮ ਵਾਸੀ ਜੱਸੋਮਜਾਰਾ ਵਜੋਂ ਹੋਈ ਹੈ। ਜ਼ਖਮੀ ਹੋਏ ਪਵਨ ਕੁਮਾਰ ਵਾਸੀ ਖੋਥੜਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।